ਐਸ. ਸੀ. ਕਮਿਸ਼ਨ ਚੇਅਰਮੈਨ ਵਿਜੈ ਸਾਂਪਲਾ ਦੀ ਜਥੇਦਾਰ ਅਕਾਲ ਤਖ਼ਤ ਸਾਹਿਬ ਨਾਲ ਮੁਲਾਕਾਤ ਦਲਿਤ ਪੱਤਾ ਖੇਡਣ ਦੀ ਸਾਜਿਸ਼: ਪੰਥਕ ਤਾਲਮੇਲ ਸੰਗਠਨ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੂਲ ਸੰਕਲਪ ਨੂੰ ਸਮਰਪਤਿ ਸਿੱਖ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਐਸ. ਸੀ. ਕਮਿਸ਼ਨ ਚੇਅਰਮੈਨ ਵਿਜੈ ਸਾਂਪਲਾ ਦੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਨੂੰ ਦਲਿਤ ਪੱਤਾ ਖੇਡਣ ਦੀ ਸਾਜਿਸ਼ ਕਰਾਰ ਦਿੱਤਾ ਹੈ।
ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਕੋ-ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਰ ਕਮੇਟੀ ਵਲੋਂ, ਪੰਥਕ ਆਗੂਆਂ ਜਥੇਦਾਰ ਸੁਖਦੇਵ ਸਿੰਘ ਭੌਰ ਸਾਬਕਾ ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਵਕਿਰਨ ਸਿੰਘ ਐਡਵੋਕੇਟ ਨੇ ਪ੍ਰਸ਼ਨ ਕੀਤਾ ਹੈ
ਕਿ ਵਿਜੈ ਸਾਂਪਲਾ ਦੇਸ਼ ਦੇ ਕਮਿਸ਼ਨ ਦੇ ਚੇਅਰਮੈਨ ਹਨ ਜਾਂ ਪੰਜਾਬ ਕਮਿਸ਼ਨ ਦੇ ਚੇਅਰਮੈਨ ਹਨ?
ਉਹ ਪੰਜਾਬ ਦੇ ਦਲਿਤਾਂ ਦੇ ਮੁੱਦਿਆਂ ਸਬੰਧੀ ਜਥੇਦਾਰ ਅਕਾਲ ਤਖ਼ਤ ਨੂੰ ਮਿਲ ਰਹੇ ਹਨ ਪਰ ਪੂਰੇ ਦੇਸ਼ ਵਿਚ ਦਲਿਤਾਂ ਨਾਲ ਹੋ ਰਹੇ ਵਿਤਕਰਿਆਂ ਪ੍ਰਤੀ ਕਿਉਂ ਨਹੀਂ ਮਿਲਦੇ?
ਦੇਸ਼ ਦੇ ਕਈ ਭਾਗਾਂ ਵਿਚ ਦਲਿਤਾਂ ਨੂੰ ਧਰਮ ਮੰਦਰਾਂ ਵਿਚ ਵਿਤਕਰਾ ਕੀਤਾ ਜਾਂਦਾ ਹੈ,
ਕਿਤੇ ਖੂਹ’ ਤੇ ਪਾਣੀ ਭਰਨ ਤੋਂ ਵਰਜਿਆ ਜਾਂਦਾ ਹੈ,
ਕਿਤੇ ਵਿਆਹ ਮੌਕੇ ਘੌੜੀ ਚੜ੍ਹਨ’ ਤੇ ਕਤਲ ਕਰ ਦਿੱਤਾ ਜਾਂਦਾ ਹੈ ਅਤੇ ਅੰਤਮ ਸਸਕਾਰ ਵੇਲੇ ਵੀ ਲਾਸ਼ਾਂ ਨੂੰ ਧੱਕੇ ਖਾਣ ਲਈ ਮਜ਼ਬੂਰ ਕੀਤਾ ਜਾਂਦਾ ਹੈ।
ਸਤੰਬਰ 2020 ਵਿਚ ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਉੱਚ-ਜਾਤੀ ਲੋਕਾਂ ਵਲੋਂ ਕਥਿਤ ਦਲਿਤ ਲੜਕੀ ਦੇ ਬਲਾਤਕਾਰ ਤੇ ਕਤਲ ਤੋਂ ਬਾਅਦ ਪਰਿਵਾਰ ਨੂੰ ਸਸਕਾਰ ਦੇ ਹੱਕ ਤੋਂ ਵੀ ਵਾਂਝਿਆ ਰੱਖਣ ਵਾਲਾ ਕੇਸ ਸੰਸਾਰ ਵਿਚ ਨਸ਼ਰ ਹੋਇਆ।
ਏਥੋਂ ਤੱਕ ਕਿ ਭੀਮਾ-ਕੋਰੇਗਾਓਂ ਹਿੰਸਾ ਮਾਮਲੇ ਦੀ ਆੜ ਵਿਚ ਦਲਿਤਾਂ ਦੀ ਆਵਾਜ਼ ਬਣਨ ਵਾਲੇ ਬੁੱਧੀਜੀਵੀਆਂ, ਵਕੀਲਾਂ, ਡਾਕਟਰਾਂ ਅਤੇ ਸਮਾਜ-ਸੇਵਕਾਂ ਨੂੰ ਜ਼ੇਲ੍ਹਾਂ ਵਿਚ ਮਰ ਖਪ ਜਾਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਸਬੂਤਾਂ ਵਿਚੋਂ ਸਬੂਤ ਕਿ ਜੂਨ 2018 ਵਿਚ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉਹਨਾਂ ਦੀ ਸੁਪਤਨੀ ਸਵਿਤਾ ਕੋਵਿੰਦ ਨੂੰ ਉਡੀਸ਼ਾ ਦੇ ਜਗਨਨਾਥ ਮੰਦਰ ਵਿਚ ਬੇਇਜ਼ਤ ਕੀਤਾ ਗਿਆ।

ਸਾਂਪਲਾ ਦਾ ਅਕਾਲ ਤਖ਼ਤ ਸਾਹਿਬ’ਤੇ ਜਾਣਾ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਹੋਰ ਵੀ ਡੂੰਘੀ ਪੀੜਾ ਦੇਣ ਵਾਲਾ ਹੈ ਕਿ ਲੰਘੇ ਮਈ ਮਹੀਨੇ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੀੜ ਤਾਲਿਬ ਬਸਤੀ ਦੇ ਗੁਰਦੁਆਰੇ ਵਿਚ ਇਕ ਸਾਜਿਸ਼ ਤਹਿਤ ਕਥਿਤ ਦਲਿਤ ਗ੍ਰੰਥੀ ਕੋਲੋਂ ਬਲਾਤਕਾਰ ਦੇ ਕੇਸ ਵਿਚ ਸਜ਼ਾਯਾਫਤਾ ਸਿਰਸਾ ਦੇ ਡੇਰੇਦਾਰ ਦੀ ਰਿਹਾਈ ਲਈ ਅਰਦਾਸ ਕਰਵਾਈ ਗਈ ਤੇ ਪ੍ਰਚਾਰੀ ਗਈ। ਅਨੈਤਿਕ ਵਰਤਾਰੇ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਵਿਜੈ ਸਾਂਪਲਾ ਦੋਸ਼ੀ ਠਹਿਰਾਉਣ ਲਈ ਕਾਨੂੰਨੀ ਕਾਰਵਾਈ ਕਰਨ ਤੱਕ ਜਾਂਦੇ ਹਨ। ਇਹ ਸਭ ਕੁਝ ਤੋਂ ਸਪੱਸ਼ਟ ਹੁੰਦਾ ਹੈ ਕਿ ਵੋਟਾਂ ਖਾਤਰ ਗੰਦੀ ਰਾਜਨੀਤੀ ਖੇਡੀ ਜਾ ਰਹੀ ਹੈ।
ਪੰਥਕ ਤਾਲਮੇਲ ਸੰਗਠਨ ਨੇ ਕਿਹਾ ਕਿ ਧਰਮ ਤੇ ਜਾਤ ਆਧਾਰਿਤ ਸੌੜੀ ਰਾਜਨੀਤੀ ਚਿੰਤਾ ਦਾ ਵਿਸ਼ਾ ਹੈ। ਆਜ਼ਾਦੀ ਦੇ 75 ਸਾਲਾਂ ਤੋਂ ਬਾਅਦ ਵੀ ਜਾਤੀਵਾਦ ਅਤੇ ਫਿਰਕੂਵਾਦ ਦਾ ਬੋਲਬਾਲਾ ਹੈ। ਦੇਸ਼ ਦੀ ਬਦਕਿਸਮਤੀ ਹੈ ਕਿ ਰਾਜਨੀਤੀ ਦਾ ਆਧਾਰ ਸਿੱਖਿਆ, ਵਿਗਿਆਨ ਸੋਚ, ਬਰਾਬਰੀ ਅਤੇ ਲੋਕ ਮੁੱਦਿਆਂ ਦੀ ਥਾਂ ਫ਼ਿਰਕਾਪ੍ਰਸਤੀ ਨੇ ਸਾਂਭਿਆ ਹੋਇਆ ਹੈ।ਜਿਸ ਲਈ ਹਰ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਦੇਸ਼-ਧ੍ਰੋਹੀ ਲੋਕਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ ਅਤੇ ਸੱਤਾ ਦੇ ਨਸ਼ੇ ਵਿਚ ਭਾਜਪਾ ਵਲੋਂ ਖੇਡੇ ਜਾ ਰਹੇ ਦਲਿਤ ਪੱਤੇ ਨੂੰ ਤਹਿਸ ਨਹਿਸ ਕੀਤਾ ਜਾਵੇ।
ਪੰਥ-ਦਰਦੀਆਂ ਨੇ ਕਿਹਾ ਕਿ ਖ਼ਾਲਸਾ ਪੰਥ ਦੇ ਮਾਰਗ-ਦਰਸ਼ਕ ਗੁਰੂ ਗ੍ਰੰਥ ਸਾਹਿਬ ਜੀ ਹਨ। ਜਿਸ ਦੀ ਪਹਿਰੇਦਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਹੈ ਅਤੇ ਅਜਿਹੇ ਕਿਸੇ ਜਾਤੀ, ਵਰਣ-ਵੰਡ ਅਤੇ ਰੰਗ ਤੇ ਨਸਲ ਭਿੰਨ-ਭੇਦ ਨੂੰ ਮਾਨਤਾ ਨਹੀਂ ਹੈ। ਸਿੱਖ ਧਰਮ ਅੰਦਰਲਾ ਹਰ ਮਨੁੱਖ ਸਿੱਖ ਹੈ। ਉਹ ਨਾ ਦਲਿਤ ਸਿੱਖ ਹੈ ਅਤੇ ਨਾ ਹੀ ਜੱਟ, ਰਮਦਾਸੀਆ ਤੇ ਰਵਿਦਾਸੀਆ ਸਿੱਖ ਹੈ। ਵੱਡੀਆਂ ਉਦਾਹਰਨਾਂ ਮੌਜੂਦ ਹਨ ਕਿ ਤਖ਼ਤ ਸਾਹਿਬਾਨ ਦੇ ਜਥੇਦਾਰ ਲਾਉਂਦਿਆਂ ਵੀ ਅਜਿਹੇ ਕਿਸੇ ਵਿਤਕਰੇ ਨੂੰ ਥਾਂ ਨਾ ਦਿੱਤੀ ਗਈ ਤੇ ਨਾ ਦਿੱਤੀ ਜਾ ਰਹੀ ਹੈ। ਜੇਕਰ ਕੋਈ ਡੇਰਾ ਜਾਂ ਸੰਪਰਦਾ ਵਿਤਕਰਾ ਕਰਨ ਦਾ ਪਾਪ ਕਰਦਾ ਹੋਵੇਗਾ ਤਾਂ ਉਹ ਪੰਥ-ਵਿਰੋਧੀ ਹੈ ਅਤੇ ਉਸ ਦੇ ਗੁਨਾਹ ਲਈ ਪੂਰੀ ਸਿੱਖ ਕੌਮ ਜ਼ਿੰਮੇਵਾਰ ਨਹੀਂ ਹੈ।

Welcome to Punjabi Akhbar

Install Punjabi Akhbar
×
Enable Notifications    OK No thanks