ਨਾਬਾਲਗ ਰਿਸ਼ਤੇਦਾਰ ਕੁੜੀ ਨਾਲ ਕੀਤੇ ਕੁਕਰਮ ਤੇ ਨਵ -ਜੰਮੇ ਬੱਚੇ ਨੂੰ ਕਤਲ ਕਰਨ ਦੇ ਦੋਸ਼
ਨਿਊਯਾਰਕ —ਆਪਣੀ ਨਾਬਾਲਗ ਰਿਸ਼ਤੇਦਾਰ ਕੁੜੀ (Cousin) ਨਾਲ ਕੀਤੇ ਕੁਕਰਮ ਤੋਂ ਬਾਅਦ ਹੋਏ ਬੱਚੇ ਦੇ ਕਤਲ ਦੇ ਦੋਸ਼ ਹੇਠ ਬੀਤੇ 2 ਸਾਲਾਂ ਤੋ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਬੇਕਰਜ਼ਫੀਲਡ ਤੋ ਭਗੋੜੇ ਬਖਸ਼ਿੰਦਰ ਪਾਲ ਸਿੰਘ ਮਾਨ (26) ਸਾਲ ਨੂੰ ਕੈਨੇਡਾ ਦੀ ਪੀਲ ਪੁਲਿਸ ਨੇ ਕੈਨੇਡੀਅਨ ਬਾਰਡਰ ਅਧਿਕਾਰੀਆਂ (ਸੀਬੀਐਸਏ) ਦੀ ਮੱਦਦ ਨਾਲ ਮਿਲ ਕੇ ਗ੍ਰਿਫਤਾਰ ਕਰਕੇ ਅਮਰੀਕਨ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਹੈ ।ਦੱਸਣਯੋਗ ਹੈ ਕਿ ਨਵੰਬਰ ਦੀ ਲੰਘੀ ਸੰਨ 2018 ਚ’ ਉਸ ਨੇ ਆਪਣੀ ਨਾਬਾਲਗ ਰਿਸ਼ਤੇਦਾਰ ਕੁੜੀ ਤੋ ਪੈਦਾ ਹੋਏ ਆਪਣੇ ਨਵ ਜੰਮੇ ਬੱਚੇ ਦੇ ਕੁੜੀ ਦੇ ਘਰ ਦੀ ਬੈਕਯਾਰਡ ਵਿੱਚ ਮ੍ਰਿਤਕ ਪਾਏ ਜਾਣ ਤੋ ਬਾਅਦ ਬਖਸ਼ਿੰਦਰ ਪਾਲ ਸਿੰਘ ਕੈਲੀਫੋਰਨੀਆ ਤੋ ਭੱਜਕੇ ਕੈਨੇਡਾ ਆ ਗਿਆ ਸੀ ਤੇ ਬਰੈਂਪਟਨ ਰਹਿ ਰਿਹਾ ਸੀ । ਬਖਸ਼ਿੰਦਰ ਪਾਲ ਸਿੰਘ ਆਪਣੇ ਗਿੱਟੇ ਨਾਲ ਲੱਗੇ ਪੁਲਿਸ ਵੱਲੋਂ ਜੀਪੀਐਸ ਨੂੰ ਸੁੱਟਕੇ ਫਰਾਰ ਹੋ ਗਿਆ ਸੀ । ਇਸ ਘਟਨਾ ਵਿੱਚ ਨਵੰਬਰ 2018 ਵਿਖੇ ਕੈਲੀਫੋਰਨੀਆ ਦੇ ਸ਼ਹਿਰ ਬੇਕਰਜ਼ਫੀਲਡ ਵਿਖੇ ਇੱਕ ਘਰ ਦੀ ਬੈਕਯਾਰਡ ਵਿੱਚ ਇੱਕ ਨਵ ਜੰਮੇ ਬੱਚੇ ਨੂੰ ਦਫਨ ਕਰ ਦਿੱਤਾ ਗਿਆ ਸੀ ਜਿਸ ਦੇ ਦੋਸ਼ ਵਿੱਚ ਬੱਚੇ ਦੀ ਨਾਨੀ ਬੇਅੰਤ ਧਾਲੀਵਾਲ ਨੂੰ 25 ਸਾਲ ਦੀ ਸਜ਼ਾ ਹੋਈ ਸੀ , ਇਸੇ ਮਾਮਲੇ ਵਿੱਚ ਬਖਸ਼ਿੰਦਰ ਪਾਲ ਸਿੰਘ ਭਗੌੜਾ ਹੋ ਗਿਆ ਸੀ ਜੋ ਹੁਣ ਬਰੈਂਪਟਨ ਤੋਂ ਕਾਬੂ ਆਇਆ ਹੈ ।ਇਸ ਮਾਮਲੇ ਵਿੱਚ ਬੇਅੰਤ ਧਾਲੀਵਾਲ ਨੂੰ ਅਦਾਲਤ ਨੇ ਦੋਸ਼ੀ ਗਰਦਾਨਿਆ ਸੀ । ਇਸ ਮਾਮਲੇ ਵਿੱਚ ਸਹਿ ਦੋਸ਼ੀ ਵਜੋ ਨਾਮਜ਼ਦ ਕੁੜੀ ਦੇ ਨਾਨਾ ਜਗਸੀਰ ਸਿੰਘ ਵੱਲੋ ਬਾਅਦ ਵਿੱਚ ਖੁਦਕੁਸ਼ੀ ਕਰ ਲਈ ਗਈ ਸੀ । ਪਿਛਲੇ ਦਿਨੀਂ ਬਰੈਂਪਟਨ ਤੋ ਪੀਲ ਪੁਲਿਸ ਨੂੰ ਸਥਾਨਕ ਲੋਕਾਂ ਵੱਲੋ ਗੁਪਤ ਸੂਚਨਾ ਦਿੱਤੀ ਗਈ ਸੀ ਕਿ ਅਮਰੀਕਾ ਤੋ ਇਕ ਭਗੋੜਾ ਇੱਕ ਨੋਜਵਾਨ ਬਰੈਂਪਟਨ ਵਿਖੇ ਰਹਿ ਰਿਹਾ ਹੈ ਜਿਸਤੋਂ ਬਾਅਦ ਪੂਰੀ ਤਫ਼ਤੀਸ਼ ਕਰਨ ਤੇ ਇਹ ਗ੍ਰਿਫਤਾਰੀ ਹੋਈ ਸੀ।