
(ਦ ਏਜ ਮੁਤਾਬਿਕ) ਵੈਸੇ ਤਾਂ ਨਿਊ ਸਾਊਥ ਵੇਲਜ਼ ਰਾਜ ਅੰਦਰ ਲਗਾਤਾਰ 34ਵੇਂ ਦਿਨ ਵੀ ਕਰੋਨਾ ਦਾ ਕੋਈ ਸਥਾਨਕ ਟ੍ਰਾਂਸਮਿਸ਼ਨ ਦਾ ਮਾਮਲਾ ਦਰਜ ਨਹੀਂ ਹੋਇਆ ਪਰੰਤੂ ਔਬਰਨ ਵਿਖੇ ਸਵਰੇਜ ਦੀ ਪਾਣੀਆਂ ਦੀ ਜਾਂਚ ਦੌਰਾਨ ਇੱਥੋਂ ਕਰੋਨਾ ਵਾਇਰਸ ਮਿਲਣ ਦੀ ਪੁਸ਼ਟੀ ਸਿਹਤ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ ਅਤੇ ਇਲਾਕੇ ਦੇ ਨਿਵਾਸੀਆਂ ਨੂੰ ਚੇਤੰਨ ਰਹਿਣ ਦੀ ਅਪੀਲ ਕਰਦਿਆਂ ਅਧਿਕਾਰੀਆਂ ਨੇ ਕਿਹਾ ਹੈ ਕਿ ਜੇਕਰ ਕਿਸੇ ਨੂੰ ਕਿਸੇ ਕਿਸਮ ਦੇ ਕਰੋਨਾ ਸਬੰਧੀ ਮਾਮੂਲੀ ਲੱਛਣ ਵੀ ਮਹਿਸੂਸ ਹੋਣ ਤਾਂ ਤੁਰੰਤ ਆਪਣਾ ਕਰੋਨਾ ਟੈਸਟ ਕਰਵਾਉਣ ਅਤੇ ਇਸ ਵਿੱਚ ਬਿਲਕੁਲ ਵੀ ਅਣਗਹਿਲੀ ਨਾ ਵਰਤਣ। ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਅਜਿਹੇ ਲੋਕ ਜਿਨ੍ਹਾਂ ਨੂੰ ਕਦੇ ਕਰੋਨਾ ਹੋਇਆ ਸੀ ਤਾਂ ਠੀਕ ਹੋਣ ਦੇ ਬਾਅਦ ਵੀ ਉਨ੍ਹਾਂ ਦੇ ਸਰੀਰ ਵਿੱਚੋਂ ਅਜਿਹੇ ਫਰੈਗਮੈਂਟਾਂ ਦੀ ਨਿਕਾਸੀ ਜਾਰੀ ਰਹਿੰਦੀ ਹੈ ਅਤੇ ਇਸ ਵਾਸਤੇ ਕਈ ਹਫ਼ਤਿਆਂ ਦਾ ਸਮਾਂ ਵੀ ਲੱਗ ਜਾਂਦਾ ਹੈ ਇਸ ਵਾਸਤੇ ਡਰ ਦਾ ਮਾਹੌਲ ਨਹੀਂ ਹੋਣਾ ਚਾਹੀਦਾ ਪਰੰਤੂ ਅਹਿਤਿਆਦਨ ਚੇਤੰਨ ਰਹਿਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਦਾਇਰੇ ਵਿੱਚ ਮੌਜੂਦਾ ਸਮੇਂ ਅੰਦਰ -ਕੌਂਡਲ ਪਾਰਕ, ਬੈਂਕਸਟਾਊਨ, ਪੋਟਸ ਹਿਲ, ਬਿਰੌਂਗ, ਸੈਫਟਨ, ਬਾਸ ਹਿਲ, ਚੈਸਟਰ ਹਿਲ, ਰਿਜੈਂਟਸ ਪਾਰਕ, ਕੁਰੌਲਾ, ਹੋਮਬੁਸ਼ ਵੈਸਟ, ਸਟਾਰਥਫੀਲਡ, ਰੂਕਵੂਡ, ਸਿਡਨੀ ਓਲੰਪਿਕ ਪਾਰਕ, ਨਿਊਇੰਗਟਨ, ਗ੍ਰੈਨਵਿਲੇ, ਕਲਾਈਡ, ਲਿਡਕੌਂਬ, ਔਬਰਨ, ਸਾਊਥ ਗ੍ਰੈਨਵਿਲੇ, ਗਿਲਡਫੋਰਡ, ਸਿਲਵਰਵਾਟਰ, ਰੋਜ਼ਹਿਲ, ਬੈਰਾਲਾ ਅਤੇ ਯਾਗੂਨ ਦੇ ਇਲਾਕੇ ਆਉਂਦੇ ਹਨ।