ਮਾਣਯੋਗ ਦਾਨਾ ਵਾਟਲੇ ਅਤੇ ਮਾਣਯੋਗ ਰਸਲ ਵਾਟਲੇ ਵੱਲੋਂ ਵੰਡੇ ਗਏ ਪ੍ਰਸ਼ੰਸਾ ਦੇ ਅਵਾਰਡ

ਪਾਰਲੀਮੈਂਟ ਵਿੱਚ ਬੁਲਾ ਕੇ ਵਲੰਟੀਅਰਾਂ ਦਾ ਕੀਤਾ ਗਿਆ ਧੰਨਵਾਦ

ਆਮ ਤੌਰ ਤੇ ਦੇਖਣ ਵਿੱਚ ਆਉਂਦਾ ਹੈ ਕਿ ਰਾਜਨੀਤਿਕ ਪਾਰਟੀਆਂ ਆਪਣੇ ਵਲੰਟੀਅਰਾਂ ਨੂੰ, ਚੋਣਾਂ ਤੋਂ ਬਾਅਦ ਜ਼ਿਆਦਾਤਰ ਅਣਗੌਲਿਆ ਹੀ ਕਰ ਦਿੰਦੀਆਂ ਹਨ। ਪਰੰਤੂ ਦੱਖਣੀ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਅੰਦਰ, ਬਾਕਾਇਦਾ, ਵਲੰਟੀਅਰਾਂ ਨੂੰ ਬੁਲਾ ਬੁਲਾ ਕੇ ਸਨਮਾਨਿਤ ਕਰਨ ਦਾ ਅਨੌਖਾ ਦ੍ਰਿਸ਼, ਬੀਤੇ ਕੱਲ੍ਹ, ਜੂਨ ਦੀ 1 ਤਾਰੀਖ ਦਿਨ ਬੁੱਧਵਾਰ ਨੂੰ ਦੇਖਣ ਨੂੰ ਮਿਲਿਆ ਜਦੋਂ ਮਾਣਯੋਗ ਦਾਨਾ ਵਾਟਲੇ (ਐਮ.ਪੀ. ਟੌਰੈਂਸ) ਅਤੇ ਮਾਣਯੋਗ ਰਸਲ ਵਾਟਲੇ ਐਮ.ਐਲ.ਸੀ. ਨੇ ਇੱਕ ‘ਵਲੰਟੀਅਰ ਐਪਰੀਸਿਏਸ਼ਨ ਨਾਈਟ’ ਨਾਮ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਰਾਹੀਂ ਕਿ ਉਨ੍ਹਾਂ ਵਲੰਟੀਅਰਾਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਪਿੱਛੇ ਜਿਹੇ ਹੋਈਆਂ ਚੋਣਾਂ ਦੌਰਾਨ ਕੋਈ ਨਾ ਕੋਈ ਕਾਰਜ ਸੰਭਾਲਿਆ ਸੀ ਅਤੇ ਪੂਰਾ ਵੀ ਕੀਤਾ ਸੀ -ਫੇਰ ਭਾਵੇਂ ਉਹ ਵਲੰਟੀਅਰ ਕਿਸੇ ਵੀ ਖ਼ਿਤੇ ਦਾ ਹੋਵੇ, ਕਿਸੇ ਵੀ ਖੇਤਰ ਦਾ ਹੋਵੇ ਜਾਂ ਕਿਸੇ ਵੀ ਭਾਈਚਾਰੇ ਨਾਲ ਸਬੰਧਤ ਹੋਵੇ।

ਅਜਿਹੇ ਵਲੰਟੀਅਰ ਜਿਨ੍ਹਾਂ ਨੇ ਕਿ ਭਾਵੇਂ ਲੈਟਰ-ਬਾਕਸਿੰਗ ਵਿੱਚ ਮਦਦ ਕੀਤੀ, ਜਾਂ ਫੇਰ ਡੋਰ ਨਾਕਿੰਗ, ਮੋਬਾਇਲ ਜਾਂ ਟੇਲੀਫੋਨਿਕ ਕਾਲਾਂ ਦੇ ਜ਼ਰੀਏ, ਜਾਂ ਫੇਰ ਚੋਣ ਬੂਥਾਂ ਉਪਰ ਆਪਣੀਆਂ ਸੇਵਾਵਾਂ ਨਿਭਾਈਆਂ ਅਤੇ ਜਾਂ ਫੇਰ ਪੋਸਟਰ ਆਦਿ ਲਗਾਉਣ ਦੇ ਕੰਮ ਕੀਤੇ -ਵਾਟਲੇ ਦੰਪਤੀ ਵੱਲੋਂ ਕਿਸੀ ਨੂੰ ਵੀ ਅਣਗੌਲਿਆ ਨਹੀਂ ਕੀਤਾ ਗਿਆ ਅਤੇ ਸਭ ਨੂੰ ਸਨਮਾਨਿਤ ਕੀਤਾ ਗਿਆ।

ਵਲੰਟੀਅਰਾਂ ਵਿੱਚ ਭਾਰਤੀਆਂ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਤੋਂ ਇਲਾਵਾ ਅਫ਼ਗ਼ਾਨੀ, ਸੁਡਾਨੀ, ਨੇਪਾਲੀ, ਚੀਨੀ, ਇਰਾਕੀ ਅਤੇ ਇਨ੍ਹਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਭਾਈਚਾਰੇ ਦੇ ਲੋਕ ਸ਼ਾਮਿਲ ਸਨ।

ਮਾਣਯੋਗ ਦਾਨਾ ਵਾਟਲੇ ਅਤੇ ਮਾਣਯੋਗ ਰਸਲ ਵਾਟਲੇ ਨੇ ਜਿੱਥੇ ਸਭ ਵਲੰਟੀਅਰਾਂ ਦਾ ਉਨ੍ਹਾਂ ਦੀ ਵਿਲੱਖਣ ਕਾਰਗੁਜ਼ਾਰੀਆਂ ਦੇ ਬਦਲੇ ਸਨਮਾਨ ਕੀਤਾ ਉਥੇ ਹੀ ਉਨ੍ਹਾਂ ਨੇ ਉਚੇਚੇ ਤੌਰ ਤੇ ਕਿਹਾ ਕਿ ਉਨ੍ਹਾਂ ਦੀ ਸ਼ਾਨਦਾਰ ਜਿੱਤ, ਵਲੰਟੀਅਰਾਂ ਦੀ ਅਣਥੱਕ ਮਿਹਨਤ ਦਾ ਹੀ ਨਤੀਜਾ ਹੈ ਅਤੇ ਇਹ ਜਿੱਤ ਸਾਰਿਆਂ ਦੀ ਸਾਂਝੀ ਹੈ ਅਤੇ ਇਸ ਵਾਸਤੇ ਉਹ ਸਭ ਨੂੰ ਮੁਬਾਰਕਵਾਦ ਦਿੰਦੇ ਹਨ ਅਤੇ ਸਭ ਦਾ ਧੰਨਵਾਦ ਵੀ ਕਰਦੇ ਹਨ।

Install Punjabi Akhbar App

Install
×