ਵਪਾਰ ਸਬੰਧੀ ਇਸ ਦਾ ਪੰਜਾਬੀਆਂ ਨੂੰ ਵੀ ਹੋ ਸਕਦਾ ਹੈ ਸਿੱਧਾ ਫਾਇਦਾ
ਡੈਲੀਗੇਸ਼ਨ 6 ਤੋਂ 8 ਜੁਲਾਈ ਪੰਜਾਬ ਦੇ ਦੌਰੇ ਤੇ

ਪੱਛਮੀ-ਆਸਟ੍ਰੇਲੀਆ ਦੇ ਵਧੀਕ ਪ੍ਰੀਮੀਅਰ ਮਾਣਯੋਗ ਰੋਜ਼ਰ ਕੁੱਕ (MLA BA; GradDipBus (PR); MBA Deputy Premier; Minister for State Development, Jobs and Trade, Tourism; Commerce; Science.) ਦੀ ਪ੍ਰਤੀਨਿਧਤਾ ਵਿੱਚ ਇੱਕ ਡੈਲੀਗੇਸ਼ਨ ਜੁਲਾਈ 12 ਤੋਂ 19 ਤੱਕ ਭਾਰਤ ਦੇ ਦੌਰੇ ਤੇ ਆ ਰਿਹਾ ਹੈ ਜੋ ਕਿ ਦਿੱਲੀ, ਮੁੰਬਈ, ਵਿਜੇਵਾੜਾ ਅਤੇ ਚੇਨਈ ਵਿੱਚ ਰਾਜਨੀਤਿਕਾਂ ਅਤੇ ਉਦਿਯੋਗ ਪਤੀਆਂ ਆਦਿ ਨਾਲ ਮਿਲ ਕੇ ਦੋਹਾਂ ਦੇਸ਼ਾਂ ਵਿਚਾਲੇ ਭਵਿੱਖ ਵਿਚਲੇ ਵਪਾਰ ਦੇ ਨਵੇਂ ਰਾਹਾਂ ਉਪਰ ਵਿਸ਼ੇਸ਼ ਤੌਰ ਤੇ ਚਰਚਾਵਾਂ ਕਰੇਗਾ।
ਜ਼ਿਕਰਯੋਗ ਹੈ ਕਿ ਪੱਛਮੀ-ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਪਹਿਲਾਂ ਤੋਂ ਹੀ ਵਪਾਰ ਹੁੰਦਾ ਹੈ ਅਤੇ ਸਾਲ 2021 ਦੇ ਆਂਕੜੇ ਦਰਸਾਉਂਦੇ ਹਨ ਕਿ ਉਸ ਸਾਲ ਇਸ ਵਪਾਰ ਦੀ ਕੁੱਲ ਕੀਮਤ 4.6 ਬਿਲੀਅਨ ਆਸਟ੍ਰੇਲੀਆਈ ਡਾਲਰ ਸੀ ਜੋ ਕਿ ਪੱਛਮੀ-ਆਸਟ੍ਰੇਲੀਆ ਦੇ ਕੁੱਲ ਵਪਾਰ ਦਾ 14% ਬਣਦਾ ਹੈ।
ਇਸ ਡੈਲੀਗੇਸ਼ਨ ਵਿੱਚ ਵਧੀਕ ਪ੍ਰੀਮੀਅਰ ਦੇ ਨਾਲ ਇਸ ਡੈਲੀਗੇਸ਼ਨ ਵਿੱਚ ਨਾਸ਼ੀਦ ਚੌਧਰੀ (ਪੱਛਮੀ-ਆਸਟ੍ਰੇਲੀਆ ਦੇ ਭਾਰਤ ਵਿੱਚ ਨਿਵੇਸ਼ ਅਤੇ ਵਪਾਰ ਸਬੰਧੀ ਮਹਿਕਮਿਆਂ ਦੇ ਕਮਿਸ਼ਨਰ); ਡਾ. ਪਰਵਿੰਦਰ ਕੌਰ (ਪੱਛਮੀ-ਆਸਟ੍ਰੇਲੀਆ ਯੂਨੀਵਰਸਿਟੀ ਵਿਚ ਬਾਇਓ ਤਕਨਾਲੋਜੀ ਦੇ ਸਹਾਇਕ ਪ੍ਰੋਫੈਸਰ); ਗਲੈਨ ਬੁਚਰ (ਪੱਛਮੀ-ਆਸਟ੍ਰੇਲੀਆ ਵਿਚ ਵਿਦਿਆਰਥੀਆਂ ਸਬੰਧੀ ਮਾਮਲਿਆਂ ਦੇ ਵਿਭਾਗ ਦੇ ਚੇਅਰਮੈਨ); ਪਿਆ ਤਰਸੀਨੋਵ (ਪੱਛਮੀ-ਆਸਟ੍ਰੇਲੀਆ ਦੇ ਆਸਟ-ਸਾਈਬਰ ਇਨੋਵੇਸ਼ਨ ਹੱਬ ਦੇ ਚੇਅਰ); ਸਟੋਕਲੇ ਡੇਵਿਸ (ਪੱਛਮੀ-ਆਸਟ੍ਰੇਲੀਆ ਦੇ ਸੀਨੀਅਰ ਨਿਵੇਸ਼ ਮਨੇਜਰ); ਐਂਡ੍ਰਿਊ ਟ੍ਹਰੋਸੇਲ (ਹਾਚਕਿਨ ਹੈਨਲੀ ਤੋਂ ਵਕੀਲ ਅਤੇ ਪਾਰਟਨਰ) ਆਦਿ ਮਾਹਿਰ ਸ਼ਾਮਿਲ ਹਨ।
ਪੱਛਮੀ ਆਸਟ੍ਰੇਲੀਆ ਤੋਂ ਆ ਰਹੇ ਇਸੇ ਡੈਲੀਗੇਸ਼ਨ ਦਾ ਇੱਕ ਹਿੱਸਾ, ਜੁਲਾਈ 6 ਤੋਂ 8 ਤੱਕ ਪੰਜਾਬ ਦੇ ਦੌਰੇ ਤੇ ਆ ਵੀ ਰਿਹਾ ਹੈ ਜਿਸ ਵਿੱਚ ਆਸਟ੍ਰੇਲੀਆ ਵਿੱਚ ਪੰਜਾਬੀਆਂ ਦਾ ਮਾਣ -ਸਹਾਇਕ ਪ੍ਰੋਫੈਸਰ ਪਰਵਿੰਦਰ ਕੌਰ ਵੀ ਆ ਰਹੇ ਹਨ।
ਪੰਜਾਬ ਵਿੱਚ ਇਸ ਡੈਲੀਗੇਸ਼ਨ ਦੀਆਂ ਕਿਰਿਆਵਾਂ (6 ਤੋਂ 8 ਜੁਲਾਈ) ਨੂੰ ਕੋ-ਆਰਡੀਨੇਟ ਮਿੰਟੂ ਬਰਾੜ ਕਰ ਰਹੇ ਹਨ, ਜੋ ਕਿ ਇਸ ਸਮੇਂ ਪੰਜਾਬ ਦੇ ਦੌਰੇ ਤੇ ਹਨ।
ਉਨ੍ਹਾਂ ਨੇ ਇਸ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ 6 ਜੁਲਾਈ ਨੂੰ ਉਕਤ ਡੈਲੀਗੇਸ਼ਨ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਨਤਮਸਤਕ ਹੋਣਗੇ ਅਤੇ ਫੇਰ 8 ਜੁਲਾਈ ਨੂੰ ਚੰਡੀਗੜ੍ਹ ਅਤੇ ਮੁਹਾਲੀ ਦਾ ਦੌਰਾ ਕਰਨਗੇ।
ਇਸ ਡੈਲੀਗੇਸ਼ਨ ਦਾ ਪੰਜਾਬ ਆਉਣਾ ਬਹੁਤ ਹੀ ਮਹੱਤਵਪੂਰਣ ਹੈ ਅਤੇ ਪੰਜਾਬੀਆਂ ਅਤੇ ਆਸਟ੍ਰੇਲੀਆ ਵਿਚਾਲੇ, ਭਵਿੱਖ ਵਿੱਚ ਬਹੁਤ ਸਾਰੇ ਕੰਮਾਂ ਕਾਰਾਂ ਦੇ ਰਾਹ ਖੋਲ੍ਹੇਗਾ ਜਿਸ ਦਾ ਸਿੱਧਾ ਲਾਭ ਪੰਜਾਬੀਆਂ ਨੂੰ ਹੋ ਸਕਦਾ ਹੈ।
ਇਸ ਡੈਲੀਗੇਸ਼ਨ ਕਾਰਨ ਸੈਰ-ਸਪਾਟਾ, ਵਿਦਿਆਰਥੀਆਂ, ਮਾਹਿਰਾਂ, ਬਿਜਨਸ, ਵਪਾਰਕ ਅਤੇ ਹੋਰ ਮਨੋਰੰਜਕ ਜਾਂ ਸਭਿਆਚਾਰਕ ਗਤੀਵਿਧੀਆਂ ਵਿਚਲੇ ਕਾਰਜਾਂ ਨੂੰ ਬੜਾਵਾ ਮਿਲੇਗਾ।
ਡੈਲੀਗੇਸ਼ਨ ਦੇ ਮਾਣਯੋਗ ਮੈਂਬਰਾਂ ਬਾਬਤ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਉਕਤ ਡੈਲੀਗੇਸ਼ਨ ਦੇ ਸਾਰੇ ਹੀ ਮੈਂਬਰ ਬਹੁਤ ਹੀ ਉਚ-ਪੱਧਰ ਦੇ ਮਾਹਿਰ ਹਨ ਅਤੇ ਆਪਣੇ ਆਪਣੇ ਖੇਤਰਾਂ ਵਿੱਚ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਮਾਹਰਤ ਰੱਖਦੇ ਹਨ ਜਿਵੇਂ ਕਿ:
ਨਾਸ਼ੀਦ ਚੌਧਰੀ (ਪੱਛਮੀ-ਆਸਟ੍ਰੇਲੀਆ ਦੇ ਭਾਰਤ ਵਿੱਚ ਨਿਵੇਸ਼ ਅਤੇ ਵਪਾਰ ਸਬੰਧੀ ਮਹਿਕਮਿਆਂ ਦੇ ਕਮਿਸ਼ਨਰ);
ਨਾਸ਼ੀਦ ਚੌਧਰੀ ਜੋ ਕਿ ਪੱਛਮੀ-ਆਸਟ੍ਰੇਲੀਆ ਦੇ ਭਾਰਤ ਵਿੱਚ ਨਿਵੇਸ਼ ਅਤੇ ਵਪਾਰ ਸਬੰਧੀ ਮਹਿਕਮਿਆਂ ਦੇ ਕਮਿਸ਼ਨਰ ਹਨ ਅਤੇ ਰਾਜ ਵਿੱਚ ਰੌਜ਼ਗਾਰ, ਸੈਰ-ਸਪਾਟਾ, ਵਿਗਿਆਨ ਅਤੇ ਇਨੌਵੇਸ਼ਨ ਆਦਿ ਖੇਤਰਾਂ ਨੂੰ ਦੇਖਦੇ ਹਨ। ਉਹ ਅਤੇ ਉਨ੍ਹਾਂ ਦੀ ਟੀਮ ਮੱਧ-ਪੂਰਬ ਦੇ ਦੇਸ਼ਾਂ ਦੇ ਨਾਲ ਨਾਲ ਦੱਖਣੀ ਏਸ਼ੀਆ ਦੇ ਦੇਸ਼ਾਂ ਨਾਲ ਨਿਵੇਸ਼ ਅਤੇ ਵਪਾਰ ਸਬੰਧੀ ਮਾਮਲਿਆਂ ਸਬੰਧੀ ਵੀ ਸਾਰੀ ਦੇਖਰੇਖ ਕਰਦੇ ਹਨ। ਇਸਤੋਂ ਪਹਿਲਾਂ ਉਹ ਯੂਨਾਈਟੇਡ ਅਰਬ ਐਮੀਰਾਤਸ ਸਬੰਧੀ ਵਪਾਰ ਮੰਡਲਾਂ ਦੀ ਪ੍ਰਤਿਨਿਧਤਾ ਵੀ ਕਰ ਚੁਕੇ ਹਨ ਅਤੇ ਬੰਗਲਾਦੇਸ਼ ਅਤੇ ਭਾਰਤੀ ਪਿਛੋਕਣ ਕਾਰਨ ਉਹ ਹਿੰਦੀ, ਬੰਗਾਲੀ, ਉਰਦੂ ਦੇ ਨਾਲ ਨਾਲ ਅਰਬੀ ਭਾਸ਼ਾਵਾਂ ਦੇ ਵੀ ਚੰਗੇ ਜਾਣਕਾਰ ਹਨ।
ਡਾ. ਪਰਵਿੰਦਰ ਕੌਰ (ਪੱਛਮੀ-ਆਸਟ੍ਰੇਲੀਆ ਯੂਨੀਵਰਸਿਟੀ ਵਿਚ ਬਾਇਓ ਤਕਨਾਲੋਜੀ ਦੇ ਸਹਾਇਕ ਪ੍ਰੋਫੈਸਰ);
ਭਾਰਤੀ ਅਤੇ ਪੰਜਾਬੀ ਮੂਲ ਦੇ ਡਾ. ਪਰਵਿੰਦਰ ਕੌਰ ਬਹੁਤ ਹੀ ਮਾਣਯੋਗ ਸ਼ਖ਼ਸੀਅਤ ਅਤੇ ਵਿਗਿਆਨ ਖੇਤਰ ਦੇ ਮਾਹਿਰ ਹਨ ਜੋ ਕਿ 15 ਸਾਲਾਂ ਤੋਂ ਵੀ ਜ਼ਿਆਦਾ ਦਾ ਸਮਾਂ ਪੱਛਮੀ-ਆਸਟ੍ਰੇਲੀਆ ਵਿੱਚ ਵਿਗਿਆਨ ਸਬੰਧੀ ਖੋਜ ਖੇਤਰਾਂ (ਜੈਨੇਟਿਕਸ, ਜੀਨੋਮ ਸਿਕੂਐਂਸ, ਬਾਇਓ ਤਕਨਾਲੋਜੀ ਅਤੇ ਸਿੰਥੈਟਿਕ ਬਾਇਓਲਾਜੀ) ਵਿੱਚ ਲਗਾ ਚੁਕੇ ਹਨ। ਉਨ੍ਹਾਂ ਨੇ ਆਪਣੇ ਕਾਰਜਕਾਲ ਅਤੇ ਖੋਜਾਂ ਦੌਰਾਨ ਅਮਰੀਕਾ, ਯੂਰੋਪ, ਏਸ਼ੀਆ ਅਤੇ ਮੱਧ ਅਤੇ ਦੱਖਣੀ ਅਮਰੀਕਾ ਆਦਿ ਦੇਸ਼ਾਂ ਵਿੱਚ ਕਾਫੀ ਖੋਜ ਕਾਰਜ ਕੀਤੇ ਹਨ ਅਤੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਇਨਾਮ ਹਾਸਿਲ ਕੀਤੇ ਹਨ। ਉਹ ਐਕਸ ਪਲਾਂਟਾ ਕੰਪਨੀ ਦੇ ਸਹਿ-ਸੰਸਥਾਪਕ ਨਿਰਦੇਸ਼ਕ ਵੀ ਹਨ ਜੋ ਕਿ ਆਧੁਨਿਕ ਤਕਨਾਲੋਜੀ ਦੁਆਰਾ ਵਾਤਾਵਰਣ ਨੂੰ ਸਵੱਛ ਬਣਾਉਣ ਦੀਆਂ ਨਵੀਆਂ ਨਵੀਆਂ ਤਕਨੀਕਾਂ ਇਜਾਦ ਕਰਦੇ ਹਨ ਅਤੇ ਮਨੁੱਖਤਾ ਦੇ ਨਾਲ ਨਾਲ ਜਾਨਵਰਾਂ ਦੀ ਸਿਹਤ ਸੰਭਾਲ ਲਈ ਵੀ ਕੰਮ ਕਰਦੇ ਹਨ।
ਗਲੈਨ ਬੁਚਰ (ਪੱਛਮੀ-ਆਸਟ੍ਰੇਲੀਆ ਵਿਚ ਵਿਦਿਆਰਥੀਆਂ ਸਬੰਧੀ ਮਾਮਲਿਆਂ ਦੇ ਵਿਭਾਗ ਦੇ ਚੇਅਰਮੈਨ);
ਆਪਣੇ 25 ਸਾਲਾਂ ਦੇ ਤਜੁਰਬੇ ਕਾਰਨ, ਗਲੈਨ ਬੁਚਰ ਨੇ ਵੀ ਬਹੁਤ ਸਾਰੇ ਖੇਤਰਾਂ ਵਿੱਚ ਨਾਮਣਾ ਖਟਿਆ ਹੈ। ਉਨ੍ਹਾਂ ਨੇ ਪਰਥ ਵਿਚਲੇ ਟੈਲੇਥਨ ਕਿਡਜ਼ ਅਦਾਰਾ (ਸੰਸਾਰ ਪ੍ਰਸਿੱਧ ਮੈਡੀਕਲ ਖੋਜ ਕੇਂਦਰ) ਵਿਚ ਆਪਣੇ ਕੈਰਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਇਸਤੋਂ ਬਾਅਦ ਉਨ੍ਹਾਂ ਨੇ ਸਾਸ (Software-as-a-Service (SaaS)) ਕੰਪਨੀ ਵਿੱਚ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨਾ ਸ਼ੁਰੂ ਕੀਤਾ। ਉਹ ਇਸ ਸਮੇਂ ਪੱਛਮੀ ਆਸਟ੍ਰੇਲੀਆ ਵਿਚ ਵੈਂਚਰ ਕੈਪੀਟਲ ਫਰਮ -ਫੰਡ ਪੱਛਮੀ-ਆਸਟ੍ਰੇਲੀਆ ਦੇ ਸੀ.ਈ.ਓ. ਹਨ। ‘ਸਟੂਡੈਂਟ ਐਜ’; ਐਪੀਫਿਨੀ ਅਦਾਰਿਆਂ ਦੇ ਕਾਰਜਕਾਰੀ ਚੇਅਰਮੈਨ ਹਨ। ਇਸ ਦੇ ਨਾਲ ਹੀ ਉਹ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਹੋਰ ਅਦਾਰਿਆਂ ਵਿੱਚ ਵੀ ਮਾਣਯੋਗ ਅਹੁਦਿਆਂ ਉਪਰ ਬਿਰਾਜਮਾਨ ਹਨ।
ਪਿਆ ਤਰਸੀਨੋਵ (ਪੱਛਮੀ-ਆਸਟ੍ਰੇਲੀਆ ਦੇ ਆਸਟ-ਸਾਈਬਰ ਇਨੋਵੇਸ਼ਨ ਹੱਬ ਦੇ ਚੇਅਰ);
ਪਿਆ ਤਰਸੀਨੋਵ ਵੀ ਲੱਗਭਗ 30 ਸਾਲਾਂ ਦੇ ਤਜੁਰਬੇਕਾਰ ਹਨ ਅਤੇ ਇਸ ਸਮੇਂ ਪੱਛਮੀ-ਆਸਟ੍ਰੇਲੀਆ ਦੇ ਆਸਟ-ਸਾਈਬਰ ਇਨੋਵੇਸ਼ਨ ਹੱਬ ਦੇ ਚੇਅਰਪਰਸਨ ਦੇ ਅਹੁਦੇ ਉਪਰ ਬਿਰਾਜਮਾਨ ਹਨ। ਆਪਣੀ ਵਕਾਲਤ ਅਤੇ ਗਵਰਨੈਂਸ, ਕਲ਼ਾ ਆਦਿ ਦੀਆਂ ਡਿਗਰੀਆਂ ਦੇ ਧਾਰਨੀ ਹੋਣ ਦੇ ਨਾਲ ਨਾਲ ਉਨ੍ਹਾਂ ਨੇ ਤਕਨਾਲੋਜੀ, ਅਨਰਜੀ, ਨਿਵੇਸ਼, ਪ੍ਰੋਫੈਸ਼ਨਲ ਸੇਵਾਵਾਂ ਆਦਿ ਦੇ ਖੇਤਰ ਵਿੱਚ ਮੁਹਾਰਤ ਹਾਸਿਲ ਕੀਤੀ ਹੈ ਅਤੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਬਹੁਤ ਸਾਰੇ ਖੋਜ ਕਾਰਜ ਕੀਤੇ ਹਨ ਅਤੇ ਬਹੁਤ ਸਾਰੇ ਤਮਗੇ ਅਤੇ ਹੋਰ ਇਨਾਮ ਵੀ ਹਾਸਿਲ ਕੀਤੇ ਹਨ।
ਸਟੋਕਲੇ ਡੇਵਿਸ (ਪੱਛਮੀ-ਆਸਟ੍ਰੇਲੀਆ ਦੇ ਸੀਨੀਅਰ ਨਿਵੇਸ਼ ਮਨੇਜਰ)
ਪੱਛਮੀ ਅਸਟ੍ਰੇਲੀਆ ਤੋਂ ਅਰਥ-ਸ਼ਾਸਤਰ ਦੇ ਮਾਹਿਰ, ਸਟੋਕਲੇ ਡੇਵਿਸ ਵੀ ਪੱਛਮੀ ਆਸਟ੍ਰੇਲੀਆ ਦੀ ਬਹੁਤ ਹੀ ਉਘੀ ਅਤੇ ਸਨਮਾਨਿਤ ਸ਼ਖ਼ਸੀਅਤ ਅਤੇ ਪੱਛਮੀ ਅਸਟ੍ਰੇਲੀਆ ਯੂਨੀਵਰਸਿਟੀ ਜੂਡੋ ਕਲੱਬ ਦੇ ਸੰਸਥਾਪਕ ਹਨ।
ਆਪਣੇ 20 ਸਾਲਾਂ ਤੋਂ ਵੀ ਵੱਧ ਦੇ ਤਜੁਰਬੇ ਨਾਲ ਉਹ ਨਿਵੇਸ਼ ਅਤੇ ਕਾਰਪੋਰੇਟ ਸਲਾਹਕਾਰ ਦੇ ਵਜੋਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਉਪਰ ਬਹੁਤ ਸਾਰੀਆਂ ਪ੍ਰਾਪਤੀਆਂ ਕਰ ਚੁਕੇ ਹਨ ਅਤੇ ਉਕਤ ਖੇਤਰਾਂ ਵਿੱਚ ਉਨ੍ਹਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਸਦਕਾ, ਬਹੁਤ ਸਾਰੇ ਇਨਾਮਾਂ ਆਦਿ ਨਾਲ ਸਨਮਾਨਿਤ ਕੀਤਾ ਜਾ ਚੁਕਿਆ ਹੈ।
ਉਨ੍ਹਾਂ ਨੇ ਪੱਛਮੀ ਅਸਟ੍ਰੇਲੀਆ ਅਤੇ ਇੰਡੋ ਪੈਸਿਫਿਕ ਖੇਤਰਾਂ ਵਿੱਚ ਵਪਾਰ ਦੇ ਨਾਲ ਨਾਲ ਖੇਡ ਜਗਤ ਵਿੱਚ ਵੀ ਆਪਣਾ ਯੋਗਦਾਨ ਪਾਇਆ ਹੈ ਅਤੇ ਜਪਾਨ ਅਤੇ ਇੰਡੋਨੇਸ਼ੀਆ ਵਿੱਚ ਵੀ ਕਾਫੀ ਤਜੁਰਬੇ ਹਾਸਲ ਕੀਤੇ ਹਨ। ਭਾਰਤ ਨੂੰ ਉਹ ਬੜੇ ਹੀ ਮਾਣਯੋਗ, ਦੋਸਤਾਨਾ ਰਿਸ਼ਤੇ ਵੱਜੋਂ ਦੇਖਦੇ ਹਨ ਅਤੇ ਚਾਹੁੰਦੇ ਹਨ ਕਿ ਭਾਰਤ ਅਤੇ ਪੱਛਮੀ ਅਸਟ੍ਰੇਲੀਆ ਵਿਚਾਲੇ ਸਬੰਧ ਹੋਰ ਵੀ ਮਜ਼ਬੂਤ ਹੋਣ ਅਤੇ ਵਪਾਰ ਵਿੱਚ ਵੀ ਚੋਖਾ ਵਾਧਾ ਹੋਵੇ।
2020 ਵਿੱਚ ਉਨ੍ਹਾਂ ਨੇ ਡਾ. ਪਰਵਿੰਦਰ ਕੌਰ ਵਾਲੀ ਐਕਸ ਪਲਾਂਟਾ ਕੰਪਨੀ ਦੇ ਸੰਸਥਾਪਕ ਨਿਰਦੇਸ਼ਕ ਵੱਜੋਂ ਭੂਮਿਕਾ ਸੰਭਾਲ ਲਈ ਸੀ ਅਤੇ ਹੁਣ ਉਹ ਸਿੰਥੈਟਿਕ ਊਰਜਾ ਵਾਲੇ ਖੇਤਰ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ।
ਐਂਡ੍ਰਿਊ ਟ੍ਹਰੋਸੇਲ (ਹਾਚਕਿਨ ਹੈਨਲੀ ਤੋਂ ਵਕੀਲ ਅਤੇ ਪਾਰਟਨਰ)
ਹਾਚਕਿਨ ਹੈਨਲੀ ਤੋਂ ਵਕੀਲ ਅਤੇ ਪਾਰਟਨਰ ਐਂਡ੍ਰਿਊ ਟ੍ਹਰੋਸੇਲ, ਪੱਛਮੀ ਅਸਟ੍ਰੇਲੀਆ ਦੀ ਮਾਣਯੋਗ ਅਤੇ ਉਘੀ ਸ਼ਖ਼ਸੀਅਤ ਹਨ ਜਿਨ੍ਰਾਂ ਨੇ ਆਪਣੇ ਖੇਤਰ ਦੇ ਨਾਲ ਨਾਲ ਹੋਰ ਖੇਤਰਾਂ ਵਿੱਚ ਵੀ ਮਹਾਰਤ ਹਾਸਿਲ ਕੀਤੀ ਹੈ।
ਉਹ ਵੱਡੀਆਂ ਵੱਡੀਆਂ ਕਾਰਪੋਰੇਸ਼ਨਾਂ, ਜ਼ਮੀਨ ਜਾਇਦਾਦਾਂ ਦੇ ਮਾਲਕਾਂ, ਵੱਡੀਆ ਇਮਾਰਤਾਂ ਆਦਿ ਦੀ ਉੋਸਾਰੀ ਕਰਨ ਵਾਲਿਆਂ, ਵੱਡੇ ਵੱਡੇ ਸ਼ਾਪਿੰਗ ਕੰਪਲੈਕਸ ਬਣਾਉਣ ਵਾਲਿਆਂ, ਸੀਬੀਡੀ ਵਪਾਰਿਕ ਸੰਸਥਾਵਾਂ ਆਦਿ ਲਈ ਕੰਮ ਕਰਦੇ ਹਨ।
1989 ਵਿੱਚ ਬਤੌਰ ਵਕੀਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਐਂਡ੍ਰਿਊ ਹੁਣ ਤੱਕ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਉਪਰ ਬਹੁਤ ਸਾਰੇ ਖੇਤਰਾਂ ਵਿੱਚ ਆਪਣਾ ਸਕਾਰਾਤਮਕ ਯੋਗਦਾਨ ਪਾ ਚੁਕੇ ਹਨ। ਇਨ੍ਹਾਂ ਖੇਤਰਾਂ ਵਿੱਚ ਉਦਿਯੋਗ, ਇਮਾਰਤ ਉਸਾਰੀ, ਨਿਵੇਸ਼, ਜ਼ਮੀਨ-ਜਾਇਦਾਦਾਂ, ਰਿਟੇਲ-ਫਰੈਂਚਾਈਜ਼, ਟੈਲੀਕਮਿਊਨੀਕੇਸ਼ਨ, ਆਈ.ਟੀ./ਆਈ.ਪੀ. ਦੇ ਨਾਲ ਨਾਲ ਊਰਜਾ ਅਤੇ ਸੌਮੇ ਆਦਿ ਖੇਤਰ ਸ਼ਾਮਿਲ ਹਨ।
ਮਿੰਟੂ ਬਰਾੜ:
ਇੱਥੇ ਜ਼ਿਕਰਯੋਗ ਹੈ ਕਿ ਮਿੰਟੂ ਬਰਾੜ ਜੋ ਕਿ ਪੰਜਾਬ ਵਿੱਚ ਉਕਤ ਡੈਲੀਗੇਸ਼ਨ ਦੀ ਵਿਊਂਤਬੰਦੀ ਕਰੇ ਹਨ -ਇੱਕ ਪੰਜਾਬੀ ਹੋਣ ਦੇ ਨਾਲ ਨਾਲ ਆਸਟ੍ਰੇਲੀਆਈ ਵੀ ਹਨ ਜਿੱਥੇ ਕਿ ਉਨ੍ਹਾਂ ਨੇ ਖੇਤੀਬਾੜੀ, ਵਪਾਰ, ਨਿਵੇਸ਼, ਮੀਡੀਆ, ਦੇ ਨਾਲ ਨਾਲ ਸਮਾਜਿਕ ਖੇਤਰਾਂ ਵਿੱਚ ਵੀ ਨਾਮਣਾ ਖਟਿਆ ਹੈ।