ਸਾਡਾ ਪੁੱਤਰ ਅਤੇ ਮਿੱਤਰ Vivek Singh Pandher ਪਿਛਲੇ ਦਿਨੀਂ ਗੰਭੀਰ ਰੂਪ ਵਿਚ ਬਿਮਾਰ ਹੋ ਗਿਆ। ਮੈਂ, ਪਤਨੀ Balbir Kaur, ਭੈਣ ਜਸਵਿੰਦਰ ਅਤੇ ਬੇਟੀ Kirat Pandher ਦਿਲੀ ਤੋਂ 3.7.15 ਦੀ ਸਵੇਰ ਵੈਨਕੂਵਰ ਲਈ ਚੱਲ ਪਏ। ਵੈਨਕੂਵਰ ਦੀ 3.7.15 ਸ਼ਾਮ ਨੂੰ ਪਹੁੰਚਣ ਤੇ ਵਿਵੇਕ ਦੀ ਸਿਹਤ ਵਿਚ ਸੁਧਾਰ ਹੋਣ ਦਾ ਪਤਾ ਲੱਗਾ। ਮਾਤਾ-ਪਿਤਾ ਜੀ, ਭਰਾ, ਚਾਚੇ, ਚਾਚੀਆਂ, Cousins, ਬਹੁਤ ਸਾਰੇ ਭਤੀਜੇ ਭਤੀਜੀਆਂ ਕੁਝ ਦੋਸਤ ਪਰਿਵਾਰ ਚਾਈਂ ਚਾਈਂ ਮਿਲੇ। ਸਵੇਰੇ ਡਾ. ਨੇ ਉਹਨਾਂ ਨੂੰ ਸੁਧਾਰ ਬਾਰੇ ਦੱਸਿਆ ਸੀ। ਸ਼ਾਮ ਨੂੰ ਸਾਡੇ ਪਹੁੰਚਣ ਤੇ ਪਹਿਲਾਂ ਉਹਨਾਂ ਦੁਬਾਰਾ ਪੁੱਛਿਆ ਤਾਂ ICU ਦੇ ਮੁਖੀ ਡਾ. ਮਾਈਪਿੰਦਰ ਸਿੰਘ ਸੇਖੋਂ (ਕਨੇਡਾ ਦੇ ਜੰਮਪਲ) ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਸਾਰੇ ਹਸਪਤਾਲ ਹੀ ਆ ਜਾਣਾ ਮੈਂ ਵਾਰ-ਵਾਰ ਨਾਲੋਂ parents ਸਮੇਤ ਸਾਰਿਆਂ ਨੂੰ ਇਕੋ ਵਾਰੀ ਵਿਸਥਾਰ ਨਾਲ ਦੱਸ ਦਿਆਂਗਾ। ਹਸਪਤਾਲ ਪਹੁੰਚ ਕੇ ਵਿਵੇਕ ਨੂੰ ਦੇਖਿਆ, ਛੂਹਿਆ, ਬੁਲਾਇਆ। ਸਾਹ, ਨਬਜ਼ ਠੀਕ, ਪਿੰਡਾ ਕੋਸਾ, ਪਰ ਬੇਹੋਸ਼। ਇਕ ਕਮਰੇ ਵਿਚ ਸਾਨੂੰ ਬਿਠਾਇਆ ਗਿਆ। ਡਾ. ਸੇਖੋਂ ਨੇ ਉਸ ਦੇ ਦਿਮਾਗ ਦੀ ਸੋਜਿਸ਼ ਘਟਣ ਵਧਣ ਬਾਰੇ ਵਿਸਥਾਰ ਨਾਲ ਦੱਸਿਆ। ਉਸ ਦੱਸਿਆ ਕਿ ਜਦੋਂ ਸੋਜਿਸ਼ ਦਿਮਾਗ ਦੇ ਉਪਰਲੇ ਹਿੱਸੇ ਤੋਂ ਹੇਠਲੇ ਭਾਗ ਤੇ ਜ਼ਿਆਦਾ ਆ ਜਾਵੇ ਤਾਂ ਇਹ dead ਹੋ ਜਾਂਦਾ ਹੈ, ਜਾਨੀ ਬੰਦਾ dead ਹੋ ਜਾਂਦਾ ਹੈ। ਵਿਵੇਕ ਨਾਲ ਸਾਡੇ ਪਹੁੰਚਣ ਤੋਂ ਕੁਝ ਸਮਾਂ ਪਹਿਲਾਂ ਇਹ ਹੋ ਚੁੱਕਾ ਸੀ। ਸਭ ਨੇ ਇਸ ਨੂੰ ਬੜੇ ਧੀਰਜ ਨਾਲ ਸੁਣਿਆ ਅਤੇ ਪ੍ਰਵਾਨ ਕੀਤਾ।
ਡਾ. ਦਾ ਏਨੇ ਸੋਹਣੇ ਤਰੀਕੇ ਨਾਲ ਦੱਸਣ ਲਈ ਧੰਨਵਾਦ ਕੀਤਾ। ਏਨੀ ਸ਼ਿੱਦਤ ਨਾਲ ਉਸ ਨੂੰ ਬਚਾਉਣ ਲਈ ਕੀਤੇ ਸਿਰਤੋੜ ਯਤਨਾਂ ਲਈ ਵੀ ਧੰਨਵਾਦ ਕੀਤਾ। ਸਭ ਨੇ ਵਿਵੇਕ ਦੇ ਗੁਣਾ ਦੀ ਚਰਚਾ ਕੀਤੀ। ਸਭ ਨੇ ਇਹ ਫੈਸਲਾ ਕੀਤਾ ਕਿ ਰੋਣ ਜਾਂ ਵਿਰਲਾਪ ਦੀ ਜਗ੍ਹਾ ਉਸ ਦੇ ਚੰਗੇ ਗੁਣਾਂ, ਉਦਮਾਂ, ਕੰਮਾਂ ਦੀ ਚਰਚਾ ਕਰਾਂਗੇ। ਉਸ ਦੀਆਂ ਵਧੀਆ ਗੱਲਾਂ ਕਰਕੇ ਉਸ ਨੂੰ ਯਾਦ ਕਰਦੇ ਰਹਾਂਗੇ ਕਿ ਉਹ ਆਪਣੇ ਮਾਂ ਪਿਉ ਤੱਕ ਲਈ ਵੱਡੇ ਅਤੇ ਵਧੀਆ ਕੰਮ ਕਰਨ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣਿਆਂ ਰਹਿੰਦਾ ਸੀ। ਲਿਆਕਤ, ਨਿਮਰਤਾ, ਦਲੇਰੀ, ਉਦਮ, maturity, authenticity, Hard work, ਆਗਿਆਕਾਰਤਾ, ਸੂਝ ਬੂਝ ਯਾਨੀ ਕਿਸੇ ਪੱਖੋਂ ਕੋਈ ਕਮੀ ਨਹੀਂ ਸੀ ਉਸ ਵਿਚ। ਏਨਾ ਕਮਾਲ ਦਾ ਤੋਹਫਾ ਦੇਣ ਲਈ ਪ੍ਰਮਾਤਮਾ/ਕੁਦਰਤ ਦਾ ਧੰਨਵਾਦ ਕੀਤਾ ਗਿਆ। ਆਪਣੀ 2 ਮਹੀਨੇ ਘੱਟ 23 ਸਾਲ ਦੀ ਉਮਰ ਦੌਰਾਨ ਉਸ ਨੇ ਜਿੰਨੀ ਖੁਸ਼ੀ ਅਤੇ ਤਾਜ਼ਗੀ ਆਪਣੇ ਨਾਲ ਸਬੰਧਤ ਸਾਰੇ ਲੋਕਾਂ ਨੂੰ ਦਿੱਤੀ ਉਸ ਤੇ ਬੇਹੱਦ ਸੰਤੁਸ਼ਟੀ ਪ੍ਰਗਟ ਕੀਤੀ ਗਈ। ਸਾਨੂੰ ਉਸ ਦੀ ਹਰ ਗੱਲੋਂ ਬੇਫਿਕਰੀ ਰਹੀ। ਉਸ ਵਲੋਂ ਕੀਤੇ ਕਈ ਕੰਮਾਂ ਦਾ ਉਸ ਦੇ ਦੋਸਤਾਂ ਤੋਂ ਪਤਾ ਲੱਗਣਾ ਤਾਂ ਅਸੀਂ ਕਹਿਣਾ ਇਹ ਕਰਨ ਤੋਂ ਪਹਿਲਾਂ ਤੂੰ ਸਾਨੂੰ ਤੇ ਦੱਸਿਆ-ਪੁੱਛਿਆ ਨਹੀਂ।
ਉਸ ਕਹਿਣਾ, ”ਮੈਨੂੰ ਪਤਾ ਹੈ ਕਿ ਜਿਹੜਾ ਕੰਮ ਤੁਹਾਨੂੰ ਖੁਸ਼ੀ ਦੇਵੇਗਾ ਉਸ ਨੂੰ ਕਰਨ ਲਈ ਤੁਹਾਡੀ ਆਗਿਆ ਲੈਣ ਦੀ ਲੋੜ ਨਹੀਂ।”
ਡਾ. ਸੇਖੋਂ ਨੇ ਦੱਸਿਆ ਕਿ ਵਿਵੇਕ ਇਸੇ ਹਸਪਤਾਲ ਵਿਚ ਪਿਛਲੇ ਸਾਲ ਆਪਣੇ ਸਰੀਰ ਦੇ ਵਰਤੋਂ ਯੋਗ ਸਾਰੇ ਅੰਗ ਦਾਨ ਕਰ ਗਿਆ ਸੀ। ਸਾਨੂੰ ਨਹੀਂ ਸੀ ਪਤਾ। ਸੁਣ ਕੇ ਸਭ ਦਾ ਮਨ ਗਦਗਦ ਹੋ ਗਿਆ। ਸਭ ਨੇ ਤਾੜੀਆਂ ਵਜਾ ਕੇ ਉਸ ਦੀ ਪ੍ਰਸੰਸਾ ਕੀਤੀ। ਡਾ. ਸੇਖੋਂ ਨੇ ਉਸ ਵਲੋਂ ਇਸ ਸਬੰਧੀ ਹੱਥੀਂ ਭਰਿਆ ਅਤੇ ਦਸਤਖਤ ਕੀਤਾ ਫਾਰਮ ਦਿਖਾਇਆ। ਅੱਗੇ ਜਦ ਕਿਸੇ ਨੇ ਕਹਿਣਾ ਕਿ ਤੁਹਾਡੇ ਬੇਟੇ ਦੀ ਫਲਾਣੀ ਗੱਲ ਬੜੀ ਵਧੀਆ ਹੈ ਤਾਂ ਅਸੀਂ ਕਹਿਣਾ ਉਹ ਬੇਟਾ ਨਹੀਂ ਹੁਣ ਤੇ ਸਾਡਾ ਪਿਓ ਹੈ। ਪਰ ਅੱਜ ਉਸ ਦੇ ਮਾਂ ਪਿਓ ਹੋਣ ਤੇ ਬਹੁਤ ਮਾਣ ਹੋਇਆ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਾਤ ਦੇ 10.30 ਵੱਜ ਗਏ।
ਅਸੀਂ ਡਾ. ਸੇਖੋਂ ਤੋਂ ਪੁਛਿਆ ਕਿ ਕਦੋਂ ਤੱਕ ਦਾਨ ਕੀਤੇ ਸਾਰੇ ਅੰਗਾਂ ਨੂੰ ਪ੍ਰਾਪਤ ਕਰਨ ਦੀ ਕਾਰਵਾਈ ਕਰ ਲਵੋਗੇ। ਉਸ ਦੱਸਿਆ ਕਿ ਉਹ ਹੋਰ ਵਿਭਾਗ ਹੈ, ਉਸ ਨਾਲ ਸਬੰਧਤ ਡਾ. ਕੱਲ੍ਹ ਦਿਨੇ ਮਿਲਣਗੇ ਪਹਿਲਾਂ ਕੁਝ ਲਿਖਤੀ ਕਾਰਵਾਈ ਹੋਏਗੀ। ਅਸੀਂ ਕਿਹਾ ਕਿ ਪਤਾ ਕਰ ਲਓ ਕਿ ਜੇ ਹੁਣ ਆ ਸਕਦੇ ਹਨ ਅਸੀਂ ਇਸ ਨੂੰ ਹੁਣੇ ਮੁਕੰਮਲ ਕਰ ਕੇ ਖੁਸ਼ ਹੋਵਾਂਗੇ। ਉਹਨਾਂ ਡਾ. ਨਾਲ ਗੱਲ ਕੀਤੀ ਜੋ ਇਕ ਘੰਟੇ ਵਿਚ ਪਹੁੰਚ ਗਈ। ਫਾਰਮ ਵਗੈਰਾ ਦਸਤਖਤ ਕੀਤੇ। ਉਸ ਵਲੋਂ ਵਿਵੇਕ ਦੀ ਸਿਹਤ ਦੇ ਰਿਕਾਰਡ ਨਾਲ ਸਬੰਧਤ ਸਵਾਲਾਂ ਦੇ ਜੁਆਬ ਦਿੱਤੇ। ਉਹਨਾਂ ਦੱਸਿਆ ਕਿ ਦਾਨ ਕੀਤੇ ਗਏ ਸਾਰੇ ਅੰਗਾਂ ਨੂੰ ਪ੍ਰਾਪਤ ਕਰਨ ਦੀ ਕਾਰਵਾਈ 48 ਘੰਟੇ ਵਿਚ ਪੂਰੀ ਕਰ ਲੈਣਗੇ। ਤਦ ਤਕ ਉਸ ਦੇ ਸਰੀਰ ਦੇ ਸਾਰੇ ਸਿਸਟਮ ਨੂੰ ਵੈਂਟੀਲੇਟਰ ਰਾਹੀਂ ਚਲਦਾ ਰੱਖਿਆ ਜਾਵੇਗਾ।
ਘਰ ਆ ਕੇ ਸਾਰੇ ਜੀਆਂ ਨੂੰ ਇਸ ਸਾਰੇ ਕਾਸੇ ਤੋਂ ਜਾਣੂੰ ਕਰਾਿੲਆ ਗਿਆ। ਸਭ ਨੇ ਮਤਾ ਪਾਸ ਕੀਤਾ ਕਿ ਵਿਵੇਕ ਦੇ ਰੂਪ ਵਿਚ ਪ੍ਰਾਪਤ ਹੋਏ ਸ਼ਾਨਦਾਰ ਸਾਥ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਹੀ ਕੀਤਾ ਜਾਵੇਗਾ, ਕੋਈ ਰੋਣ ਵਿਰਲਾਪ ਨਹੀਂ ਕੀਤਾ ਜਾਵੇਗਾ। ਉਸ ਦੀਆਂ ਗੱਲਾਂ ਕੀਤੀਆਂ, ਪ੍ਰਸ਼ਾਦਾ ਛਕਿਆ। ਵੱਡੇ ਪਰਿਵਾਰ ਦੇ ਬਹੁਤੇ ਜੀਅ ਆਪੋ ਆਪਣੇ ਸੌਣ ਦੀਆਂ ਥਾਵਾਂ ਤੇ ਚਲੇ ਗਏ। ਬਾਕੀਆਂ ਨੇ ਹੋਰ ਗੱਲਾਂ ਕੀਤੀਆਂ। India ਨਾਲੋਂ ਦਿਨ-ਰਾਤ ਦਾ ਫਰਕ ਹੋਣ ਕਰਕੇ ਸਾਨੂੰ ਨੀਂਦ ਨਹੀਂ ਆਈ, ਇਸ ਕਰਕੇ ਮੈਂ ਤੁਹਾਡੀ ਜਾਣਕਾਰੀ ਲਈ ਇਹ ਅੱਖਰ ਲਿਖ ਦਿੱਤੇ ਹਨ। ਸਾਡੇ ਜੋ ਜਾਣਕਾਰ ਫੇਸਬੁਕ ਤੇ ਨਹੀਂ ਹਨ ਉਹਨਾਂ ਨੂੰ ਪੜ੍ਹ ਕੇ ਸੁਣਾ ਦੇਣਾ।
ਆਪ ਸਭ ਨੂੰ ਬੇਨਤੀ ਹੈ ਕਿ ਸਾਡੀ ਇਸ ਮਨੋਦਸ਼ਾ ਨੂੰ ਬਣਾਈ ਰੱਖਣ ਲਈ ਸਾਡੀ ਸਹਾਇਤਾ ਕਰਨਾ। ਤੁਹਾਡੀ ਹਮਦਰਦੀ ਅਤੇ ਅਫਸੋਸ ਵਾਲੇ ਬੋਲ ਬਿਨ-ਬੋਲਿਆਂ ਸਾਡੇ ਤੱਕ ਪਹੁੰਚ ਰਹੇ ਹਨ। ਆਪਣੀ ਅਤੇ ਸਾਡੀ ਚੜ੍ਹਦੀ ਕਲਾ ਲਈ ਕਾਮਨਾ ਕਰਨਾ। ਵਿਵੇਕ ਸਬੰਧੀ ਜੇ ਕੋਈ ਚੰਗੀਆਂ ਗੱਲਾਂ/ਯਾਦਾਂ ਸਾਂਝੀਆਂ ਕਰਨ ਨੂੰ ਮਨ ਕਰਦਾ ਹੋਵੇ ਤਾਂ ਉਹ ਕਿਸੇ ਨਾ ਕਿਸੇ ਰੂਪ ‘ਚ ਸਾਡੇ ਲਈ ਅਮਾਨਤ ਵਾਂਗ ਲਿਖ ਰੱਖਣਾ।
ਇਸ ਭਿਆਨਕ ਲਗਦੇ ਹਾਦਸੇ ਨੂੰ ਸਹਿਜਤਾ ਨਾਲ ਸਹਿਣ ਦੀ ਸ਼ਕਤੀ ਕਿਥੋਂ ਆਈ ਇਹ ਕਦੀ ਫਿਰ ਸਾਂਝਾ ਕਰਾਂਗੇ।