ਪੱਛਮੀ ਆਸਟ੍ਰੇਲੀਆ ਵਿਚਲੀ ਬੁਸ਼-ਫਾਇਰ ਕਾਰਨ ਨਵੀਆਂ ਚਿਤਾਵਨੀਆਂ ਜਾਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਗਰਮੀ ਦੇ ਨਾਲ ਨਾਲ ਜਿਵੇਂ ਜਿਵੇਂ ਤੇਜ਼ ਹਵਾਵਾਂ ਚੱਲ ਰਹੀਆਂ ਹਨ ਉਵੇਂ ਉਵੇਂ ਹੀ ਪੱਛਮੀ ਆਸਟ੍ਰੇਲੀਆ ਦੇ ਖੇਤਰਾਂ ਵਿੱਚ ਲੱਗੀ ਬੁਸ਼ਫਾਇਰ ਵੀ ਵੱਧਦੀ ਹੀ ਜਾ ਰਹੀ ਹੈ ਅਤੇ ਹਰ ਘੰਟੇ ਬਾਅਦ ਨਵੇਂ ਖੇਤਰਾਂ ਨੂੰ ਆਪਣੀ ਚਪੇਟ ਵਿੱਚ ਲੈਣ ਦੇ ਖ਼ਤਰੇ ਲਗਾਤਾਰ ਵੱਧਦੇ ਜਾ ਰਹੇ ਹਨ। ਨਵੀਆਂ ਚਿਤਾਵਨੀਆਂ ਵਿੱਚ ਪੱਛਮੀ ਆਸਟ੍ਰੇਲੀਆ ਦੇ ਗਿਨਗਿਨ ਸ਼ਾਇਰਜ਼ ਅਤੇ ਡਾਂਡਰਾਗਾਨ (ਪਰਥ ਦੇ ਉਤਰ ਵਿੱਚ) ਆਦਿ ਖੇਤਰਾਂ ਲਈ ਜਾਰੀ ਕੀਤੀਆਂ ਗਈਆਂ ਹਨ ਅਤੇ ਅੱਗ ਬੁਝਾਊ ਅਤੇ ਆਪਾਤਕਾਲੀਨ ਸੇਵਾਵਾਂ ਦੇ ਵਿਭਾਗਾਂ ਵੱਲੋਂ -ਰੇਗਨਜ਼ ਫੂਡ, ਰੈਗ ਗਲੀ, ਕੋਵਾਲਾ, ਮੂਰੇ ਰਿਵਰ ਨੈਸ਼ਨਲ ਪਾਰਕ, ਨਿਲਗਨ, ਮਾਈਮਗਾਰਾ, ਕਾਰਾਕਿਨ, ਯਾਥਾਰੂ, ਓਰੈਂਜ਼ ਸਪ੍ਰਿੰਗਜ਼, ਲਾਂਸਲਿਨ ਅਤੇ ਲੈਜ ਪੁਆਇੰਟ ਆਦਿ ਵਿਚਲੇ ਲੋਕਾਂ ਨੂੰ ਤਾਕੀਦ ਕੀਤੀ ਗਈ ਹੈ ਕਿ ਉਨ੍ਹਾਂ ਦੀ ਜਾਨ-ਮਾਲ ਨੂੰ ਖ਼ਤਰਾ ਹੈ ਅਤੇ ਉਨ੍ਹਾਂ ਨੂੰ ਚੇਤੰਨ ਰਹਿਣਾ ਚਾਹੀਦਾ ਹੈ ਅਤੇ ਆਪਾਤਕਾਲੀਨ ਸਥਿਤੀਆਂ ਵਿੱਚ ਜਲਦੀ ਤੋਂ ਜਲਦੀ ਆਪਣੇ ਘਰਾਂ ਆਦਿ ਨੂੰ ਛੱਡ ਕੇ ਕਿਸੇ ਸੁਰੱਖਿਅਤ ਥਾਂ ਤੇ ਚਲੇ ਜਾਣਾ ਚਾਹੀਦਾ ਹੈ। ਲੋਕਾਂ ਨੂੰ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਗਰਮ ਤਾਪਮਾਨ ਅਤੇ ਤੇਜ਼ ਹਵਾਵਾਂ ਕਾਰਨ ਅੱਗ ਬਹੁਤ ਹੀ ਤੇਜ਼ੀ ਨਾਲ ਰਿਹਾਇਸ਼ੀ ਇਲਾਕਿਆਂ ਵੱਲ ਵੱਧਦੀ ਹੀ ਜਾ ਰਹੀ ਹੈ। ਬੇਸ਼ੱਕ ਅੱਗ ਬੁਝਾਊ ਕਰਮਚਾਰੀ ਅੱਗ ਉਪਰ ਕਾਬੂ ਪਾਉਣ ਦੀ ਪੁਰਜ਼ੋਰ ਕੋਸ਼ਿਸ਼ ਵਿੱਚ ਲੱਗੇ ਹਨ ਪਰੰਤੂ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਵਾਸਤੇ ਇਹ ਜ਼ਰੂਰੀ ਹੈ ਕਿ ਖ਼ਤਰੇ ਵਾਲੀਆਂ ਥਾਵਾਂ ਨੂੰ ਸਮਾਂ ਰਹਿੰਦਿਆਂ ਤੁਰੰਤ ਛੱਡ ਦਿੱਤਾ ਜਾਵੇ ਅਤੇ ਜੇਕਰ ਕਿਤੇ ਜਾਣ ਦੀ ਥਾਂ ਨਾ ਮਿਲੇ ਤਾਂ ਫੇਰ ਆਪਣੇ ਆਪਣੇ ਘਰਾਂ ਅੰਦਰ ਹੀ ਖਿੜਕੀਆਂ ਦਰਵਾਜ਼ੇ ਬੰਦ ਕਰਕੇ ਬੈਠਣ ਵਿੱਚ ਹੀ ਭਲਾਈ ਹੈ।

Install Punjabi Akhbar App

Install
×