‘ਚਰਿੱਤਰ ਟੈਸਟ’ ਪਾਸ ਨਾ ਹੋਣ ਉੱਤੇ ਵੀਜ਼ਾ ਹੋ ਸਕਦਾ ਹੈ ਰੱਦ

ਆਸਟਰੇਲੀਆ(ਹਰਜੀਤ ਲਸਾੜਾ, ਬ੍ਰਿਸਬੇਨ 16 ਮਾਰਚ) ਆਸਟਰੇਲੀਆ ਵਿੱਚ ਨਵੇਂ ਸਖਤ ਮਾਈਗ੍ਰੇਸ਼ਨ ਨਿਯਮਾਂ ਤਹਿਤ ਇਮੀਗ੍ਰੇਸ਼ਨ ਮੰਤਰੀ ਅਲੈਕਸ ਹੱਕ ਨੇ ਅਪਰਾਧੀ ਘੋਸ਼ਤ ਕੀਤੇ ਗਏ ਗੈਰ-ਨਾਗਰਿਕਾਂ ਦੇ ਦਾਖਲੇ ਜਾਂ ਉਨ੍ਹਾਂ ਨੂੰ ਇੱਥੇ ਸਥਾਈ ਤੌਰ ਉੱਤੇ ਰਹਿਣ ਤੋਂ ਰੋਕਣ ਲਈ ਬਿਨੈ-ਪੱਤਰਾਂ ਵਿੱਚ ‘ਚਰਿੱਤਰ ਟੈਸਟ’ ਬਾਬਤ ਹੋਰ ਸਖ਼ਤੀ ਕੀਤੀ ਹੈ। ਜਿਸਦੇ ਤਹਿਤ ਕਿਸੇ ਕਿਸਮ ਦੇ ਗੰਭੀਰ ਅਪਰਾਧ ਵਿੱਚ ਦੋਸ਼ੀ ਪਾਏ ਗਏ ਗੈਰ-ਨਾਗਰਿਕਾਂ ਨੂੰ ਆਸਟ੍ਰੇਲੀਆ ਵਿੱਚ ਦਾਖਲਾ ਜਾਂ ਰਹਿਣ ਦੀ ਆਗਿਆ ਨਹੀਂ ਦਿੱਤੀ ਜਾਏਗੀ। ਇਹਨਾਂ ਨਵੇਂ ਲਾਗੂ ਹੋਣ ਵਾਲੇ ਕਾਨੂੰਨਾਂ ਤਹਿਤ ਜੇ ਬਿਨੈਕਾਰ ਗੈਰ-ਨਾਗਰਿਕ ‘ਚਰਿੱਤਰ ਟੈਸਟ’ ਪਾਸ ਨਹੀਂ ਕਰਦਾ ਹੈ ਜਾਂ ਵੀਜ਼ਾ ਦਿੱਤੇ ਜਾਣ ਤੋਂ ਬਾਅਦ ‘ਚੰਗੇ ਚਰਿੱਤਰ’ ਨੂੰ ਬਣਾਈ ਰੱਖਣ ਵਿੱਚ ਅਸਫ਼ਲ ਰਹਿੰਦੇ ਹਨ ਤਾਂ ਭਵਿੱਖ ਵਿੱਚ ਉਨ੍ਹਾਂ ਦਾ ਆਸਟ੍ਰੇਲੀਆ ਰਹਿਣਾ ਸੰਭਵ ਨਹੀਂ ਹੋਵੇਗਾ। ਗੌਰਤਲਬ ਹੈ ਕਿ ਇਸ ਟੈਸਟ ਵਿੱਚ ਬਿਨੈਕਾਰ ਦੇ ਪਿਛਲੇ ਅਤੇ ਮੌਜੂਦਾ ਆਚਰਣ ਦੀ ਜਾਂਚ-ਪੜਤਾਲ ਕੀਤੀ ਜਾਵੇਗੀ ਅਤੇ ਜੇ ਵਿਅਕਤੀ ਉੱਤੇ ਪਿਛਲੇ ਸਮੇਂ ਵਿੱਚ ਕੋਈ ਅਪਰਾਧਿਕ ਮਾਮਲਾ ਦਰਜ ਹੈ ਜਾਂ ਵਿਸ਼ਵ ਦੇ ਕਿਸੇ ਗੈਰ-ਕਾਨੂੰਨੀ ਸੰਗਠਨ ਨਾਲ ਉਸਦੀ ਮੈਂਬਰਸ਼ਿਪ ਰਹੀ ਹੈ ਤਾਂ ਇਨ੍ਹਾਂ ਹਲਾਤਾਂ ਵਿੱਚ ਇਹ ਟੈਸਟ ਪਾਸ ਕਰਨਾ ਮੁਸ਼ਕਿਲ ਹੋਵੇਗਾ। ਨਵੇਂ ਨਿਯਮਾਂ ਅਧੀਨ ਪਰਿਵਾਰਕ ਹਿੰਸਾ, ਸ਼ੋਸ਼ਣ, ਧੋਖਾਧੜੀ, ਜਬਰਦਸਤੀ, ਬਜ਼ੁਰਗਾਂ ਅਤੇ ਸਮਾਜ ਦੇ ਹੋਰ ਕਮਜ਼ੋਰ ਲੋਕਾਂ ਪ੍ਰਤੀ ਅਣਗਹਿਲੀ ਵਰਗੇ ਗੰਭੀਰ ਅਪਰਾਧਾਂ ਦੇ ਵਿੱਚ ਜੇ ਕੋਈ ਵੀ ਸ਼ਾਮਲ ਹੈ ਜਾਂ ਰਿਹਾ ਹੈ ਤਾਂ ਸੰਬੰਧਿਤ ਵੀਜ਼ਾ ਧਾਰਕਾਂ ਦਾ ਵੀਜ਼ਾ ਰੱਦ ਕਰ ਦਿੱਤਾ ਜਾਵੇਗਾ ਅਤੇ ਨਵੇਂ ਬਿਨੇਕਾਰਾਂ ਦੀ ਵੀਜ਼ਾ ਅਰਜ਼ੀ ਪ੍ਰਵਾਨ ਨਹੀਂ ਕੀਤੀ ਜਾਵੇਗੀ।

Install Punjabi Akhbar App

Install
×