ਮੈਲਬੋਰਨ ਤੋਂ ਇੱਕ ਹੋਰ ਸਸਤੀ ਫਲਾਈਟ ਹੋ ਚਿਨ-ਮਿਨ ਰੂਟ ਵਾਸਤੇ ਤਿਆਰ

ਘੱਟ ਡਾਲਰ ਖਰਚ ਕੇ ਫਲਾਈਟ ਦਾ ਆਨੰਦ ਮਾਣਨ ਵਾਸਤੇ ਮੈਲਬੋਰਨ ਤੋਂ ਹੋ ਚਿਨ-ਮਿਨ ਰੂਟ ਉਪਰ ਵਿਅਤਜੈਟ ਏਅਰਲਾਈਨਜ਼ ਇੱਕ ਹਵਾਈ ਸੇਵਾ ਸ਼ੁਰੂ ਕਰਨ ਜਾ ਰਹੀ ਹੈ ਜੋ ਕਿ ਇਸੇ ਸਾਲ ਦੇ ਅਪ੍ਰੈਲ ਮਹੀਨੇ ਤੋਂ ਸ਼ੁਰੂ ਹੋ ਜਾਵੇਗੀ। ਇਸ ਸਿਲਸਿਲੇ ਵਿੱਚ ਉਡਾਣ ਭਰਨ ਵਾਲੀ ਇਹ ਚੌਥੀ ਹਵਾਈ ਸੇਵਾ ਹੋਵੇਗੀ।
ਹਾਲ ਦੀ ਘੜੀ ਵਿਅਤਜੈਟ ਹਫ਼ਤੇ ਵਿੱਚ ਸਿਰਫ ਤਿੰਨ ਹੀ ਸੇਵਾਵਾਂ ਪ੍ਰਦਾਨ ਕਰੇਗੀ ਪਰੰਤੂ ਉਮੀਦ ਹੈ ਕਿ ਅਗਲੇ ਸਾਲ ਦਿਸੰਬਰ ਦੇ ਮਹੀਨੇ ਤੱਕ ਇਨ੍ਹਾਂ ਸੇਵਾਵਾਂ ਦੀ ਗਿਣਤੀ 7 ਹੋ ਜਾਵੇਗੀ।
ਮੈਲਬੋਰਨ ਹਵਾਈ ਅੱਡੇ ਦੀ ਮੁੱਖ ਕਾਰਜਕਰਤਾ -ਲੌਰੀ ਆਰਗੁਸ ਨੇ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਕਿਹਾ ਹੈ ਕਿ ਵਿਅਤਨਾਮ ਇੱਕ ਅਜਿਹਾ ਦੇਸ਼ ਹੈ ਜੋ ਕਿ ਆਸਟ੍ਰੇਲੀਆ ਵਾਸਤੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਕਾਰਨ 5ਵੇਂ ਸਥਾਨ ਤੇ ਹੈ ਅਤੇ ਅਜਿਹੀਆਂ ਸੇਵਾਵਾਂ ਦੇ ਸ਼ੁਰੂ ਹੋਣ ਨਾਲ ਇਹ ਗਿਣਤੀ ਹੋਰ ਵੀ ਵਧੇਗੀ ਅਤੇ ਦੇਸ਼ ਦੀ ਅਰਥ-ਵਿਵਸਥਾ ਵਿੱਚ ਚੋਖਾ ਯੋਗਦਾਨ ਪਾਏਗੀ।
ਉਨ੍ਹਾਂ ਇਹ ਵੀ ਕਿਹਾ ਕਿ ਇਹ ਸੇਵਾ ਵੈਸੇ 3 ਸਾਲ ਪਹਿਲਾਂ ਹੀ ਸ਼ੁਰੂ ਹੋ ਜਾਣੀ ਸੀ ਪਰੰਤੂ ਕੋਵਿਡ-19 ਕਾਰਨ ਇਸ ਨੂੰ ਰੱਦ ਕਰਨਾ ਪਿਆ ਸੀ ਅਤੇ ਹੁਣ ਇਸ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ।
ਇਸ ਬਾਬਤ, ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਵਿਅਤਨਾਮ ਵਿਚਲੇ ਹੋ ਚਿਨ-ਮਿਨ ਵਿਖੇ ਏਅਰਲਾਈਨਜ਼ ਦੇ ਮੁੱਖ ਦਫ਼ਤਰ ਦਾ ਦੌਰਾ ਵੀ ਕੀਤਾ ਸੀ ਅਤੇ ਸਾਰੀ ਗੱਲਬਾਤ ਸਾਂਝੀ ਕੀਤੀ ਸੀ।