ਪ੍ਰਵਾਸੀਆਂ ਦੇ ਮਾਪੇ ਵੀ ਲੱਗੇ ਹੁਣ ਚੁਭਣ: ਸਾਂਸਦ ਸ੍ਰੀ ਵਿਨਸਨ ਪੀਟਰ ਵੱਲੋਂ ਪੇਸ਼ ਬਿਲ ਪਾਸ ਨਾ ਹੋਇਆ

ਨਿਊਜ਼ੀਲੈਂਡ ਦੇ ਵਿਚ ਵਧਦੀ ਪ੍ਰਵਾਸੀਆਂ ਦੀ ਜਨਸੰਖਿਆ ਖਾਸ ਕਰ ਏਸ਼ੀਅਨ ਜਾਂ ਭਾਰਤੀ ਲੋਕਾਂ ਤੇ ਵਿਦਿਆਰਥੀਆਂ ਦੀ ਗਿਣਤੀ ਸਬੰਧੀ ਨਿਊਜ਼ੀਲੈਂਡ ਫਸਟ ਪਾਰਟੀ ਦੇ ਨੇਤਾ ਵਿਨਸਨ ਪੀਟਰ ਕਈ ਵਾਰ ਆਪਣੇ ਬਿਆਨ ਦੇ ਕੇ ਵਿਵਾਦਾਂ ਵਿਚ ਰਹੇ ਹਨ। ਅੱਜਕਲ੍ਹ ਉਨ੍ਹਾਂ ਨੂੰ ਪ੍ਰਵਾਸੀ ਮਾਪੇ ਵੀ ਚੁਭਣ ਲੱਗੇ ਹਨ। ਉਨ੍ਹਾਂ ਨੇ ਅੱਜ ਪ੍ਰਵਾਸੀਆਂ ਦੇ ਵਿਰੋਧੀ ਬਣਦਿਆਂ ਇਕ ਅਜਿਹਾ ਬਿੱਲ ਪੇਸ਼ ਕੀਤਾ ਜਿਸ ਦਾ ਮਨੋਰਥ ਸੀ ਕਿ ਇਥੇ ਮਾਤਾ-ਪਿਤਾ ਦੀ ਸ਼੍ਰੇਣੀ ਵਜੋਂ ਆਪਣੇ ਪਰਿਵਾਰਕ ਮੈਂਬਰਾਂ ਕੋਲ ਪਹੁੰਚ ਰਹੇ ਮਾਪਿਆਂ ਨੂੰ ਸਰਕਾਰ ਮੁਫਤ ਸਿਹਤ ਸਹੂਲਤਾਂ ਨਾ ਦੇਵੇ। ਇਸ ਦੇ ਬਦਲੇ ਉਹ ਲੋਕ ਪਹਿਲੇ 10 ਸਾਲ ਆਪਣੀ ਮੈਡੀਕਲ ਇੰਸ਼ੋਰੈਂਸ ਲੈਣ ਉਸ ਤੋਂ ਬਾਅਦ ਸਰਕਾਰ ਉਨ੍ਹਾਂ ਨੂੰ ਮੁਫਤ ਸਹੂਲਤ ਦੇਵੇ। ਸੰਸਦ ਮੈਂਬਰ ਦਾ ਸੁਝਾਅ ਸੀ ਕਿ ਇਥੇ ਦੀ ਸਿਹਤ ਸੇਵਾ ਵਧੀਆ ਨਹੀਂ ਹੈ, ਲੰਬੀ ਉਡੀਕ ਕਰਨੀ ਪੈ ਰਹੀ ਹੈ ਅਤੇ ਸਰਕਾਰੀ ਖਜ਼ਾਨੇ ਉਤੇ ਬਹੁਤ ਭਾਰ ਪੈ ਰਿਹਾ ਹੈ। ਪੇਸ਼ ਅੰਕੜਿਆਂ ਮੁਤਾਬਿਕ ਲਗਪਗ 5000 ਲੋਕ ਜੋ ਕਿ ਜਿਆਦਾਤਰ 60 ਤੋਂ ਉਪਰ ਹੁੰਦੇ ਹਨ ਇਥੇ ਹਰੇਕ ਸਾਲ ਆਉਂਦੇ ਹਨ। ਨੇਸ਼ਨਲ ਪਾਰਟੀ, ਗ੍ਰੀਨ ਪਾਰਟੀ, ਐਕਟ ਪਾਰਟੀ ਅਤੇ ਯੁਨਾਈਟਿਡ ਫਿਊਚਰ ਨੇ ਇਸ ਬਿਲ ਦਾ ਵਿਰੋਧ ਕੀਤਾ ਜਦ ਕਿ ਨਿਊਜ਼ੀਲੈਂਡ ਫਸਟ, ਲੇਬਰ ਅਤੇ ਮਾਓਰੀ ਪਾਰਟੀ ਨੇ ਇਸਦੇ ਹੱਕ ਵਿਚ ਵੋਟ ਪਾਈ।
ਵਰਨਣਯੋਗ ਹੈ ਕਿ ਨਿਊਜ਼ੀਲੈਂਡ ਫਸਟ ਪਾਰਟੀ ਦੇ ਇਕ ਭਾਰਤੀ ਲਿਸਟ ਐਮ.ਪੀ. ਵੀ ਹਨ ਅਤੇ ਥੋੜ੍ਹੇ ਦਿਨ ਪਹਿਲਾਂ ਸ੍ਰੀ ਪੀਟਰ ਵਿਨਸਨ ਦਾ ਪਾਪਾਟੋਏਟੋਏ ਵਿਖੇ ਕਿਰਪਾਨ ਭੇਟ ਕਰਕੇ ਸਨਮਾਨ ਵੀ ਕੀਤਾ ਗਿਆ ਸੀ।