ਸੱਤ ਮਹੀਨਿਆਂ ਤੋਂ ਬਾਅਦ ਪੱਛਮੀ ਆਸਟ੍ਰੇਲੀਆ ਵਿੱਚ ਸ਼ੁਰੂ ਹੋਈਆਂ ਘਰੇਲੂ ਉਡਾਣਾਂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪੱਛਮੀ ਆਸਟ੍ਰੇਲੀਆ ਦੇ ਹਵਾਈ ਅੱਡੇ, ਸੱਤ ਮਹੀਨੇ ਕਰੋਨਾ ਕਾਰਨ ਲਗਾਈਆਂ ਗਈਆਂ ਪਾਬੰਧੀਆਂ ਕਾਰਨ ਬੰਦ ਰਹਿਣ ਪਿੱਛੋਂ ਆਖਿਰਕਾਰ ਅੱਜ ਤੜਕੇ ਸਵੇਰ ਤੋਂ ਅੰਤਰ-ਰਾਜੀ ਉਡਾਣਾਂ ਵਾਸਤੇ ਖੋਲ੍ਹ ਦਿੱਤੇ ਗਏ ਹਨ। ਇਸ ਤੋਂ ਇਲਾਵਾ ਅੱਜ ਬਾਹਰਲੇ ਦੇਸ਼ਾਂ ਤੋਂ ਵੀ 2000 ਯਾਤਰੀ ਆਪਣੇ ਦੇਸ਼ ਵਿੱਚ ਪਰਤ ਰਹੇ ਹਨ ਅਤੇ ਇਹ ਸਭ ਵੀ ਪਰਥ ਏਅਰਪੋਰਟ ਉਪਰ ਹੀ ਲੈਂਡਿੰਗ ਕਰਨਗੇ। ਪ੍ਰੀਮੀਅਰ ਮਾਰਕ ਮੈਕਗੋਵਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕੋਵਿਡ-19 ਦੇ ਆਂਕੜਿਆਂ ਲਈ ਸਾਰੇ ਰਾਜਾਂ ਨਾਲ ਲਗਾਤਾਰ ਤਾਲਮੇਲ ਰੱਖਣ ਅਤੇ ਸਥਿਤੀਆਂ ਨੂੰ ਵਾਚਣ ਤੋਂ ਬਾਅਦ ਹੁਣ ਫੈਸਲਾ ਲਿਆ ਗਿਆ ਹੈ ਕਿ ਸੜਕੀ ਆਵਾਜਾਈ ਦੇ ਨਾਲ ਨਾਲ ਹੁਣ ਹਵਾਈ ਯਾਤਰਾਵਾਂ ਵੀ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਪਿਛਲੇ ਸੱਤਾਂ ਮਹੀਨਿਆਂ ਤੋਂ ਵਿਛੜੇ ਲੋਕ ਆਪਣੇ ਪਿਆਰਿਆਂ ਨੂੰ ਮੁੜ ਤੋਂ ਮਿਲ ਸਕਣ ਅਤੇ ਜਾਂ ਫੇਰ ਆਪਣੇ ਕੰਮਾਂ-ਕਾਰਾਂ ਤੋਂ ਟੁੱਟੇ ਲੋਕ ਮੁੜ ਤੋਂ ਆਪਣੇ ਕੰਮ-ਧੰਦਿਆਂ ਨੂੰ ਸੰਭਾਲ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਤੋਂ ਆਉਣ ਵਾਲੇ ਯਾਤਰੀਆਂ ਵਾਸਤੇ 14 ਦਿਨਾਂ ਦਾ ‘ਸੈਲਫ-ਕੁਆਰਨਟੀਨ’ ਲਾਜ਼ਮੀ ਕੀਤਾ ਗਿਆ ਹੈ ਅਤੇ ਆਪਣੀ ਯਾਤਰਾ ਸ਼ੁਰੂ ਕਰਨ ਵੇਲੇ ਉਨ੍ਹਾਂ ਕੋਵਿਡ-19 ਟੈਸਟ ਵੀ ਹੋਵੇਗਾ ਅਤੇ ਫੇਰ ਸੈਲਫ ਕੁਆਰਨਟੀਨ ਦੇ ਗਿਆਰ੍ਹਵੇਂ ਦਿਨ ਵੀ ਅਜਿਹਾ ਹੀ ਟੈਸਟ ਕੀਤਾ ਜਾਵੇਗਾ। ਇਨ੍ਹਾਂ ਦੋ ਰਾਜਾਂ ਤੋਂ ਇਲਾਵਾ ਹੋਰ ਰਾਜਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ‘ਘੱਟ ਜੋਖਮ ਵਾਲੇ’ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਨੂੰ ਕੁਆਰਨਟੀਨ ਤੋਂ ਛੋਟ ਵੀ ਦੇ ਦਿੱਤੀ ਗਈ ਹੈ ਪਰੰਤੂ ਸਿਹਤ ਸੰਭਾਲ ਦੇ ਤਹਿਤ ਉਹ ਲੋਕ ਵੀ ਹੈਲਥ ਸਕਰੀਨਿੰਗ, ਟੈਂਪਰੇਚਰ ਚੈਕ ਆਦਿ ਲਈ ਬਾਧਿਤ ਹਨ।

Install Punjabi Akhbar App

Install
×