ਫਿਰਨਾ ਤੁਰਨਾ ਤੇ ਗੱਲਬਾਤ ਦੀ ਆਪਸੀ ਸਾਂਝ ਪਾਉਣੀ ਮਨੁੱਖ ਦੀ ਹਮੇਸ਼ਾ ਫ਼ਿਤਰਤ ਰਹੀ ਹੈ। ਆਪਣੇ ਹਾਣ ਦੇ ਟੋਲੇ ਨਾਲ ਘੁੰਮਣ ਫਿਰਨ ਤੇ ਗੱਪ ਸ਼ਪ ਮਾਰਨ ਦਾ ਆਪਣਾ ਵੱਖਰਾ ਹੀ ਨਜ਼ਾਰਾ ਹੁੰਦਾ ਹੈ। ਖਾਸ ਕਰਕੇ ਉਹ ਪ੍ਰੌੜ੍ਹ ਲੋਕ, ਨੂੰ ਜਿਹਨਾਂ ਨੇ ਜੀਵਨ ਦੇ ਖੱਟੇ ਮਿੱਠੇ ਅਨੁਭਵਾਂ ਵਿਚੋਂ ਦੀ ਲੰਘਦਿਆਂ ਕਾਫੀ ਉਮਰ ਹੰਢਾ ਲਈ ਹੁੰਦੀ ਹੈ। ਇਸ ਪ੍ਰੌੜ੍ਹ ਉਮਰ ਵਿਚ ਕੁਝ ਮਾਯੂਸੀ ਵੀ ਜ਼ਰੂਰ ਆ ਹੀ ਜਾਂਦੀ ਹੈ। ਇਸ ਮਾਯੂਸੀ ਨੂੰ ਦੂਰ ਕਰਨ ਤੇ ਹੁਲਾਸ ਦਾ ਰੰਗ ਭਰਨਾ ਇੱਕ ਪਰਉਪਕਾਰੀ ਕਰਮ ਹੋ ਨਿਬੜਦਾ ਹੈ।
“ਸਿੱਖ ਐਸੋਸੀਏਸ਼ਨ ਆਫ਼ ਆਸਟ੍ਰੇਲੀਆ” ਵੱਲੋਂ ਇਸ ਪਰਉਪਕਾਰੀ ਕਾਰਜ ਕਰਦਿਆਂ ਸੀਨੀਅਰ ਸਿਟੀਜ਼ਨਾਂ ਵਿਚ ਤਾਜ਼ਗੀ ਦੀ ਰਵਾਨਗੀ ਭਰਨ ਲਈ ਸਮੂਹਕ ਰੂਪ ਵਿੱਚ ਘੁਮਾਉਣ ਫਿਰਾਉਣ ਲਈ ਵੱਖ ਵੱਖ ਥਾਵਾਂ ਦੇ ਸਮੇਂ ਸਮੇ ਸੁਚੱਜਾ ਪ੍ਰਬੰਧ ਕਰਦੀ ਹੀ ਰਹਿੰਦੀ ਹੈ। ਐਤਕੀਂ ਵੀ ਇਸ ਸੰਸਥਾ ਵੱਲੋਂ, ਸ. ਹਰਕਮਲਜੀਤ ਸਿੰਘ ਸੈਣੀ ਡਾਇਰੈਕਟਰ ਸੀਨੀਅਰ ਸਿਟੀਜਨ ਵਿੰਗ, ਜੋਗਿੰਦਰ ਸਿੰਘ ਜਗਰਾਉਂ ਕੋਆਰਡੀਨੇਟਰ, ਬੀਬੀਕੁਲਦੀਪ ਕੌਰ ਪੂਨੀ ਕੋਆਰਡੀਨੇਟਰ, ਸ. ਮਨਮੋਹਨ ਸਿੰਘ ਪੂਨੀ, ਸ. ਸੰਤੋਖ ਸਿੰਘ, ਸ. ਕੁਲਦੀਪ ਸਿੰਘ ਜੌਹਲ, ਸ. ਹਰਚਰਨ ਸਿੰਘ ਭੋਲਾ, ਸ. ਰਣਜੀਤ ਸਿੰਘ ਬਨਵੈਤ, ਬੀਬੀ ਪਰਮਜੀਤ ਕੌਰ ਕਲਸੀ ਅਤੇ ਗੁਰਦੁਆਰਾ ਮੈਨਜਿੰਗ ਕਮੇਟੀ ਗਲੈਨਵੁੱਡ ਦੀ ਯੋਗ ਅਗਵਾਈ ਵਿੱਚ ਫਾਗਨ ਪਾਰਕ ਡਿਊਰਲ ਵਿਚਲੇ ‘ਮਿੱਤਰਾਂ ਦੇ ਘਰ’ ਦਾ ਫੇਰਾ ਤੋਰਾ ਮਾਰਨ ਦਾ ਸਬੱਬ ਬਣਾਇਆ ਗਿਆ ਤਾਂ ਕਿ ਸੀਨੀਅਰ ਸਿਟੀਜਨ ਵੀ ਕੁਝ ਸੁਖਦ ਪਲ ਮਾਣ ਸਕਣ।
ਗਲੈਨਵੁੱਡ ਸਿਡਨੀ ਗੁਰਦੁਆਰਾ ਸਾਹਿਬ ਤੋਂ ਮੱਖਣ ਘਿਉ ਵਾਲੇ ਗਰਮਾ ਗਰਮ ਪਰੌਂਠੇ, ਦਹੀਂ, ਦਲੀਆ, ਚਾਹ ਆਦਿ ਦਾ ਨਾਸ਼ਤਾ ਕਰਵਾ ਕੇ, ਦੋ ਲਗਜ਼ਰੀ ਬੱਸਾਂ ਤੇ ਵੈਨਾਂ ਰਾਹੀਂ ਪੌਣੋ ਦੋ ਸੌ ਦੇ ਕਰੀਬ, ਸੀਨੀਅਰ ਸਿਟੀਜ਼ਨਜ਼ ਨੂੰ ਫਾਗਨ ਪਾਰਕ ਸਿਡਨੀ ਪਹੁੰਚਾਇਆ ਗਿਆ। ਓਥੇ ਵੀ ਵੰਨ ਸੁਵੰਨੀਆਂ ਮਿਠਾਈਆਂ, ਨਮਕੀਨ ਆਦਿ ਨਾਲ ਚਾਹ ਪਾਣੀ ਤੇ ਜੂਸ ਆਦਿ ਦਾ ਪੂਰਾ ਪ੍ਰਬੰਧ ਸੀ। ਲੋੜ ਅਨੁਸਾਰ ਖਾਣ ਪੀਣ ਤੋਂ ਬਾਅਦ ਫਾਗਨ ਪਰਵਾਰ ਦੇ ਵਿਰਾਸਤੀ ਘਰ ਨੂੰ ਵੇਖਣ ਲਈ ਵੱਖ ਟੋਲਿਆਂ ਵਿਚ ਜਾਣਾ ਸ਼ੁਰੂ ਕਰ ਦਿੱਤਾ ਤਾਂ ਕਿ ਭੀੜ ਭੜੱਕੇ ਦੇ ਰੌਲੇ ਗੌਲੇ ਦੀ ਥਾਂ ਸ਼ਾਂਤੀ ਨਾਲ ਇਸ ਵਿਰਾਸਤੀ ਘਰ ਵੇਖਿਆ ਜਾ ਸਕੇ। ਏਥੇ ਕੁਝ ਗੋਰੇ ਬੀਬੇ ਤੇ ਬੀਬੀਆਂ ਵਲੰਟੀਅਰ ਗਾਈਡ ਤੌਰ ‘ਤੇ, ਇਸ ਘਰ ਵਿਚ ਪਈਆਂ ਵਿਰਾਸਤੀ ਵਸਤੂਆਂ ਬਾਰੇ ਬੜੀ ਬਰੀਕੀ ਨਾਲ ਸਮਝਾ ਰਹੇ ਸਨ। ਵੈਸੇ ਵੀ ਘਰ, ਪਰਵਾਰ, ਖੇਤੀ, ਬਾਗ਼ਬਾਨੀ ਕਰਨ ਦੇ ਸੰਦ, ਮਕੈਨੀਕਲ ਔਜ਼ਾਰ, ਆਵਾਜਾਈ ਲਈ ਵਰਤੇ ਜਾਂਦੇ ਸਾਧਨ ਬੱਘੀਆਂ, ਜੀਪਾਂ, ਕਾਰਾਂ ਆਦਿ, ਹੈਂਡ ਪੰਪ ਤੇ ਪੌਣ ਪੱਖਿਆਂ ਦੀ ਮਦਦ ਨਾਲ ਚਲਣ ਵਾਲੇ ਪੰਪ ਆਦਿ ਵਿਰਾਸਤੀ ਵਸਤਾਂ ਆਸਟ੍ਰੇਲੀਆ ਦੇ ਅਤੀਤ ਬਾਰੇ ਝਲਕਾਰਾ ਰੁਪਮਾਨ ਕਰਵਾਉਂਦੀਆਂ ਹਨ।
ਇੱਕ ਬਹੁਤ ਹੀ ਖੂਬਸੂਰਤ ਧਰਾਤਲ ਵਾਲੀ ਇਹ ਫਾਗਨ ਪਾਰਕ ਕਰੀਬ 100 ਹੈਕਟਰ ਵਿਚ ਫੈਲੀ ਹੋਈ ਹੈ। ਇਸ ਖੇਤਰ ਵਿੱਚ ਆਇਰਲੈਂਡ ਦਾ ਫਾਗਨ ਪਰਵਾਰ, 1840 ਵਿੱਚ ਆਸਟ੍ਰੇਲੀਆ ਆ ਕੇ ਵੱਸਿਆ ਸੀ। ਇਸ ਪਰਵਾਰ ਨੇ ਉਸ ਸਮੇ ਦਾ ਆਲੀਸ਼ਾਨ ਘਰ ਬਣਾਇਆ। ਸੰਨ 1980 ਵਿੱਚ ਇਸ ਪਰਵਾਰ ਦੇ ਵਾਰਸਾਂ ਨੇ ਘਰ ਤੇ ਵਸਤਾਂ ਸਮੇਤ ਇਸ ਖੇਤਰ ਨੂੰ ਵਿਰਾਸਤੀ ਅਮਾਨਤ ਵਜੋਂ ਵਿਕਾਸ ਕਰਨ ਲਈ ਇਹ ਜ਼ਮੀਨ ਦਾਨ ਕਰ ਦਿੱਤੀ ਸੀ। 1988 ਵਿੱਚ ਸਥਾਨਕ ਕੌਂਸਲ ਨੇ ਇਸ ਨੂੰ ਖੂਬਸੂਰਤ ਬਣਾਉਣ ਦੇ ਯਤਨ ਆਰੰਭ ਦਿੱਤੇ ਪਰ ਹੁਣ ਇਸ ਦੀ ਮੌਜੂਦਾ ਰੇਖ ਦੇਖ “ਫਰੈਂਡਜ ਆਫ ਫਾਗਨ ਪਾਰਕ ਕਲੱਬ” ਵੱਲੋਂ ਕੀਤੀ ਜਾ ਰਹੀ ਜੋ ‘ਮਿੱਤਰਾਂ ਦਾ ਘਰ’ ਵਜੋਂ ਜਾਣਿਆ ਜਾਂਦਾ ਹੈ।
ਦਰੱਖਤਾਂ ਤੇ ਘਾਹ ਦੀ ਦਿਲ ਖਿੱਚਵੀਂ ਹਰਿਆਵਲ, ਖਿੜੀ ਧੁੱਪ ਤੇ ਠੰਡੀ ਰੁਮਕਦੀ ਪੌਣ ਦਾ ਆਪਣਾ ਵੱਖਰੀ ਤਰ੍ਹਾਂ ਦਾ ਮਨਮੋਹਕ ਦ੍ਰਿਸ਼ ਸਿਰਜਦੀ ਹੈ। ਇਹ ਦ੍ਰਿਸ਼ ਦਾ ਲੁਤਫ਼ ਉਠਾਉਣ ਲਈ ਆਉਣ ਵਾਲੇ ਹਰ ਦਰਸ਼ਕ ‘ਤੇ ਜਾਦੂਮਈ ਰੰਗ ਵਿਖਾਉਂਦਾ ਹੈ। ਮੰਤਰ ਮੁਗਧ ਹੋਇਆ ਹਰ ਮਨ ਅੱਥਰੇ ਹਿਰਨ ਵਾਂਗ ਚੁੰਗੀਆਂ ਭਰਨ ਤੇ ਮੋਰ ਵਾਂਗ ਪੈਲਾਂ ਪਾਉਣ ਲਈ ਮਚਲ ਉਠਦਾ ਹੈ। ਕੁਝ ਲੋਕ ਇਸ ਖੇਤਰ ਦੇ ਮਨ ਮੋਹਕ ਦ੍ਰਿਸ਼ ਨੂੰ ਅੱਖਾਂ ਰਾਹੀਂ ਦਿਲ ਦਿਮਾਗ਼ ਤੱਕ ਪਹੁੰਚਾਉਣ ਲਈ ਨਿਕਲ ਤੁਰੇ ਤੇ ਕੁਝ ਗੱਪਾਂ ਸ਼ੱਪਾਂ ਮਾਰਨ ਲਈ ਮਜਲਸਾਂ ਲਾ ਕੇ ਬੈਠ ਗਏ ਅਤੇ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ, ਬੋਲੀ ਮੈਂ ਪਾਉਂਦਾ ਨੱਚ ਗਿੱਧੇ ਵਿੱਚ ਤੂੰ, ਅਨੁਸਾਰ ਬਹੁਤਿਆਂ ਨੇ ਆਪਣੇ ਆਪਣੇ ਪਿੜ ਮੱਲ ਲਏ। ਹੁਣ ਮਿੱਤਰਾਂ ਦੀ ਮੋਟਰ ਤੇ ਗਲਾਸੀ ਖੜਕਣ ਦੀ ਥਾਂ, ‘ਏਧਰ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ, ਮਲਕੀ ਖੂਹ ਦੇ ਉਤੇ ਭਰਦੀ ਪਈ ਸੀ ਪਾਣੀ, ਕੀਮਾ ਆ ਕੇ ਬੇਨਤੀ ਗੁਜ਼ਾਰੇ, ਕੱਤਾਂ ਪ੍ਰੀਤਾਂ ਨਾਲ ਚਰਖਾ ਚੰਦਨ ਦਾ ਆਦਿ ਬੋਲਾਂ ਨਾਲ ਸੰਗੀਤਮਈ ਦੀ ਫ਼ਿਜ਼ਾ ਰੁਮਕਣ ਲੱਗ ਪਈ। ਪੰਜਾਬੀਅਤ ਦੀ ਪ੍ਰੌੜ੍ਹ ਢਾਣੀ ਦੇ ਇਸ ਫੇਰੇ ਤੋਰੇ ਨੇ ਪੰਜਾਬੀ ਵਿਰਸਾਤੀ ਸੱਭਿਆਚਾਰ ਦਾ ਮਿੰਨੀ ਮੇਲੇ ਗੇਲੇ ਵਰਗਾ ਮਾਹੌਲ ਹੀ ਸਿਰਜ ਦਿੱਤਾ ਸੀ। ਗੀਤ, ਸੰਗੀਤ, ਬੋਲੀਆਂ ਨਾਲ ਗਿੱਧੇ, ਭੰਗੜੇ ਨੇ ਆਣ ਪਿੜ ਮੱਲੇ ਤੇ ਹਾਸੇ ਠੱਠੇ ਵੀ ਪੂਰੇ ਚਲੇ। ਦੁਪਹਿਰ ਵੇਲੇ, ਸਵੇਰ ਤੋਂ ਉਡੀਕੇ ਜਾ ਰਹੇ ਗਿਆਨੀ ਸੰਤੋਖ ਸਿੰਘ ਦੀ ਆਮਦ ਨੇ ਇਸ ਮੇਲੇ ਦੇ ਰੰਗ ਨੂੰ ਹੋਰ ਵੀ ਜ਼ਰੂਰ ਗੂਹੜਾ ਕਰ ਦਿੱਤਾ। ਪਰ ਵਤਨ ਪਰਤ ਚੁੱਕੇ ਪ੍ਰੋਫੈਸਰ ਸੁਖਵੰਤ ਸਿੰਘ ਗਿੱਲ ਦੀ ਘਾਟ ਜ਼ਰੂਰ ਰੜਕਦੀ ਰਹੀ।
ਪਿਛਲੀ ਉਮਰ ਚਾਲੀਆਂ ਸਮੱਸਿਆਵਾਂ ਮਾਨੋ ਖੰਭ ਲਾ ਕੇ ਹੀ ਉਡੀਆਂ ਹੋਈਆਂ ਸਨ। ਆਪਣੀ ਆਪਣੀ ਜਵਾਨੀ ਵੇਲੇ ਦੀਆਂ ਮਿੱਠੀਆਂ ਨਿੱਘੀਆਂ ਯਾਦਾਂ ਨਾਲ ਮਾਹੌਲ ਪੂਰੀ ਤਰ੍ਹਾਂ ਰੋਮਾਂਚਕ ਹੋ ਉਠਿਆ ਸੀ। ਬੀਬੀ ਸ਼ਲਿੰਦਰ ਕੌਰ ਛਿੰਦੀ, ਗੁਰਜੀਤ ਕੌਰ, ਸੁਖਵਿੰਦਰ ਕੌਰ ਆਹੀ, ਸ. ਮੁਕੰਦ ਸਿੰਘ ਸੇਵਕ, ਸ. ਸਤਨਾਮ ਸਿੰਘ ਗਿੱਲ, ਸ. ਜੀਵਨ ਸਿੰਘ ਦੋਸਾਂਝ, ਜੋਗਿੰਦਰ ਸਿੰਘ ਸੋਹੀ, ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ, ਬਲਜਿੰਦਰ ਸਿੰਘ ਅਜਨਾਲਾ, ਲਖਵਿੰਦਰ ਸਿੰਘ ਚਾਹਲ ਆਦਿ ਨੇ ਇਸ ਰੌਣਕ ਮੇਲੇ ਦੀ ਰੌਣਕ ਨੂੰ ਵਧਾਉਣ ਵਿਚ ਤਨੋ ਮਨੋ ਯੋਗਦਾਨ ਪਾਇਆ।
ਗੁਰਦੁਆਰਾ ਸਾਹਿਬ ਦੇ ਮੈਨੇਜਰ ਸ. ਜਸਵੰਤ ਸਿੰਘ ਪੰਨੂੰ ਵੱਲੋਂ ਲਿਆਂਦੇ ਗਏ ਲੰਗਰ ਨੂੰ ਬੜੀ ਅਨੁਸ਼ਾਸਤ ਵਿਧੀ ਨਾਲ ਵੰਡ ਕੇ ਛਕਿਆ ਗਿਆ। ਲੌਢਾ ਵੇਲਾ ਕਰਨ ਤੋਂ ਬਾਅਦ ਫਿਰ ਮਹਿਫ਼ਲਾਂ ਜੁੜ ਗਈਆਂ। ਵੈਸੇ ਵੀ ਸਮਾ ਰੁਕਦਾ ਨਹੀਂ ਪਰ ਇਸ ਰੰਗੀਨ ਸਮੇ ਘੜੀਆਂ ਦੀਆਂ ਸੂਈਆਂ ਆਮ ਨਾਲੋਂ ਕੁਝ ਜ਼ਿਆਦਾ ਹੀ ਤੇਜ ਦੌੜੀਆਂ ਜਾਂਦੀਆਂ ਜਾਪਦੀਆਂ ਸਨ। ਢਲੇ ਸੂਰਜ ਤੇ ਰੁੱਖਾਂ ਦੇ ਲੰਮੇ ਹੁੰਦੇ ਪਰਛਾਵਿਆਂ ਨੇ ਮੌਜ ਮਸਤੀ ਕਰਦੇ ਪਰਿੰਦਿਆਂ ਨੂੰ ਆਪਣੇ ਆਪਣੇ ਆਹਲਣਿਆਂ ਵੱਲ ਕੂਚ ਕਰਨ ਦਾ ਸੰਦੇਸ਼ ਦੇ ਦਿੱਤਾ।
ਆਖਰ ਤੁਰਨ ਦਾ ਵੇਲਾ ਆਇਆ। ਅਨੁਸ਼ਾਸਤ ਵਿਧੀ ਨਾਲ ਮਾਣੇ ਗਏ ਅਨੰਦ ਤੇ ਲੁੱਟੇ ਗਏ ਲੁਤਫ਼ ਲਈ ਜਿਥੇ ਸਮੂਹ ਪ੍ਰਬੰਧਕਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ ਓਥੇ ਪ੍ਰਬੰਧਕਾਂ ਵਲੋਂ ਭਵਿੱਖ ਵਿੱਚ ਅਜਿਹੇ ਹੋਰ ਟੂਰ ਪ੍ਰੋਗਰਾਮ ਉਲੀਕਣ ਦਾ ਵਿਸ਼ਵਾਸ ਵੀ ਦਿਵਾਇਆ ਗਿਆ। ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਪੰਜਾਬੀ ਘਰ/ਸਕੂਲ ਵਿੱਚ ਸੂਚਨਾ ਸੰਚਾਰ ਪ੍ਰਣਾਲੀ ਦੀਆਂ ਨਵੀਂ ਤਕਨੀਕਾਂ ਕੰਪਿਊਟਰ, ਪੰਜਾਬੀ ਸਿਖਾਉਣ ਅਤੇ ਸਿਹਤ ਸੰਭਾਲ ਲਈ ਪਹਿਲਾਂ ਤੋਂ ਹੀ ਲਗਦੀਆਂ ਕਲਾਸਾਂ ਦੀ ਖਾਸ ਕਰਕੇ ਯੋਗ ਬਾਰੇ ਜਾਣਕਾਰੀ ਵੀ ਦਿੱਤੀ ਗਈ ਤਾਂ ਕਿ ਨਵੀਂ ਪੀਹੜੀ ਦੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਿਆ ਜਾ ਸਕੇ ਤੇ ਬਜ਼ੁਰਗਾਂ ਨੂੰ ਸਿਹਤਮੰਦ ਜੀਵਨ ਗੁਜ਼ਾਰਦਿਆਂ ਜੀਵਨ ਬਤੀਤ ਕਰਨ ਦਾ ਮੌਕਾ ਮਿਲਦਾ ਰਹੇ।
(ਰਿਪੋਰਟ)
(ਮਾਸਟਰ ਲਖਵਿੰਦਰ ਸਿੰਘ)
61423191173; +91 98764-74858