ਨਿਊਜ਼ੀਲੈਂਡ ਸਰਕਾਰ ਅਤੇ ਇਮੀਗ੍ਰੇਸ਼ਨ ਮੰਤਰਾਲਾ ਇਕ ਪਾਸੇ ਭਾਰਤੀ ਵਿਦਿਆਰਥੀਆਂ ਨੂੰ ਇਥੇ ਬੁਲਾਉਣ ਦੇ ਲਈ ਪਹਿਲਾਂ 2013 ਦੇ ਵਿਚ ਕਈ ਸ਼ਰਤਾਂ ਨਰਮ ਕਰ ਗਿਆ ਉਥੇ 2015 ਦੇ ਵਿਚ ਮੁੜ ਸਖਤੀ ਕਰਕੇ ਹਜ਼ਾਰਾਂ ਵਿਅਕਤੀਆਂ ਦੇ ਸੁਪਨੇ ਚਕਨਾਚੂਰ ਕਰ ਗਿਆ। ਇਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਸਾਲ ਦੇ ਪਹਿਲੇ ਅੱਧ ਵਿਚ ਹੀ 3864 ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਤੋਂ ਨਾਂਹ ਕਰ ਦਿੱਤੀ ਹੈ ਤੇ 3176 ਨੂੰ ਵੀਜ਼ਾ ਅਪਰੂਵਲ ਦਿੱਤੀ ਗਈ ਹੈ। ਨਿਊਜ਼ੀਲੈਂਡ ਦੇ ਲਗਪਗ 51 ਸਿਖਿਆ ਸੰਸਥਾਨਾਂ ਵੱਲੋਂ ਲੱਗੀਆਂ ਅਰਜ਼ੀਆਂ ਦੇ ਵਿਚੋਂ 30% ਨੂੰ ਵੀਜ਼ਾ ਦੇਣ ਤੋਂ ਨਾਂਹ ਕੀਤੀ ਗਈ ਹੈ। ਇਕ ਕਾਲਜ ਦੀ ਇਹ ਦਰ 86% ਤੱਕ ਵੀ ਆਈ ਹੈ। ਬਹੁਤ ਸਾਰੇ ਵਿਦਿਆਰਥੀਆਂ ਦੇ ਕੇਸ ਵਿਚ ਪਾਇਆ ਗਿਆ ਕਿ ਉਹ ਅਸਲ ਵਿਚ ਇਥੇ ਪੜ੍ਹਾਈ ਕਰਨ ਨਹੀਂ ਆ ਰਹੇ ਜਾਂ ਫਿਰ ਉਨ੍ਹਾਂ ਕੋਲ ਜਰੂਰਤ ਅਨੁਸਾਰ ਆਪਣੇ ਪੈਸੇ ਨਹੀਂ ਸਨ। ਇਮੀਗ੍ਰੇਸ਼ਨ ਨੇ ਧੋਖਾ-ਧੜੀ ਦੇ ਵਿਚ ਬਹੁਤ ਸਾਰੇ ਕੇਸ ਪਾਏ ਹਨ ਜਿਸ ਕਰਕੇ ਇਹ ਸਖਤੀ ਕੀਤੀ ਜਾ ਰਹੀ ਹੈ। ਇਮੀਗ੍ਰੇਸ਼ਨ ਨਕਲੀ ਏਜੰਟਾਂ ਤੋਂ ਵੀ ਬਹੁਤ ਪ੍ਰੇਸ਼ਾਨ ਹੈ। ਧੋਖਾ-ਧੜੀ ਦੇ ਵਿਚ ਕਈ ਜਾਅਲੀ ਬੈਂਕ ਮੈਨੇਜਰ ਵੀ ਸ਼ਾਮਿਲ ਹੋ ਚੁੱਕੇ ਹਨ। ਭਾਰਤੀ ਏਜੰਟਾਂ ਨੇ ਇਮੀਗ੍ਰੇਸ਼ਨ ਨੂੰ ਲਿਖਤੀ ਪ੍ਰਤੀਕਿਰਿਆ ਭੇਜ ਕਿ ਕਿਹਾ ਹੈ ਕਿ ਭਾਰਤੀ ਵਿਦਿਆਰਥੀ ਦੂਜੇ ਮੁਲਕਾਂ ਤੋਂ ਇੰਗਲਿਸ਼ ਵਿਚ ਚੰਗੇ ਹਨ, ਭਾਰਤੀਆਂ ਨਾਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਉਹ ਦੂਜੇ ਮੁਲਕਾਂ ਨੂੰ ਵਿਦਿਆਰਥੀ ਭੇਜਣੇ ਸ਼ੁਰੂ ਕਰਨਗੇ।