ਨਿਊਜ਼ੀਲੈਂਡ ਦੇ ਕੌਮੀ ਦਿਵਸ (6 ਫਰਵਰੀ) ਤੋਂ ਆਸਟ੍ਰੇਲੀਆ ਨੂੰ ਲੈਣਾ ਚਾਹੀਦਾ ਸਬਕ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਨਿਊਜ਼ਲੈਂਡ ਆਉਣ ਵਾਲੇ ਕੱਲ੍ਹ -6 ਫਰਵਰੀ, ਨੂੰ ਬ੍ਰਿਟਿਸ਼ ਅਤੇ ਇੱਥੋਂ ਦੇ ਮਾਓਰੀ ਲੋਕਾਂ ਵਿਚਕਾਰ ਹੋਈ ਸੰਧੀ (6 ਫਰਵਰੀ 1840 -ਵੈਤਾਂਗੀ ਦੀ ਸੰਧੀ) ਦੀ 181ਵੀਂ ਵਰ੍ਹੇਗੰਢ ਮਨਾਉਣ ਜਾ ਰਿਹਾ ਹੈ ਜਿਸ ਦੇ ਤਹਿਤ ਉਸ ਵੇਲੇ ਬ੍ਰਿਟਿਸ਼ ਕਰਾਊਨ ਅਤੇ 540 ਮਾਓਰੀ ਲੋਕਾਂ ਵਿਚਾਲੇ ਨਵੀਆਂ ਬ੍ਰਿਟਿਸ਼ ਬਸਤੀਆਂ ਬਣਾਉਣ ਬਾਰੇ ਇੱਕ ਸੰਧੀ ਕੀਤੀ ਗਈ ਸੀ। ਉਹ ਦਸਤਾਵੇਜ਼ ਅੱਜ ਵੀ ਨਿਊਜ਼ੀਲੈਂਡ ਸਰਕਾਰ ਕੋਲ ਸੰਭਾਲ ਕੇ ਰੱਖਿਆ ਹੋਇਆ ਹੈ। ਇਹੀ ਗੱਲ ਨਿਊਜ਼ੀਲੈਂਡ ਨੂੰ ਆਸਟ੍ਰੇਲੀਆ ਦੇ ‘ਆਸਟ੍ਰੇਲੀਆ ਡੇਅ’ ਮਨਾਉਣ ਤੋਂ ਵੱਖਰਾ ਕਰਦੀ ਹੈ ਕਿਉਂਕਿ ਆਸਟ੍ਰੇਲੀਆ ਵਿੱਚ ਕਦੇ ਵੀ ਅਜਿਹਾ ਕੋਈ ਸਮਝੌਤਾ ਹੋਇਆ ਹੀ ਨਹੀਂ ਅਤੇ ਕਤਲੋ-ਗਾਰਤ ਨੂੰ ਆਸਟ੍ਰੇਲੀਆ ਡੇਅ ਕਰਕੇ ਮਨਾਇਆ ਜਾਂਦਾ ਹੈ ਅਤੇ ਜਿਹੜਾ ਕਿ ਹਮੇਸ਼ਾ ਹੀ ਐਬੋਰਿਜਨਲ ਲੋਕਾਂ ਦੇ ਮਨਾਂ ਅੰਦਰ ਟੀਸ ਪੈਦਾ ਕਰਦਾ ਰਹਿੰਦਾ ਹੈ। ਉਧਰ ਨਿਊਜ਼ੀਲੈਂਡ ਵਿੱਚ ਵੀ ਮੰਨਣਾ ਇਹੋ ਹੈ ਕਿ ਅੰਗ੍ਰੇਜ਼ਾਂ ਨੇ ਜਦੋਂ ਵੈਤਾਂਗੀ ਦੀ ਸੰਧੀ ਕੀਤੀ ਸੀ ਤਾਂ ਕੀਤਾ ਧੋਖਾ ਹੀ ਸੀ ਕਿਉਂਕਿ ਦਸਤਾਵੇਜ਼ ਜੋ ਕਿ ਦੋ ਭਾਸ਼ਾਵਾਂ ਵਿੱਚ ਸਨ -ਇੱਕ ਅੰਗ੍ਰੇਜ਼ੀ ਅਤੇ ਇੱਕ ਮਾਓਰੀ ਭਾਸ਼ਾ ਵਿੱਚ ਪਰੰਤੂ ਮਾਓਰੀ ਭਾਸ਼ਾ ਵਾਲੇ ਦਸਤਾਵੇਜ਼ ਵਿੱਚ ਅੰਗ੍ਰੇਜ਼ੀ ਦੇ ਦਸਤਾਵੇਜ਼ ਨਾਲੋਂ ਵੱਖਰੀ ਸ਼ਬਦਾਵਲੀ ਦਾ ਪ੍ਰਯੋਗ ਵੀ ਕੀਤਾ ਗਿਆ ਸੀ ਜਿਹੜਾ ਕਿ ਬਹੁਤ ਜ਼ਿਆਦਾ ਬਹਿਸ ਦਾ ਵਿਸ਼ਾ ਹੈ। ਸੱਚ ਇਹ ਵੀ ਹੈ ਕਿ ਅੰਗ੍ਰੇਜ਼ੀ ਭਾਸ਼ਾ ਵਾਲੇ ਦਸਤਾਵੇਜ਼ ਉਪਰ ਮਹਿਜ਼ 30 ਲੋਕਾਂ ਦੇ ਹੀ ਹਸਤਾਖਰ ਹਨ। ਸੰਧੀ ਵਿੱਚ ਬੇਸ਼ੱਕ ਮਾਓਰੀ ਲੋਕਾਂ ਨੇ ਆਪਣੀ ਜ਼ਮੀਨ ਵੇਚਣ ਅਤੇ ਇੱਥੇ ਬ੍ਰਿਟਿਸ਼ ਬਸਤੀਆਂ ਵਸਾਉਣ ਦੀ ਆਗਿਆ ਦਿੱਤੀ ਸੀ ਪਰੰਤੂ ਇਸ ਦੇ ਤਹਿਤ ਉਨ੍ਹਾਂ ਨੂੰ, ਆਪਣੀ ਰਿਵਾਇਤੀ ਜ਼ਮੀਨ, ਜੰਗਲ, ਮੱਛੀਆਂ ਆਦਿ ਦੀਆਂ ਥਾਵਾਂ ਅਤੇ ਹੋਰ ਰਿਵਾਇਤੀ ਥਾਵਾਂ ਆਦਿ ਦਾ ਪੂਰਨ ਅਧਿਕਾਰੀ ਦਿੱਤਾ ਗਿਆ ਸੀ ਪਰੰਤੂ ਮਾਓਰੀ ਭਾਸ਼ਾ ਅੰਦਰ ਕੁੱਝ ਅਜਿਹੀਆਂ ਹੀ ਗੱਲਾਂ ਨੂੰ ਲੁਕਾ ਛੁਪਾ ਲਿਆ ਗਿਆ ਸੀ ਅਤੇ ਮਾਓਰੀ ਲੋਕਾਂ ਉਪਰ ਜ਼ਾਹਿਰ ਨਹੀਂ ਹੋਣ ਦਿੱਤਾ ਗਿਆ ਸੀ। 1975 ਵਿੱਚ ਇੱਕ ਉਘੇ ਇਤਿਹਾਸਕਾਰ ਪ੍ਰੋਫੈਸਰ ਮਾਈਕਲ ਬੈਲਗ੍ਰੇਵ ਦੁਆਰਾ ਵੈਤਾਂਗੀ ਸੰਧੀ ਦੀ ਘੋਖ ਪੜਤਾਲ ਕਰਕੇ ਅਜਿਹੇ ਤੱਥ ਕੱਢੇ ਗਏ ਸਨ ਅਤੇ ਅਜਿਹੀਆਂ ਗੱਲਾਂ ਨੂੰ ਦਰਸਾਇਆ ਗਿਆ ਸੀ ਜਿਸ ਨਾਲ ਕਿ ਉਕਤ ਸੰਧੀ ਦਾ ਬ੍ਰਿਟਿਸ਼ਰਾਂ ਵੱਲੋਂ ਸਰਾਸਰ ਉਲੰਘਣ ਕੀਤਾ ਹੋਇਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਬ੍ਰਿਟਿਸ਼ਾਂ ਨੇ ਮਾਓਰੀ ਲੋਕਾਂ ਦੇ ਹੱਕਾਂ ਨੂੰ ਦਬਾਉਣਾ ਸ਼ੁਰੂ ਕੀਤਾ ਤਾਂ 1845 ਤੋਂ ਲੈ ਕੇ 1874 ਤੱਕ ਇੱਥੇ ਮਾਓਰੀ ਲੋਕਾਂ ਵੱਲੋਂ ਵਿਦਰੋਹ ਵੀ ਕੀਤੇ ਗਏ ਅਤੇ ਫੇਰ 1960ਵਿਆਂ ਵਿੱਚ ਮੁੜ ਤੋਂ ਅਜਿਹੀਆਂ ਹੀ ਗਤੀਵਿਧੀਆਂ ਸ਼ੁਰੂ ਹੋ ਗਈਆਂ। ਇਸ ਤੋਂ ਬਾਅਦ, 2014 ਵਿੱਚ ਇਹ ਸਾਫ ਕੀਤਾ ਗਿਆ ਕਿ ਵੈਤਾਂਗੀ ਸੰਧੀ ਮਾਓਰੀ ਲੋਕਾਂ ਦੀ ਪ੍ਰਭੁਸੱਤਾ ਤੋਂ ਅਲੱਗ ਨਹੀਂ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਵੀ ਆ ਰਹੇ ਦਿਨ ਨੂੰ ਮਨਾਉਣ ਲਈ ਆਪਣਾ ਉਤਸਾਹ ਪਹਿਲਾਂ ਦੀ ਤਰ੍ਹਾਂ ਹੀ ਜ਼ਾਹਿਰ ਕੀਤਾ ਹੈ ਅਤੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਅਗਲੇ ਸਾਲਾਂ ਦੋਰਾਨ 24 ਜੂਨ 2022 ਤੋਂ ਮਾਓਰੀ ਨਵੇਂ ਸਾਲ ‘ਮਾਤਾਰਿਕੀ’ ਮੌਕੇ ਤੇ ਜਨਤਕ ਛੁੱਟੀ ਦਾ ਐਲਾਨ ਵੀ ਕੀਤਾ ਜਾ ਰਿਹਾ ਹੈ ਜਿਹੜਾ ਕਿ ਇਤਿਹਾਸ ਵਿੱਚ ਕਦੇ ਨਹੀਂ ਹੋਇਆ ਅਤੇ ਹੁਣ ਪਹਿਲੀ ਵਾਰੀ ਹੋਵੇਗਾ।
ਆਸਟ੍ਰੇਲੀਆ ਅੰਦਰ ਵੀ ਅਜਿਹੀਆਂ ਹੀ ਕੁੱਝ ਆਵਾਜ਼ਾਂ ਐਬੋਰਿਜਨਲ ਅਤੇ ਟੋਰਸ ਆਈਲੈਂਡਰਾਂ ਵੱਲੋਂ ਚੁਕੀਆਂ ਜਾ ਰਹੀਆਂ ਹਨ ਅਤੇ ਵਿਕਟੋਰੀਆ ਅਤੇ ਦੱਖਣੀ-ਆਸਟ੍ਰੇਲੀਆ ਵਰਗੇ ਰਾਜਾਂ ਨੇ ਤਾਂ ਅਜਿਹੀਆਂ ਸੰਧੀਆਂ ਵੱਲ ਕਦਮ ਚੁੱਕਣੇ ਸ਼ੁਰੂ ਵੀ ਕਰ ਦਿੱਤੇ ਹਨ ਪਰੰਤੂ ਕੌਮੀ ਪੱਧਰ ਉਪਰ ਅਜਿਹਾ ਹੋਣਾ ਹਾਲ ਦੀ ਘੜੀ, ਬਾਕੀ ਹੀ ਹੈ ਪਰੰਤੂ ਇਸ ਵੱਲ ਵੀ ਉਮੀਦ ਰੱਖਣਾ ਵੀ ਵਾਜਿਬ ਹੈ ਕਿਉਂਕਿ ਸਮਾਂ ਤਾਂ ਬਦਲਦਾ ਹੀ ਰਹਿੰਦਾ ਹੈ ਅਤੇ ਬਦਲਦੇ ਸਮੇਂ ਦਾ ਇੰਤਜ਼ਾਰ ਕੀਤਾ ਵੀ ਜਾ ਸਕਦਾ ਹੈੇ -ਪਰੰਤੂ ਗਤੀਵਿਧੀਆਂ ਜਾਰੀ ਰੱਖਣੀਆਂ ਵੀ ਮਨੁੱਖ ਦੇ ਸੁਭਾਅ ਦੇ ਨਾਲ ਨਾਲ ਫਰਜ਼ ਵੀ ਬਣਿਆ ਰਹਿਣਾ ਚਾਹੀਦਾ ਹੈ।

Install Punjabi Akhbar App

Install
×