
(ਐਸ.ਐਸ.ਬੀ. ਦੀ ਖ਼ਬਰ ਮੁਤਾਬਿਕ) ਸਮੁੱਚੇ ਦੇਸ਼ ਵਿੱਚ ਹੀ ਕਰੋਨਾ ਦੇ ਘਟਦੇ ਮਾਮਲਿਆਂ ਕਾਰਨ ਹੁਣ ਪ੍ਰੀਮੀਅਰ ਮਾਰਕ ਮੈਕ ਗੋਵਨ ਨੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਆਉਣ ਵਾਲੇ ਅਗਲੇ ਮਹੀਨੇ ਨਵੰਬਰ ਦੀ 14 ਤਾਰੀਖ ਨੂੰ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਾਸਤੇ ਕੁੱਝ ਪਾਬੰਧੀਆਂ ਜਾਰ ਰੱਖਦਿਆਂ ਹੋਇਆਂ, ਬਾਕੀ ਸਾਰੇ ਰਾਜਾਂ ਅਤੇ ਟੈਰਿਟਰੀਆਂ ਨਾਲ ਸੀਮਾਵਾਂ ਖੋਲ੍ਹ ਦਿੱਤੀਆਂ ਜਾਣਗੀਆਂ। ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿਚ ਅਜਿਹੇ ਜੋ ਲੋਕ ਪੱਛਮੀ ਆਸਟ੍ਰੇਲੀਆ ਦੇ ਹੀ ਹਨ ਅਤੇ ਉਥੇ ਲਾਕਡਾਊਨ ਕਰਕੇ ਫਸੇ ਹੋਏ ਸਨ, ਵੀ ਆਪਣੇ ਘਰਾਂ ਜਾਂ ਕੰਮਾਂਕਾਰਾਂ ਤੇ ਵਾਪਿਸ ਆ ਸਕਣਗੇ ਪਰੰਤੂ ਉਨ੍ਹਾਂ ਨੂੰ 14 ਦਿਨਾਂ ਲਈ ਇਕਾਂਤਵਾਸ (ਸੈਲਫ ਆਈਸੋਲੇਟ) ਹੋਣਾ ਪਵੇਗਾ। ਅਜਿਹੇ ਲੋਕਾਂ ਦਾ ਪਹਿਲਾਂ ਤਾਂ ਇੱਥੇ ਆਉਣ ਉਪਰ ਕੇਵਿਡ-19 ਟੈਸਟ ਹੋਵੇਗਾ ਅਤੇ ਫੇਰ ਉਨ੍ਹਾਂ ਦੇ ਆਈਸੋਲੇਸ਼ਨ ਦੇ ਗਿਆਰ੍ਹਵੇਂ ਦਿਨ ਉਨ੍ਹਾਂ ਦਾ ਮੁੜ ਤੋਂ ਟੈਸਟ ਕੀਤਾ ਜਾਵੇਗਾ। ਦੂਸਰੇ ਰਾਜਾਂ ਅਤੇ ਟੈਰਿਟਰੀਆਂ ਤੋਂ ਆਉਣ ਵਾਲੇ ਲੋਕਾਂ ਵਾਸਤੇ ਬੁਖਾਰ ਆਦਿ ਵਰਗੇ ਦੂਸਰੇ ਟੈਸਟ ਹੋਣਗੇ ਅਤੇ ਉਨ੍ਹਾਂ ਨੂੰ ਆਪਣੀ ਹੁਣੇ ਹੁਣੇ ਦੀਆਂ ਯਤਰਾਵਾਂ ਸਬੰਧੀ ਪੂਰਨ ਜਾਣਕਾਰੀ ਵੀ ਦੇਣੀ ਹੋਵੇਗੀ। ਮੁੱਖ ਸਿਹਤ ਅਧਿਕਾਰੀ ਦੀ ਸਲਾਹ ਤੋਂ ਬਾਅਦ ਬੀਤੇ ਦਿਨ ਸ਼ੁਕਰਵਾਰ ਨੂੰ ਇਹ ਫੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਹਾਲ ਵਿੱਚ ਹੀ ਲੋਕਾਂ ਵੱਲੋਂ ਵੋਟਾਂ ਦਾ ਸਹਾਰਾ ਲੈ ਕੇ ਸਰਕਾਰ ਨੂੰ ਲਾਕਡਾਊਨ ਖੋਲ੍ਹਣ ਦੀ ਅਪੀਲ ਕੀਤੀ ਗਈ ਹੈ ਅਤੇ ਮਾਈਨਿੰਗ ਦੀ ਦੁਨੀਆਂ ਦੇ ਇੱਕ ਅਰਬਪਤੀ ਕਲਾਈਵ ਪਾਮਰ ਨੇ ਤਾਂ ਇਸ ਨੂੰ ਹਾਈ ਕੋਰਟ ਅੰਦਰ ਅਗਲੇ ਹਫ਼ਤੇ ਚੁਣੌਤੀ ਦੇਣ ਦਾ ਵੀ ਫੈਸਲਾ ਕੀਤਾ ਹੋਇਆ ਹੈ।