ਸ੍ਰੀ ਦਰਬਾਰ ਸਾਹਿਬ ਤੋਂ ਵੀ. ਆਰ. ਕੀਰਤਨ ਲਾਈਵ

ਸ੍ਰੀ ਹਰਿਮੰਦਰ ਸਾਹਿਬ ਤੋਂ ਲਾਈਵ ਕੀਰਤਨ ਵਰਚੁਅਲ ਰਿਅਲਟੀ (VR360o) ਉਤੇ ਵੀ ਵੇਖਿਆ ਜਾ ਸਕਦੈ

(ਔਕਲੈਂਡ), 14 ਜਨਵਰੀ, 2023: (1 ਮਾਘ, ਨਾਨਕਸ਼ਾਹੀ ਸੰਮਤ 554): ਅੱਜ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣ ਦਾ ਦਿਵਸ ਹੈ। ਨੀਂਹ ਪੱਥਰ ਕਿਸ ਨੇ ਰੱਖਿਆ? ਅਤੇ ਇਹ ਮੌਜੂਦਾ ਇਮਾਰਤ ਕਿਵੇਂ ਹੋਂਦ ਵਿਚ ਆਈ? ਦਾ ਇਕ ਸੁਨਹਿਰੀ ਇਤਿਹਾਸ ਹੈ। ਪ੍ਰਚਲਿਤ ਧਾਰਨਾ ਅਨੁਸਾਰ ਇਸ ਦਾ ਨੀਂਹ ਪੱਥਰ ਸਾਈਂ ਮੀਆਂ ਮੀਰ ਜੀ ਵੱਲੋਂ ਰੱਖਿਆ ਮੰਨਿਆ ਜਾਂਦਾ ਹੈ ਪਰ ਕੁਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਇਸ ਦਾ ਨੀਂਹ ਪੱਥਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਰੱਖਿਆ ਸੀ ਅਤੇ ਬਾਬਾ ਬੁੱਢਾ ਜੀ ਇਹ ਬੇਨਤੀ ਕੀਤੀ ਸੀ। ਖੈਰ ਇਹ ਵਿਸ਼ਾ ਇਤਿਹਾਸਕਾਰਾਂ ਅਤੇ ਧਰਮ ਪ੍ਰਚਾਰ ਕਮੇਟੀ ਦਾ ਹੋ ਸਕਦਾ ਹੈ, ਪਰ ਅੱਜਕੱਲ੍ਹ ਪੀ.ਟੀ.ਸੀ. ਚੈਨਲ ਉਤੇ ਸ੍ਰੀ ਦਰਬਾਰ ਸਾਹਿਬ ਦੇ ਲਾਈਵ ਪ੍ਰਸਾਰਣ ਮੌਕੇ ਇਹ ਸਹੂਲਤ ਹੁਣ ਸ਼ਾਮਿਲ ਹੋ ਗਈ ਹੈ ਕਿ ਤੁਸੀਂ ਲਾਈਵ ਕੀਰਤਨ 360 ਡਿਗਰੀ ਉਤੇ ਵੇਖਣ ਦੀ ਸਹੂਲਤ ਦਾ ਆਨੰਦ ਮਾਣ ਸਕਦੇ ਹੋ। ਸ੍ਰੀ ਦਰਬਾਰ ਸਾਹਿਬ ਦੇ ਅੰਦਰ ਵਾਲੇ ਕੈਮਰੇ 360 ਡਿਗਰੀ ਉਤੇ ਚੁਫੇਰੇ  ਦੀ ਤਸਵੀਰ ਤੁਹਾਡੇ ਤੱਕ ਪਹੁੰਚਾ ਸਕਦੇ ਹਨ। ਸਮਾਟ ਟੀ ਵੀ ਸੈਟਾਂ ਦੇ ਉਤੇ ਇਹ ਵੇਖਣ ਵਾਸਤੇ ਇਕ ਬਟਨ ਵੀ ਸਾਹਮਣੇ ਪ੍ਰਗਟ ਹੁੰਦਾ ਹੈ। ਯੂ. ਟਿਊਬ ਉਤੇ ਵੀ ਜਦੋਂ ਪੀ.ਟੀ. ਸੀ. ਚੈਨਲ ਦੀਆਂ ਵੀਡੀਓਜ਼ ਵੇਖਦੇ ਹੋ ਤਾਂ ਇਸ ਬਾਰੇ ਸ਼ੁਰੂ ਵਿਚ ਹੀ ਵੀ.ਆਰ. ਲਿਖ ਕੇ ਪਾਇਆ ਮਿਲਦਾ ਹੈ। ਤੁਸੀਂ ਕੰਪਿਊਟਰ ਮਾਊਸ ਦੇ ਨਾਲ ਵੀ ਲੈਪਟਾਪ ਜਾਂ ਕੰਪਿਊਟਰ ਸਕਰੀਨ ਉਤੇ ਕੈਮਰੇ ਦੀ ਦਿਸ਼ਾ ਕਿਸੇ ਪਾਸਿਓ ਵੀ ਵੇਖ ਸਕਦੇ ਹੋ। ਇਸ ਵੀ. ਆਰ. ਸਹੂਲਤ ਦਾ ਇਹ ਵੀ ਫਾਇਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਦਰ ਹੋਈ ਮੀਨਾਕਾਰੀ ਨੂੰ ਤੁਸੀਂ ਹੋਰ ਨੇੜਿਓ ਵੇਖ ਸਕਦੇ ਹੋ। ਪੀ.ਟੀ.ਸੀ. ਚੈਨਲ ਨੇ ਹੁਣ ਵੀਡੀਓ ਗੁਣਵੱਤਾ (ਕੁਆਲਿਟੀ) ਵੀ ਕਾਫੀ ਵਧੀਆ ਕਰ ਦਿੱਤੀ ਹੋਈ ਹੈ। ਸੈਟਿੰਗ ਦੇ ਵਿਚ ਜਾ ਕੇ 4ਕੇ. ਗੁਣਵੱਤਾ ਦੀ ਚੋਣ ਕਰਨ ਦੀ ਵੀ ਸਹੂਲਤ ਹੈ। ਆਵਾਜ਼ ਵੀ ਹੋਰ ਸਪਸ਼ਟ ਹੋਈ ਪ੍ਰਤੀਤ ਹੁੰਦੀ ਹੈ। ਵੀ. ਆਰ. ਟੈਲੀਕਾਸਟ ਭਾਵੇਂ 13 ਨਵੰਬਰ 2019 ਨੂੰ ਲਾਂਚ ਕਰ ਦਿੱਤਾ ਗਿਆ ਸੀ, ਪਰ ਇਸਦੀ ਵੀਡੀਓਜ਼ ਘੱਟ ਹੀ ਵੇਖਣ ਨੂੰ ਮਿਲਦੀਆਂ ਸਨ। ਹੁਣ ਯੂ.ਟਿਊਬ ਚੈਨਲ ਉਤੇ 5 ਜਨਵਰੀ 2023 ਤੋਂ ਬਾਅਦ ਕਾਫੀ ਸਾਰੀਆਂ ਵੀਡੀਓਜ਼ ਵੀ. ਆਰ. (ਵਰਚੂਅਲ ਰਿਅਲਟੀ) ਵਾਲੀਆਂ ਵੇਖੀਆਂ ਜਾ ਸਕਦੀਆਂ ਹਨ। ਪੀ. ਟੀ.ਸੀ. ਚੈਨਲ ਇਸ ਉਦਮ ਲਈ ਵਧਾਈ ਦਾ ਹੱਕਦਾਰ ਹੈ।