ਵੰਡਨਾਮਾ ਦਾ ਅੰਗਰੇਜ਼ੀ ਰੂਪ ਲੋਕ-ਅਰਪਣ

1947 ਦੀ ਵੰਡ ਬਾਰੇ ਹਰਵਿੰਦਰ ਸਿੰਘ ਭੱਟੀ ਦੁਆਰਾ ਲਿਖੀ ਪੁਸਤਕ ਵੰਡਨਾਮਾ ਦਾ ਅੰਗਰੇਜ਼ੀ ਤਰਜ਼ਮਾ ਅੱਜ ਇਥੇ ਕੇਂਦਰੀ ਸਿੰਘ ਸਭਾ ,28 ਸੈਕਟਰ ਚੰਡੀਗੜ੍ਹ ਵਿਖੇ ਸ. ਸਵਰਨ ਸਿੰਘ ਬੋਪਾਰਾਏ ਸਾਬਕਾ ਵਾਈਸ ਚਾਂਸਲਰ ਵੱਲੋਂ ਲੋਕ ਅਰਪਣ ਕੀਤਾ ਗਿਆ।
ਇਹ ਕਿਤਾਬ ਪਹਿਲਾਂ ਗੁਰਮੁਖੀ ਵਿਚ ਲਿਖੀ ਗਈ ਸੀ, ਫਿਰ ਇਸਦਾ ਸ਼ਾਹਮੁਖੀ ਰੂਪਾਂਤਰਣ ਵੀ ਛਾਪਿਆ ਗਿਆ ਤੇ ਹੁਣ ਇਸਦਾ ਅੰਗਰੇਜ਼ੀ ਤਰਜਮਾ ਡਾ. ਕੁਮੂਲ ਅੱਬੀ ਵੱਲੋ ਕੀਤਾ ਗਿਆ ਹੈ, ਜੋ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਸਮਾਜ ਵਗਿਆਨ ਵਿਭਾਗ ਵਿਚ ਪਰੋਫੈਸਰ ਹਨ।
ਸ. ਸਵਰਨ ਸਿੰਘ ਬੋਪਾਰਾਏ ਨੇ ਇਸ ਕਿਤਾਬ ਦੇ ਲੋਕ ਅਰਪਣ ਦੇ ਮੌਕੇ ਤੇ ਬੋਲਦਿਆਂ ਕਿਹਾ ਕਿ 1947 ਦੀ ਵੰਡ ਸਾਉਥ ਏਸ਼ੀਆ ਰੀਜਨ ਵਿਚ ਬਹੁਤ ਤਬਾਹਕੁੰਨ ਘਟਨਾ ਸੀ। ਪੰਜਾਬੀ ਭਾਈਚਾਰਾ ਖਾਸ ਕਰਕੇ ਸਿੱਖ ਭਾਈਚਾਰਾ ਇਸ ਮੂਰਖਾਨਾ ਫੈਸਲੇ ਦੇ ਮੁੱਖ ਸ਼ਿਕਾਰ ਬਣੇ। ਲੱਖਾਂ ਕਰੋੜਾਂ ਲੋਕ ਅਪਣੀ ਜਨਮ ਭੂਮੀ ਤੋ ਉਜਾੜੇ ਗਏ, ਮਾਰੇ ਗਏ ਤੇ ਬੇਘਰ ਕੀਤੇ ਗਏ। ਲੱਖਾਂ ਔਰਤਾਂ, ਬੱਚੇ ਤੇ ਹੋਰ ਕਮਜੋਰ ਲੋਕਾਂ ਨੇ ਅਣਸੁਣੀਆਂ ਅਣਕਿਆਸੀਆਂ ਮੁਸ਼ਕਲਾਂ ਝੱਲੀਆਂ, ਇਥੋਂ ਤੱਕ ਕਿ 75 ਸਾਲਾਂ ਬਾਅਦ ਵੀ ਇਸਦੇ ਜ਼ਖਮ ਅਜੇ ਤਾਜ਼ੇ ਹਨ। ਇਸ ਕਾਰਨ ਹਿੱਲਿਆ ਸਿਆਸੀ, ਸੱਭਿਆਚਾਰਕ ਅਤੇ ਮਾਨਸਿਕ ਸੰਤੁਲਨ ਅੱਜ ਵੀ ਪੰਜਾਬੀ ਭਾਈਚਾਰੇ ਦੇ ਜੀਵਨ ਨੂੰ ਦੁਨੀਆ ਭਰ ਵਿਚ ਪ੍ਰਭਾਵਿਤ ਕਰ ਰਿਹਾ ਹੈ। ਇਹ ਕਿਤਾਬ ਇਹਨਾਂ ਜ਼ਖਮਾਂ ਉੱਤੇ ਮਰਹਮ ਲਗਾਉਣ ਦਾ ਇਕ ਯਤਨ ਹੈ ਅਤੇ ਵੰਡ ਕਾਰਨ ਲੋਕਾਂ ਦੇ ਮਨਾਂ ਵਿਚ ਪਈਆਂ ਵੰਡੀਆਂ ਨੂੰ ਮਿਟਾਉਣ ਦੀ ਕੋਸ਼ਿਸ਼ ਹੈ। ਇਸ ਵਿਚ ਸ਼ੱਕ ਨਹੀ ਕਿ ਇਹ ਸਰਵ ਸਾਂਝੀਵਾਲਤਾ, ਇਨਸਾਨੀਅਤ ਅਤੇ ਰੂਹਾਨੀਅਤ ਤੇ ਆਧਰਿਤ ਚੇਤਨਾ ਜਗਾਉਣ ਵਿਚ ਅਹਿਮ ਹਿੱਸਾ ਪਾਵੇਗੀ।

ਬਹੁਤ ਸਾਰੇ ਵਿਦਵਾਨਾਂ ਨੇ ਇਸ ਮੌਕੇ ਤੇ ਵਿਚਾਰ ਪਰਗਟ ਕੀਤੇ ਜਿਹਨਾਂ ਵਿਚ ਡਾ. ਤੇਜਵੰਤ ਸਿੰਘ ਮਾਨ ਨੇ ਕਿਤਾਬ ਤੇ ਟਿਪਣੀ ਕਰਦਿਆਂ ਕਿਹਾ ਕਿ ਇਹ ਸਾਹਿਤਕ ਰਚਨਾ ਬਹੁਤ ਸਾਦੀ ਅਤੇ ਲੋਕ ਭਾਸ਼ਾ ਵਿਚ ਲਿਖੀ ਗਈ ਹੈ ਜਿਸ ਕਰਕੇ ਇਸਦੀ ਅਪੀਲ ਵੱਡੇਰੇ ਪੰਜਾਬੀ ਪਾਠਕ ਘੇਰੇ ਤੱਕ ਹੈ। ਉਸਨੇ ਕਿਹਾ ਕਿ ਅਜਿਹਾ ਸਾਹਿਤ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀ ਪੱਧਰ ਤੇ ਪੜ੍ਹਾਇਆ ਜਾਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀਆਂ ਨਸਲਾਂ ਨੂੰ ਫਿਰਕਾਪ੍ਰਸਤੀ ਦੇ ਖਤਰਿਆਂ ਪ੍ਰਤੀ ਸੁਚੇਤ ਕੀਤਾ ਜਾ ਸਕੇ।
ਡਾ. ਭਗਵੰਤ ਸਿੰਘ ਨੇ ਰਚਨਾ ਦੀਆਂ ਸਾਹਿਤਕ ਵਿਸ਼ੇਸ਼ਤਾਈਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਰਚਨਾ ਪੰਜਾਬੀ ਸਾਹਿਤ ਜਗਤ ਵਿੱਚ ਪਹਿਲਾਂ ਹੀ ਇਕ ਮਹੱਤਵਪੂਰਨ ਰੁਤਬਾ ਹਾਸਲ ਕਰ ਚੁਕੀ ਹੈ ਇਸਦਾ ਤਰਜਮਾ ਅੰਗਰੇਜ਼ੀ ਬੋਲਦੇ ਖਾਸ ਕਰਕੇ ਡਿਆਸਪੋਰਾ ਪੰਜਾਬੀਆਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ, ਵੰਡ ਦਾ ਸ਼ਿਕਾਰ ਹੋਏ ਲੋਕਾਂ ਦੇ ਦਰਦ ਅਤੇ ਪੀੜਾ ਨੂੰ ਸਮਝਣ ਵਿਚ ਸਹਾਈ ਹੋਵੇਗਾ।

ਡਾ. ਗੁਰਭੇਜ ਸਿੰਘ ਗੁਰਾਇਆ ਨੇ ਅੰਗਰੇਜ਼ ਹਾਕਮਾਂ ਦੇ ਫਿਰਕੂ ਮਨਸੂਬਿਆਂ ਦੀ ਸੱਚੀ ਤੇ ਬੇਬਾਕ ਪੇਸ਼ਕਾਰੀ ਦੀ ਸਿਫਤ ਕਰਦਿਆਂ ਪੰਜਾਬੀ ਸੱਤਾਧਾਰੀਆਂ ਦੀ ਇਹਨਾਂ ਮਨਸੂਬਿਆਂ ਨਾ ਸਮਝ ਸਕਣ ਲਈ ਆਲੋਚਨਾ ਕੀਤੀ।
ਪਰੋਫੈਸਰ ਕੁਮੂਲ ਅੱਬੀ ਨੇ ਪੰਜਾਬੀ ਤੋ ਅੰਗਰੇਜ਼ੀ ਵਿਚ ਤਰਜ਼ਮਾ ਕਰਨ ਦੀਆਂ ਸਮੱਸਿਆਵਾਂ ਦੀ ਚਰਚਾ ਕੀਤੀ, ਖਾਸ ਕਰਕੇ ਠੇਠ ਪੰਜਾਬੀ, ਜਿਸ ਵਿਚ ਇਹ ਕਿਤਾਬ ਲਿਖੀ ਗਈ ਹੈ ਤੋ ਅੰਗਰੇਜ਼ੀ ਵਿਚ ਤਰਜ਼ਮਾ ਕਰਨ ਦਾ ਅਨੁਭਵ ਸਾਂਝਾ ਕੀਤਾ।

ਡਾ. ਸਵਰਾਜ ਸਿੰਘ (ਯੂ. ਐਸ. ਏ.) ਨੇ ਸਾਮਰਾਜਵਾਦੀ ਮਨਸੂਬਿਆਂ ਦਾ ਜ਼ਿਕਰ ਕਰਦਿਆਂ ਕਿਹਾ ਜਿਹੜੇ ਕਿ ਇਹ ਅਜੇ ਵੀ ਜਾਰੀ ਹਨ, ਉਹਨਾਂ ਪੰਜਾਬੀ ਭਾਈਚਾਰੇ ਨੂੰ ਆਪਣੀਆਂ ਮੌਜੂਦਾ ਸਮੱਸਿਆਵਾਂ ਨੂੰ ਹੱਲ ਕਰਨ ਲਈ ਆਪਣੇ ਸਿੱਖ ਵਿਰਸੇ ਤੇ ਟੇਕ ਰੱਖਣ ਦੀ ਅਪੀਲ ਕੀਤੀ।
ਇਸਤੋਂ ਇਲਾਵਾ ਸ. ਜਸਪਾਲ ਸਿੰਘ ਸਿੱਧੂ, ਡਾ. ਮੇਘਾ ਸਿੰਘ, ਸ. ਰਾਜਵਿੰਦਰ ਸਿੰਘ ਰਾਹੀ ਨੇ ਜੋਰ ਦਿੱਤਾ ਕਿ ਪੰਜਾਬੀ ਭਾਈਚਾਰਾ ਅੱਜ ਵੀ ਆਪਣੀ ਹੋਂਦ ਬਚਾਉਣ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਵੰਡ ਦੇ ਸਮੇ ਤੋਂ ਲੈ ਕੇ ਅੱਜ ਤੱਕ ਪੰਜਾਬ ਨੂੰ ਖਾਸ ਕਰਕੇ ਪੂਰਬੀ ਪੰਜਾਬ ਨੂੰ ਬਹੁਤ ਸਾਰੇ ਸੰਕਟਾਂ ਦਾ ਸਾਹਮਣਾ ਕਰਨਾ ਪਿਆ ਹੈ। ਅੱਜ ਵੀ ਪੰਜਾਬ ਦਾ ਵਾਤਾਵਰਨ, ਸਮਾਜ ਤੇ ਸੱਭਿਆਚਾਰ ਬਹੁਪੱਖੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਹ ਸਮੇ ਦੀ ਲੋੜ ਹੈ ਕਿ ਪੰਜਾਬੀ ਬੁਧੀਜੀਵੀ ਇਕੱਠੇ ਹੋ ਕੇ ਪੰਜਾਬੀਆਂ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਦਰਪੇਸ਼ ਹੋਣ ਵਾਲੇ ਖਤਰਿਆਂ ਤੋਂ ਸੁਚੇਤ ਕਰਨ।
ਬੁਲਾਰਿਆਂ ਨੇ ਪਰੋਫੈਸਰ ਸ਼ਾਮ ਸਿੰਘ ਤੇ ਸ. ਖੁਸ਼ਹਾਲ ਸਿੰਘ ਦੇ ਯਤਨਾਂ ਤੇ ਪਰੋਗਰਾਮ ਕਰਵਾਉਣ ਲਈ ਧੰਨਵਾਦ ਕੀਤਾ।

Install Punjabi Akhbar App

Install
×