ਵਿਜੇ ਮਾਲਿਆ, ਬਾਦਸ਼ਾਹੀ ਤੋਂ ਬਦਨਾਮੀ ਤੱਕ

14751709_Vijay_Mallya_newsਗਰੀਬ ਬੰਦਾ ਜੇ ਕਰਜ਼ੇ ਵਿੱਚ ਡੁੱਬਿਆ ਹੋਵੇ ਤਾਂ ਦੁਨੀਆਂ ਛੱਡ ਜਾਂਦਾ ਹੈ ਪਰ ਅਮੀਰ ਬੰਦਾ ਜੇ ਕਰਜ਼ਾਈ ਹੋਵੇ ਤਾਂ ਦੇਸ਼ ਛੱਡ ਜਾਂਦਾ ਹੈ। 10000 ਰੁ. ਦਾ ਕਰਜ਼ਾ ਦੇਣ ਲਈ 5000 ਫਾਰਮੈਲਟੀਆਂ ਪੂਰੀਆਂ ਕਰਾਉਣ ਵਾਲੀਆਂ ਬੈਂਕਾਂ ਨੇ ਵਿਜੇ ਮਾਲਿਆ ‘ਤੇ ਐਨੀ ਮਿਹਰਬਾਨੀ ਕੀਤੀ ਕਿ ਬਿਨਾਂ ਕੋਈ ਜਾਇਦਾਦ ਪਲੈੱਜ ਕਰਾਏ ਨਿੱਜੀ ਗਰੰਟੀ ‘ਤੇ ਹੀ 9000 ਕਰੋੜ ਰੁ. ਦਾ ਕਰਜ਼ਾ ਦੇ ਦਿੱਤਾ। ਇਹ ਕਰਜ਼ਾ ਐਨੇ ਲੱਚਰ ਤਰੀਕੇ ਨਾਲ ਜਾਰੀ ਕੀਤਾ ਗਿਆ ਕਿ ਮਾਣਯੋਗ ਸੁਪਰੀਮ ਕੋਰਟ ਦੇ ਜੱਜ ਜਸਟਿਸ ਕੁਰੀਅਨ ਜੋਸਫ ਨੇ ਵੀ ਹੈਰਾਨ ਹੁੰਦੇ ਹੋਏ ਕਰਜ਼ਾ ਲੁਟਾਉਣ ਵਾਲੇ ਬੈਂਕਾਂ ਦੇ ਵਕੀਲਾਂ ਤੋਂ ਪੁੱਛਿਆ ਕਿ ਤੁਸੀਂ ਅਜਿਹੇ ਡਿਫਾਲਟਰ ਬੰਦੇ ਨੂੰ ਬਾਰ ਬਾਰ ਐਨੇ ਕਰਜ਼ੇ ਕਿਉਂ ਤੇ ਕਿਵੇਂ ਦੇ ਦਿੱਤੇ?
ਵਿਜੇ ਮਾਲਿਆ ਇੱਕ ਮਿਸਾਲ ਹੈ ਕਿ ਪੈਸੇ ਹਰੇਕ ਕੋਲ ਹੁੰਦੇ ਹਨ ਪਰ ਵਰਤਣੇ ਕਿਸੇ ਕਿਸੇ ਨੂੰ ਆਉਂਦੇ ਹਨ। ਕਮਾਲ ਦੀ ਗੱਲ ਹੈ ਕਿ ਜਿਸ ਡਿਫਾਲਟਰ ਨੇ ਬੈਂਕਾਂ ਦਾ 9000 ਕਰੋੜ ਰੁ. ਦੇਣਾ ਹੋਵੇ, ਉਸੇ ਦੀਆਂ ਬੈਂਕ ਪੈਸੇ ਵਾਪਸ ਲੈਣ ਲਈ ਲੇਲ੍ਹੜੀਆਂ ਕੱਢਣ। ਅੱਜ ਦੇਸ਼ ਵਿਦੇਸ਼ ਵਿੱਚ ਜਿਸ ਬੰਦੇ ਦੀ ਸਭ ਤੋਂ ਵੱਧ ਚਰਚਾ ਹੈ ਉਹ ਹੈ ਵਿਜੇ ਮਾਲਿਆ। ਉਸ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਖੀਸੇ ਵਿੱਚ ਪੈਸੇ ਹੋਣ ਤਾਂ ਸੀ.ਬੀ.ਆਈ. ਵੱਲੋਂ ਜਾਰੀ ਹਾਈ ਅਲਰਟ ਦੇ ਬਾਵਜੂਦ ਬਿਨਾਂ ਕਿਸੇ ਰੋਕ ਟੋਕ ਦੇ ਏਅਰਪੋਰਟ ਤੋਂ ਜਹਾਜ ਵਿੱਚ ਬੈਠ ਕੇ ਦੇਸ਼ ਛੱਡਿਆ ਜਾ ਸਕਦਾ ਹੈ। ਕਦੇ ਚੰਗੇ ਸਮੇਂ ਦਾ ਬਾਦਸ਼ਾਹ ਕਿਹਾ ਜਾਣ ਵਾਲਾ ਇਹ ਸ਼ਖਸ਼ ਅੱਜ ਇੰਗਲੈਂਡ ਭੱਜ ਚੁੱਕਾ ਹੈ। ਇਹ ਨਹੀਂ ਕਿ ਇਸ ਕੋਲ ਪੈਸੇ ਨਹੀਂ ਹਨ, ਅੱਜ ਵੀ ਇਸ ਦੇ ਵੱਖ ਵੱਖ ਕੰਪਨੀਆਂ ਵਿੱਚ 8000 ਕਰੋੜ ਰੁ. ਤੋਂ ਵੱਧ ਦੇ ਸ਼ੇਅਰ ਅਤੇ ਹੋਰ ਅਰਬਾਂ ਰੁ. ਦੀ ਚੱਲ-ਅਚੱਲ ਜਾਇਦਾਦ ਮੌਜੂਦ ਹੈ। ਗਰੀਬਾਂ ਦੇ ਘਰ-ਜ਼ਮੀਨਾਂ ਕੁਰਕ ਕਰ ਕੇ ਪਾਈ ਪਾਈ ਵਸੂਲਣ ਵਾਲੇ ਬੈਂਕਾਂ ਦੀ ਹਾਲਤ ਇਹ ਹੈ ਕਿ ਉਹ ਮਾਲਿਆ ਨਾਲ ਕੁਝ ਵੀ ਲੈ ਦੇ ਕੇ ਫੈਸਲਾ ਕਰਨ ਨੂੰ ਤਿਆਰ ਬੈਠੇ ਹਨ।
ਵਿਜੇ ਮਾਲਿਆ ਦੀ ਜ਼ਿੰਦਗੀ ਐਨੀ ਰੰਗੀਨ ਅਤੇ ਠਾਠ ਬਾਠ ਭਰੀ ਹੈ ਜਿਸ ਬਾਰੇ ਆਮ ਬੰਦਾ ਸੁਪਨਾ ਹੀ ਲੈ ਸਕਦਾ ਹੈ। ਕੋਈ ਜ਼ਮਾਨਾ ਸੀ ਕਿ ਕਿੰਗਫਿਸ਼ਰ ਕੈਲੰਡਰ ਵਿੱਚ ਫੋਟੋਆਂ ਛਪਣ ‘ਤੇ ਮਾਡਲਾਂ ਰਾਤੋ ਰਾਤ ਮਸ਼ਹੂਰ ਹੋ ਜਾਂਦੀਆਂ ਸਨ। ਕਿੰਗਿਫਿਸ਼ਰ ਕੈਲੰਡਰ ਦੀ ਸ਼ੂਟਿੰਗ ਬਰੇਕਿੰਗ ਨਿਊਜ਼ ਬਣ ਜਾਂਦੀ ਸੀ। ਵਿਜੇ ਮਾਲਿਆ ਦਾ ਜਨਮ 18 ਦਸੰਬਰ 1955 ਨੂੰ ਬਿਜਨੈਸਮੈਨ ਵਿੱਠਲ ਮਾਲਿਆ ਦੇ ਘਰ ਕਲਕੱਤਾ ਵਿੱਚ ਹੋਇਆ ਸੀ। ਉਸ ਨੇ ਸੇਂਟ ਜ਼ੇਵੀਅਰ ਕਾਲਜ ਕਲਕੱਤਾ ਤੋਂ ਬੀ.ਕਾਮ ਕੀਤੀ ਹੈ। ਉਸ ਦੇ ਤਿੰਨ ਵਿਆਹ ਹੋਏ ਹਨ ਤੇ ਸਿਧਾਰਥ ਮਾਲਿਆ ਸਮੇਤ ਤਿੰਨ ਬੱਚੇ ਹਨ। ਉਹ 28 ਸਾਲ ਦੀ ਉਮਰ ਵਿੱਚ ਹੀ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਯੂਨਾਈਟਡ ਬਰੀਵਰੀਜ਼ ਦਾ ਚੇਅਰਮੈਨ ਬਣ ਗਿਆ ਸੀ। ਇਸ ਕੰਪਨੀ ਦਾ ਸਭ ਤੋਂ ਪ੍ਰਸਿੱਧ ਬਰਾਂਡ ਕਿੰਗਫਿਸ਼ਰ ਬੀਅਰ ਹੈ। ਇਸ ਦਾ ਭਾਰਤੀ ਬੀਅਰ ਬਜ਼ਾਰ ਦੇ 50% ਹਿੱਸੇ ‘ਤੇ ਕਬਜ਼ਾ ਹੈ ਤੇ ਇਹ 52 ਦੇਸ਼ਾਂ ਵਿੱਚ ਨਿਰਯਾਤ ਹੁੰਦੀ ਹੈ। ਉਸ ਅਧੀਨ ਕੰਪਨੀ ਨੇ ਤੂਫਾਨੀ ਗਤੀ ਨਾਲ ਤਰੱਕੀ ਕੀਤੀ। ਉਸ ਨੇ ਕੈਮੀਕਲ ਇੰਡਸਟਰੀ, ਪ੍ਰਿੰਟ ਮੀਡੀਆ ਅਤੇ ਰੀਅਲ ਐਸਟੇਟ ਆਦਿ ਵਿੱਚ ਨਿਵੇਸ਼ ਕਰਕੇ ਅਰਬਾਂ ਰੁ. ਕਮਾਏ। ਉਹ ਆਪਣੀ ਦੌਲਤ ਦਾ ਪ੍ਰਦਰਸ਼ਨ ਕਰਨ ਲਈ ਪ੍ਰਸਿੱਧ ਹੈ। ਉਹ ਫਾਰਮੂਲਾ ਵੰਨ ਕਾਰ ਰੇਸ ਟੀਮ, ਰਾਇਲ ਚੈਲੈਂਜਰ ਬੰਗਲੌਰ ਕ੍ਰਿਕਟ ਟੀਮ, ਮੋਹਨ ਬਾਗਾਨ ਅਤੇ ਈਸਟ ਬੰਗਾਲ ਫੁੱਟਬਾਲ ਟੀਮਾਂ ਦਾ ਮਾਲਕ ਹੈ। ਉਹ ਦੂਸਰੀ ਵਾਰ ਅਜ਼ਾਦ ਤੌਰ ‘ਤੇ ਰਾਜ ਸਭਾ ਦਾ ਮੈਂਬਰ ਬਣਿਆ ਹੈ।
ਉਸ ਦੀ ਬਰਬਾਦੀ ਦੀ ਕਹਾਣੀ 2005 ਵਿੱਚ ਕਿੰਗਫਿਸ਼ਰ ਏਅਰਲਾਈਨ ਸਥਾਪਿਤ ਕਰਨ ਦੇ ਨਾਲ ਹੀ ਸ਼ੁਰੂ ਹੋ ਗਈ। ਪਹਿਲੇ ਦਿਨ ਤੋਂ ਹੀ ਇਹ ਕੰਪਨੀ ਘਾਟੇ ਵਿੱਚ ਚਲੀ ਗਈ। ਇੱਕ ਵੇਲੇ ਇਹ ਭਾਰਤ ਦੀ ਦੂਸਰੀ ਸਭ ਤੋਂ ਵੱਡੀ ਏਅਰਲਾਈਨ ਸੀ। ਮਾਲਿਆ ਨੇ ਕੰਪਨੀ ਚਲਾਉਣ ਲਈ ਸਟੇਟ ਬੈਂਕ ਆਫ ਇੰਡੀਆਂ ਅਧੀਨ 17 ਬੈਂਕਾਂ ਦੇ ਗਰੁੱਪ ਕੋਲੋਂ ਹਜ਼ਾਰਾਂ ਕਰੋੜ ਕਰਜ਼ਾ ਲਿਆ। 2010 ਵਿੱਚ ਉਸ ਨੇ ਕਿੰਗਫਿਸ਼ਰ ਨੂੰ ਪੈਰਾਂ ਸਿਰ ਕਰਨ ਲਈ ਦੁਬਾਰਾ ਇਸ ਗਰੁੱਪ ਕੋਲੋਂ ਕਰਜ਼ਾ ਲੈਣ ਲਈ ਦਰਖਾਸਤ ਦਿੱਤੀ। ਬੈਂਕਾਂ ਫਸ ਚੁੱਕੀਆਂ ਸਨ, ਉਹਨਾਂ ਕੋਲ ਹੋਰ ਕੋਈ ਰਾਹ ਨਹੀਂ ਸੀ ਬਚਿਆ। ਉਸ ਵੇਲੇ ਏਅਰਲਾਈਨ ਇੰਡਸਟਰੀ ਦੀ ਹਾਲਤ ਬਹੁਤ ਬੁਰੀ ਸੀ। ਬੈਂਕਾਂ ਨੇ ਇਹ ਸੋਚ ਕੇ ਕਿ ਸ਼ਾਇਦ ਕੰਪਨੀ ਚੱਲ ਪਵੇ, ਫਿਰ ਕਰਜ਼ਾ ਦੇ ਦਿੱਤਾ। ਉਹ ਕਰਜ਼ਾ ਹੁਣ ਵਿਆਜ ਸਮੇਤ 9100 ਕਰੋੜ ਤੋਂ ਵੀ ਵਧ ਚੁੱਕਾ ਹੈ। ਮਾਰਚ 2012 ਵਿੱਚ ਕਿੰਗਫਿਸ਼ਰ ਏਅਰਲਾਈਨ ਨੇ ਅੰਤਰਰਾਸ਼ਟਰੀ ਉਡਾਨਾਂ ਬੰਦ ਕਰ ਦਿੱਤੀਆਂ ਤੇ ਅਕਤੂਬਰ 2012 ਵਿੱਚ ਕੰਪਨੀ ਮੁਕੰਮਲ ਤੌਰ ‘ਤੇ ਬੰਦ ਹੋ ਗਈ। ਦਿਲਚਸਪ ਗੱਲ ਇਹ ਹੈ ਕਿ ਇਸ ਵਿੱਚ ਮਾਲਿਆ ਦਾ ਕੁਝ ਨਹੀਂ ਗਿਆ। ਉਹ ਮੁਫਤ ਵਿੱਚ ਲੋਕਾਂ ਦੇ ਪੈਸੇ ਨਾਲ ਹੀ ਕੰਪਨੀ ਚਲਾ ਕੇ ਸ਼ੌਂਕ ਪੂਰਾ ਕਰ ਗਿਆ ਤੇ ਮੇਲਾ ਲੁੱਟ ਕੇ ਅਗਾਂਹ ਗਿਆ। ਜਹਾਜ ਉਸ ਨੇ ਹੋਰ ਕੰਪਨੀਆਂ ਤੋਂ ਲੀਜ਼ ‘ਤੇ ਲਏ ਹੋਏ ਸਨ। ਨਾ ਉਸ ਨੇ ਜਹਾਜਾਂ ਦਾ ਕਿਰਾਇਆ ਦਿੱਤਾ, ਨਾ ਏਅਰਪੋਰਟਾਂ ਦੇ ਟੈਕਸ ਭਰੇ, ਨਾ ਤੇਲ ਦੇ ਪੈਸੇ ਦਿੱਤੇ ਤੇ ਨਾ ਹੀ ਸਟਾਫ ਨੂੰ ਤਨਖਾਹਾਂ ਦਿੱਤੀਆਂ। ਇਸ ਕੰਪਨੀ ਦਾ ਲਾਇਸੰਸ ਸ਼ਰਤਾਂ ਪੂਰੀਆਂ ਨਾ ਕਰਨ ਕਾਰਨ ਰੱਦ ਕਰ ਦਿੱਤਾ ਗਿਆ ਹੈ। ਬੈਂਕਾਂ ਨੂੰ ਸਮਝ ਨਹੀਂ ਆ ਰਹੀ ਕਿ ਹੁਣ ਕੁਰਕ ਕੀ ਕਰੀਏ? ਐਨਾ ਵੱਡਾ ਕਰਜ਼ਾ ਦੇਣ ਲੱਗਿਆਂ ਰਿਜ਼ਰਵ ਬੈਂਕ ਆਫ ਇੰਡੀਆ ਦੇ ਦਿਸ਼ਾ ਨਿਰਦੇਸ਼ਾਂ ਨੂੰ ਵੀ ਬੁਰੀ ਅਣਗੌਲਿਆਂ ਕੀਤਾ ਗਿਆ।
2012 ਵਿੱਚ ਮਾਲੀਆ ਨੇ ਚੁੱਪ ਚੁਪੀਤੇ ਯੂਨਾਈਟਡ ਸਪਿਰਟਜ਼ ਵਿੱਚ ਆਪਣੇ ਵਧੇਰੇ ਸ਼ੇਅਰ ਜਾਹਨੀ ਵਾਕਰ ਸ਼ਰਾਬ ਬਣਾਉਣ ਵਾਲੀ ਕੰਪਨੀ ਡਿਆਗੀਉ ਨੂੰ ਵੇਚ ਦਿੱਤੇ। ਡਿਆਗਿਉ 55% ਸ਼ੇਅਰ ਹੋਣ ਕਾਰਨ ਮੈਨੇਜਮੈਂਟ ‘ਤੇ ਭਾਰੂ ਹੋ ਗਈ। ਅਪਰੈਲ 2015 ਵਿੱਚ ਡਿਆਗਿਉ ਨੇ ਮਾਲਿਆ ਦੇ ਆਰਥਿਕ ਘੁਟਾਲਿਆਂ ਕਾਰਨ ਉਸ ਨੂੰ ਚੇਅਰਮੈਨ ਦੇ ਅਹੁਦੇ ਤੋਂ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਭਾਰੀ ਦਬਾਅ ਤੋਂ ਬਾਅਦ ਫਰਵਰੀ 2015 ਵਿੱਚ ਉਸ ਨੇ 500 ਕਰੋੜ ਰੁ. ਦੀ ਇਕ ਮੁਸ਼ਤ ਰਕਮ ਲੈ ਕੇ ਚੇਅਰਮੈਨੀ ਛੱਡ ਦਿੱਤੀ। ਇਸ ਸੌਦੇ ਦੀ ਭਿਣਕ ਲੱਗਣ ‘ਤੇ ਬੈਂਕਾਂ ਨੇ ਕਰਜਾ ਵਸੂਲੀ ਟ੍ਰਿਬਿਊਨਲ ਕੋਲ ਬੰਗਲੌਰ ਦਾਅਵਾ ਠੋਕ ਦਿੱਤਾ ਕਿ ਇਸ ਪੈਸੇ ‘ਤੇ ਪਹਿਲਾ ਹੱਕ ਉਹਨਾਂ ਦਾ ਬਣਦਾ ਹੈ। ਪਰ ਮਾਲੀਆ ਉਸ ਵਿੱਚੋਂ 280 ਕਰੋੜ ਪਹਿਲਾਂ ਹੀ ਲੈ ਗਿਆ ਹੈ। ਬਾਕੀ 220 ਕਰੋੜ ਬਚੇ ਹਨ ਜਿਸ ਨੂੰ ਕਢਾਉਣ ‘ਤੇ ਟ੍ਰਿਬਿਊਨਿਲ ਨੇ ਪਾਬੰਦੀ ਲਗਾ ਦਿੱਤੀ ਹੈ। ਬੈਂਕਾਂ ਦਾ ਕਰਜ਼ਾ ਵਾਪਸ ਮੁੜਨ ਦੇ ਚਾਂਸ ਨਾ ਦੇ ਬਰਾਬਰ ਹਨ ਕਿਉਂਕਿ ਕਿਗੰਫਿਸ਼ਰ ਦੇ ਭਾਰਤ ਵਿੱਚ ਬਹੁਤ ਘੱਟ ਅਸਾਸੇ ਬਚੇ ਹਨ। ਜੇ ਉਹ ਮੁੰਬਈ ਵਿਚਲਾ ਕਿੰਗਫਿਸ਼ਰ ਹਾਊਸ ਵੀ ਵੇਚ ਦਿੰਦੇ ਹਨ ਤਾਂ ਵੀ ਊਠ ਦੇ ਮੂੰਹ ਵਿੱਚ ਜੀਰੇ ਵਾਲੀ ਗੱਲ ਹੈ। ਹੁਣ ਤਾਂ ਬੈਂਕਾਂ ਦੀ ਇਹੋ ਆਸ ਬਾਕੀ ਹੈ ਕਿ ਮਾਲਿਆ ਦੇਸ਼ ਵਾਪਸ ਆ ਜਾਵੇ ਤੇ ਕਰਜਾ ਵਾਪਸ ਕਰਨ ਦੀ ਕ੍ਰਿਪਾ ਕਰੇ। ਉਸ ਕੋਲ ਅਜੇ ਵੀ ਵੱਖ ਕੰਪਨੀਆਂ ਵਿੱਚ 8000 ਕਰੋੜ ਦੇ ਸ਼ੇਅਰ ਤੇ ਹੋਰ ਹਜਾਰਾਂ ਕਰੋੜ ਦੀ ਜਾਇਦਾਦ ਹੈ। ਉਹ ਲੰਡਨ ਦੇ ਮਹਿੰਗੇ ਇਲਾਕੇ ਵਿੱਚ ਸ਼ਾਨਦਾਰ ਹਵੇਲੀ ਵਿੱਚ ਸ਼ਹਾਨਾ ਜ਼ਿੰਦਗੀ ਬਤੀਤ ਕਰ ਰਿਹਾ ਹੈ ਤੇ ਕਰੋੜਾਂ ਦੀਆਂ ਕਾਰਾਂ ਵਿੱਚ ਘੁੰਮ ਰਿਹਾ ਹੈ। ਬੈਂਕ ਹੈਰਾਨੀਜਨਕ ਤਰੀਕੇ ਨਾਲ 2005 ਅਤੇ 2010 ਵਿੱਚ ਦਿੱਤੇ ਗਏ ਗਏ ਕਰਜ਼ਿਆ ਦੀ ਵਸੂਲੀ ਲਈ 2015-16 ਵਿੱਚ ਜਾਗੇ ਹਨ।
ਮਾਲਿਆ ਦੇ ਵਕੀਲ ਨੇ ਕੋਰਟ ਵਿੱਚ ਹਾਸੋਹੀਣਾ ਬਿਆਨ ਦਿੱਤਾ ਹੈ ਕਿ ਉਸ ਦੇ ਕਲਾਈਂਟ ਦਾ 9000 ਕਰੋੜ ਰੁ. ਕੇਸ ਤਾਂ ਬਹੁਤ ਹੀ ਛੋਟਾ ਜਿਹਾ ਹੈ। ਬੈਂਕਾਂ ਉਸ ਨੂੰ ਐਵੇਂ ਹੀ ਪਰੇਸ਼ਾਨ ਕਰ ਰਹੀਆਂ ਹਨ। ਅਜਿਹੀਆਂ ਗੱਲਾਂ ਤੋਂ ਲੱਗਦਾ ਹੈ ਕਿ ਮਾਲਿਆ ਦਾ ਪੈਸਾ ਵਾਪਸ ਕਰਨ ਦਾ ਕੋਈ ਇਰਾਦਾ ਨਹੀਂ ਹੈ। ਐਨਫੋਰਸਮੈਂਟ ਡਾਈਰੈਕਟੋਰੇਟ ਅਤੇ ਸੀ.ਬੀ.ਆਈ. ਨੇ ਉਸ ਦੇ ਖਿਲਾਫ ਠੱਗੀ ਦਾ ਕੇਸ ਦਰਜ਼ ਕੀਤਾ ਹੈ। ਉਸ ਨੂੰ ਜਾਣ ਬੁਝ ਕੇ ਪੈਸੇ ਨਾ ਮੋੜਨ ਵਾਲਾ ਡਿਫਾਲਟਰ ਘੋਸ਼ਿਤ ਕੀਤਾ ਜਾ ਚੁੱਕਾ ਹੈ। ਬੈਂਕਾਂ ਅਜੇ ਵੀ ਉਸ ਨਾਲ ਇੱਕ ਮੁਸ਼ਤ ਸੈਟਲਮੈਂਟ ਕਰਨ ਲਈ ਤਰਲੇ ਮਿੰਨਤਾਂ ਕਰ ਰਹੀਆਂ ਹਨ। ਪਰ ਉਹ ਸਭ ਨੂੰ ਅੰਗੂਠਾ ਵਿਖਾ ਰਿਹਾ ਹੈ। ਇਸ ਦਾ ਕਾਰਨ ਹੈ ਇਹ ਹੈ ਕਿ ਭਾਰਤ ਵਿੱਚ ਮਾਹਰ ਵਕੀਲਾਂ ਦੀ ਫੌਜ ਵਾਲੇ ਅਮੀਰ ਆਦਮੀ ਕੋਲੋਂ ਪੈਸੇ ਵਾਪਸ ਲੈਣ ਲਈ ਬਹੁਤ ਹੀ ਲੰਬੀ ਅਤੇ ਪੀੜਾਦਾਇਕ ਕਾਨੂੰਨੀ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ। ਸੀ.ਬੀ.ਆਈ. ਕੋਲ ਮਾਲਿਆ, ਕਿੰਗਫਿਸ਼ਰ ਦੇ ਫਾਈਨੈਂਸ਼ਲ ਅਫਸਰ ਰਘੂਨਾਥਨ ਅਤੇ ਆਈ.ਡੀ.ਬੀ ਆਈ. ਬੈਂਕ ਦੇ ਅਫਸਰਾਂ ਦੇ ਖਿਲਾਫ 900 ਕਰੋੜ ਦਾ ਮਨੀ ਲਾਂਡਰਿੰਗ ਦਾ ਕੇਸ ਵੀ ਚੱਲ ਰਿਹਾ ਹੈ।
ਹੁਣ ਬੈਂਕਾਂ ਨੇ ਸੁਪਰੀਮ ਕੋਰਟ ਵਿੱਚ ਮਾਲਿਆ ਦਾ ਪਾਸਪੋਰਟ ਜਬਤ ਕਰਨ, ਉਸ ਨੂੰ ਭਾਰਤ ਤੋਂ ਭੱਜਣ ਤੋਂ ਰੋਕਣ ਅਤੇ ਪੈਸੇ ਲੈਣ ਲਈ ਕੇਸ ਪਾਇਆ ਹੈ। ਪਰ ਉਹ ਪਹਿਲਾਂ ਦੇਸ਼ ਛੱਡ ਕੇ ਭੱਜ ਚੁੱਕਾ ਹੈ। ਉਸ ਨੂੰ ਹੁਣ ਭਾਰਤੀ ਹਾਈ ਕਮਿਸ਼ਨ ਲੰਡਨ, ਰਾਜ ਸਭਾ ਦੀ ਈਮੇਲ ਆਈ.ਡੀ. ਅਤੇ ਉਸ ਦੇ ਵਕੀਲ ਆਦਿ ਰਾਹੀਂ ਸੰਮਨ ਜਾਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਤਾਂ ਲੱਗਦਾ ਹੈ ਕਿ ਬੈਂਕਾਂ ਆਪਣੀਆਂ ਗਲਤੀਆਂ ‘ਤੇ ਪਰਦਾ ਪਾਉਣ ਲਈ ਐਵੇਂ ਅੱਕੀਂ ਪਲਾਹੀਂ ਹੱਥ ਮਾਰ ਰਹੀਆਂ ਹਨ। ਪਬਲਿਕ ਦੇ ਪੈਸੇ ਨੂੰ ਬੇਕਿਰਕੀ ਨਾਲ ਬਰਬਾਦ ਕਰਨ ਦੀ ਇਹ ਇੱਕ ਦਰਦਨਾਕ ਮਿਸਾਲ ਹੈ ਜਿਸ ਵਿੱਚ ਬੈਂਕ ਅਧਿਕਾਰੀ ਪੂਰੀ ਤਰਾਂ ਨਾਲ ਸ਼ਾਮਲ ਲੱਗਦੇ ਹਨ। ਸੱਪ ਲੰਘ ਗਿਆ, ਹੁਣ ਲਕੀਰ ਕੁੱਟਣ ਦਾ ਕੀ ਫਾਇਦਾ? ਲਲਿਤ ਮੋਦੀ ਅਤੇ ਦਾਊਦ ਇਬਰਾਹੀਮ ਵਾਂਗ ਨਾ ਹੁਣ ਉਸ ਦੇ ਭਾਰਤ ਵਾਪਸ ਆਉਣ ਦੀ ਉਮੀਦ ਤੇ ਨਾ ਹੀ ਪੈਸੇ ਵਾਪਸ ਕਰਨ ਦੀ।

ਬਲਰਾਜ ਸਿੰਘ ਸਿੱਧੂ ਐਸ.ਪੀ
ਪੰਡੋਰੀ ਸਿੱਧਵਾਂ 9815124449

Install Punjabi Akhbar App

Install
×