ਪੰਜਾਬ ‘ਚ ਕਿਸੇ ਵੀ ਪਾਰਟੀ ਦੀ ਪੁਜੀਸ਼ਨ ਵੱਡੀ ਬਹੁਮੱਤ ਹਾਸਲ ਕਰਨ ਵਾਲੀ ਵਿਖਾਈ ਨਹੀਂ ਦਿੰਦੀ

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਆ ਜਾਣ ਕਾਰਨ ਰਾਜ ਦੀ ਸਿਆਸਤ ਵਿੱਚ ਭੁਚਾਲ ਜਿਹਾ ਆ ਗਿਆ ਹੈ। ਸਾਰੀਆਂ ਸਿਆਸੀ ਪਾਰਟੀਆਂ ਲੋਕ ਹਿਤਾਂ ਨੂੰ ਪਾਸੇ ਸੁੱਟਦਿਆਂ, ਸੂਬੇ ਦੀ ਜਨਤਾ ਦੇ ਅਸਲ ਮੁੱਦਿਆਂ ਤੋਂ ਮੂੰਹ ਲਕੋਦਿਆਂ, ਗੁੰਮਰਾਹ ਕਰਨ ਵਾਲੀਆਂ ਤਿਕੜਮਬਾਜੀਆਂ ਰਾਹੀਂ ਲੋਕਾਂ ਨੂੰ ਆਪਣੇ ਹੱਕ ਵਿੱਚ ਭਰਮਾਉਣ ਲਈ ਯਤਨਸ਼ੀਲ ਹਨ। ਸਿਆਸੀ ਲੋਕਾਂ ਵੱਲੋਂ ਪਿਛਲੇ ਵਰ੍ਹਿਆਂ ਵਿੱਚ ਵਿਖਾਈ ਮਾੜੀ ਕਾਰਗੁਜਾਰੀ ਤੇ ਨਿੱਜੀ ਜਾਇਦਾਦਾਂ ਇਕੱਠੀਆਂ ਕਰਨ ਲਈ ਲੋਕਾਂ ਤੇ ਪਾਏ ਬੇਲੋੜੇ ਬੋਝ ਸਦਕਾ ਆਮ ਲੋਕ ਦੁਖੀ ਤੇ ਗੁੱਸੇ ਵਿੱਚ ਹਨ। ਪਰ ਦੇਸ਼ ਭਰ ਵਿੱਚ ਚੱਲੇ ਕਿਸਾਨ ਅੰਦੋਲਨ ਵਿੱਚ ਪੰਜਾਬ ਦੇ ਲੋਕਾਂ ਵੱਲੋਂ ਦਿਖਾਈ ਮੂਹਰਲੀਆਂ ਸਫ਼ਾਂ ਵਾਲੀ ਭੂਮਿਕਾ ਨੇ ਪੰਜਾਬੀਆਂ ਨੂੰ ਜਾਗਰੂਕ ਤੇ ਇੱਕਮੁੱਠ ਕੀਤਾ ਹੈ। ਖਤਰਾ ਬਣ ਰਹੀ ਇਸ ਏਕਤਾ ਨੂੰ ਤੋੜ ਕੇ ਆਪਣੇ ਹਿਤਾਂ ਲਈ ਵਰਤਣ ਵਾਸਤੇ ਸਿਆਸੀ ਪਾਰਟੀਆਂ ਦੀ ਨੀਤੀ ਤਕਰੀਬਨ ਇੱਕੋ ਜਿਹੀ ਹੀ ਹੈ।
ਪੰਜਾਬ ਵਿੱਚ ਸੱਤ੍ਹਾ ਹਾਸਲ ਕਰਨ ਦੀ ਦੌੜ ਵਿੱਚ ਚਾਰ ਸਿਆਸੀ ਪਾਰਟੀਆਂ ਹਨ, ਸ੍ਰੋਮਣੀ ਅਕਾਲੀ ਦਲ, ਭਾਜਪਾ, ਆਮ ਆਦਮੀ ਪਾਰਟੀ ਤੇ ਕਾਂਗਰਸ। ਚਾਰਾਂ ਦਾ ਹੀ ਹਸ਼ਰ ਇਸ ਸਮੇਂ ਬਹੁਤਾ ਚੰਗਾ ਵਿਖਾਈ ਨਹੀਂ ਦੇ ਰਿਹਾ। ਜੇਕਰ ਸ੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਸ ਪ੍ਰਤੀ ਲੋਕਾਂ ਦਾ ਅਥਾਹ ਗੁੱਸਾ ਹੈ ਜਿਸਦੇ ਤਿੰਨ ਮੁੱਖ ਕਾਰਨ ਹਨ। ਪਹਿਲਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ। ਅਕਾਲੀ ਦਲ ਭਾਵੇਂ ਲੱਖ ਦੁੱਧ ਧੋਤਾ ਬਣੀ ਜਾਵੇ, ਪਰ ਆਮ ਲੋਕ ਬੇਅਦਬੀਆਂ ਲਈ ਉਹਨਾਂ ਨੂੰ ਜੁਮੇਵਾਰ ਮੰਨਦੇ ਹਨ ਤੇ ਮੰਨਦੇ ਰਹਿਣਗੇ। ਬੇਅਦਬੀਆਂ ਉਹਨਾਂ ਦੇ ਰਾਜ ਵਿੱਚ ਹੋਈਆਂ ਅਤੇ ਉਹਨਾਂ ਦੋਸ਼ੀਆਂ ਨੂੰ ਹੱਥ ਪਾਉਣਾ ਮੁਨਾਸਿਬ ਨਹੀਂ ਸਮਝਿਆ। ਦੂਜਾ ਕਾਰਨ ਹੈ ਤਿੰਨ ਖੇਤੀ ਕਾਲੇ ਕਾਨੂੰਨ, ਜਿਹਨਾਂ ਨੂੰ ਲਾਗੂ ਕਰਨ ਲਈ ਅਕਾਲੀ ਦਲ ਨੇ ਲੋਕ ਸਭਾ ਵਿੱਚ ਸਹਿਮਤੀ ਦਿੱਤੀ ਅਤੇ ਹੱਕ ਵਿੱਚ ਪ੍ਰਚਾਰ ਕੀਤਾ। ਜਦ ਕਿਸਾਨ ਅੰਦੋਲਨ ਸਿਖ਼ਰਾਂ ਤੇ ਪਹੁੰਚ ਗਿਆ ਤੇ ਅਕਾਲੀ ਦਲ ਨੂੰ ਆਪਣਾ ਪਤਨ ਦਿਖਾਈ ਦੇਣ ਲੱਗਾ ਤਾਂ ਉਹਨਾਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਮੰਡਲ ਚੋਂ ਅਸਤੀਫਾ ਦਿਵਾ ਕੇ ਕਿਸਾਨਾਂ ਦੇ ਹੱਕ ਵਿੱਚ ਬੋਲਣਾ ਸੁਰੂ ਕਰ ਦਿੱਤਾ। ਪਰ ਪੰਜਾਬ ਦੇ ਲੋਕ ਜਾਣਦੇ ਹਨ। ਤੀਜਾ ਕਾਰਨ ਹੈ ਨਸ਼ੇ। ਅਕਾਲੀ ਭਾਜਪਾ ਦੇ ਰਾਜ ਸਮੇਂ ਤੋਂ ਲੋਕ ਵੱਲੋਂ ਸਰੇਆਮ ਇਹ ਦੋਸ਼ ਲਾਉਣੇ ਸੁਰੂ ਹੋ ਗਏ ਸਨ ਕਿ ਨਸ਼ੇ ਦਾ ਕਾਰੋਬਾਰ ਅਕਾਲੀ ਦਲ ਦੇ ਮੂਹਰਲੀਆਂ ਸਫ਼ਾ ਵਾਲੇ ਅਕਾਲੀ ਆਗੂ ਤੇ ਮੰਤਰੀ ਕਰਵਾਉਂਦੇ ਹਨ, ਪਰ ਉਹਨਾਂ ਖਿਲਾਫ ਕੋਈ ਕਾਰਵਾਈ ਕਰਨ ਦੇ ਉਲਟ ਉਹਨਾਂ ਨੂੰ ਖੁਲ੍ਹ ਦਿੱਤੀ ਜਾਂਦੀ ਰਹੀ। ਇਹਨਾਂ ਤਿੰਨ ਕਾਰਨਾਂ ਸਦਕਾ ਪੰਜਾਬ ਦੇ ਲੋਕ ਸ੍ਰੋਮਣੀ ਅਕਾਲੀ ਦਲ ਤੋਂ ਗੁੱਸੇ ਵਿੱਚ ਹਨ, ਇਸ ਲਈ ਉਹਨਾਂ ਦੀ ਦਾਲ ਸੌਖਿਆਂ ਗਲਦੀ ਵਿਖਾਈ ਨਹੀਂ ਦੇ ਰਹੀ।
ਦੂਜੀ ਸਿਆਸੀ ਪਾਰਟੀ ਹੈ ਭਾਜਪਾ। ਇਸ ਪਾਰਟੀ ਦੀ ਕੇਂਦਰ ਵਿੱਚ ਸਰਕਾਰ ਹੋਣ ਕਰਕੇ ਉਹਨਾਂ ਕਾਰਪੋਰੇਟ ਘਰਾਣਿਆਂ ਨਾਲ ਗੰਢ ਤੁੱਪ ਕਰਕੇ ਆਮ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ। ਇਸਨੇ ਦੇਸ਼ ਨੂੰ ਵੱਡੇ ਘਰਾਣਿਆਂ ਅੰਡਾਨੀਆਂ ਅੰਬਾਨੀਆਂ ਨੂੰ ਦੇਸ਼ ਦਾ ਹਰ ਕਾਰੋਬਾਰ ਸੌਪਣ ਦਾ ਹਰ ਯਤਨ ਕੀਤਾ। ਦੇਸ਼ ਦਾ ਮੁੱਖ ਕਿੱਤਾ ਖੇਤੀਬਾੜੀ ਖਤਮ ਕਰਨ ਦੀ ਪਰਵਾਹ ਨਾ ਕਰਦਿਆਂ ਤਿੰਨ ਕਾਲੇ ਕਾਨੂੰਨ ਲਿਆਂਦੇ, ਜਿਸਦਾ ਦੇਸ਼ ਦੇ ਕਿਸਾਨਾਂ ਨੇ ਡਟਵਾਂ ਵਿਰੋਧ ਕੀਤਾ ਅਤੇ ਵੱਡਾ ਕਿਸਾਨ ਅੰਦੋਲਨ ਚੱਲਿਆ। ਇਸ ਅੰਦੋਲਨ ਦੌਰਾਨ ਕਰੀਬ ਇੱਕ ਸਾਲ ਤੱਕ ਕਿਸਾਨਾਂ ਦੀ ਗੱਲ ਨਾ ਸੁਣੀ ਗਈ, ਉਹਨਾਂ ਨੂੰ ਗਰਮੀਆਂ ਦੀਆਂ ਤਪਦੀਆਂ ਸੜਕਾਂ ਤੇ ਬੈਠਿਆਂ ਅਤੇ ਸਿਆਲਾਂ ਦੀਆਂ ਠੰਢੀਆਂ ਰਾਤਾਂ ਆਪਣੇ ਘਰਾਂ ਤੋਂ ਦੂਰ ਖੁਲ੍ਹੇ ਅਸਮਾਨ ਹੇਠ ਬਿਤਾਉਣ ਲਈ ਮਜਬੂਰ ਹੋਣਾ ਪਿਆ। ਅੰਦੋਲਨ ਦਬਾਉਣ ਲਈ ਥਾਂ ਥਾਂ ਕਿਸਾਨਾਂ ਤੇ ਡਾਗਾਂ ਵਰ੍ਹਾਈਆਂ ਗਈਆਂ, ਭਾਜਪਾ ਆਗੂਆਂ ਦੀਆਂ ਗੱਡੀਆਂ ਹੇਠ ਕਿਸਾਨਾਂ ਨੂੰ ਦਰੜਿਆ ਗਿਆ। ਸੱਤ ਸੌ ਤੋਂ ਵੱਧ ਕਿਸਾਨ ਸਹੀਦ ਹੋ ਗਏ। ਹੁਣ ਚੋਣਾਂ ਨਜਦੀਕ ਆ ਜਾਣ ਤੇ ਮਜਬੂਰੀ ਸਦਕਾ ਤਿੰਨ ਕਾਲੇ ਕਾਨੂੰਨ ਵਾਪਸ ਲੈ ਲਏ ਅਤੇ ਸਹੂਲਤਾਂ ਦੇ ਸਬਜਬਾਗ ਵਿਖਾਏ ਜਾ ਰਹੇ ਹਨ। ਪਰ ਪੰਜਾਬ ਦੇ ਲੋਕ ਸਹਾਦਤਾਂ ਤੇ ਡਾਗਾਂ ਨੂੰ ਭੁੱਲੇ ਨਹੀਂ, ਉਹਨਾਂ ਦਾ ਭਾਜਪਾ ਪ੍ਰਤੀ ਗੁੱਸਾ ਬਰਕਰਾਰ ਹੈ।
ਤੀਜੀ ਧਿਰ ਹੈ ਕਾਂਗਰਸ। ਕਾਂਗਰਸ ਦੀ ਪਿਛਲੀ ਸਾਢੇ ਚਾਰ ਸਾਲ ਦੀ ਕਾਰਗੁਜਾਰੀ ਤੋਂ ਪੰਜਾਬ ਦੇ ਲੋਕ ਨਿਰਾਸ ਹੋਏ ਹਨ। ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਨਾ ਲੋਕਾਂ ਵਿੱਚ ਵਿਚਰਣ ਦੀ ਜਰੂਰਤ ਸਮਝੀ, ਨਾ ਬੇਅਦਬੀ ਕਰਨ ਵਾਲੇ ਜਾਂ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਨੂੰ ਹੱਥ ਪਾਇਆ। ਸਰੇਆਮ ਇਹ ਦੋਸ਼ ਲਗਦੇ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਰਲੇ ਹੋਏ ਹਨ, ਇਸ ਕਰਕੇ ਕੋਈ ਕਾਰਵਾਈ ਨਹੀਂ ਹੋ ਰਹੀ। ਇਸ ਰਲੀ ਮਿਲੀ ਖੇਡ ਦੇ ਕਥਿਤ ਦੋਸ਼ਾਂ ਕਾਰਨ ਪੰਜਾਬ ਦੇ ਲੋਕਾਂ ਵਿੱਚ ਗੁੱਸਾ ਸੀ ਅਤੇ ਹੈ। ਹੁਣ ਵੀ ਸ੍ਰੀ ਬਿਕਰਮ ਸਿੰਘ ਮਜੀਠੀਆ ਤੇ ਕੇਸ ਦਾਇਰ ਹੋਣ ਤੇ ਕੈਪਟਨ ਸਿੰਘ ਨੇ ਬਿਆਨ ਜਾਰੀ ਕਰਦਿਆਂ ਇਸਨੂੰ ਗਲਤ ਕਾਰਵਾਈ ਕਹਿ ਕੇ ਲੋਕਾਂ ਦੀ ਰਲੇ ਹੋਣ ਦੀ ਗੱਲ ਤੇ ਮੋਹਰ ਲਾ ਦਿੱਤੀ ਹੈ।
ਚੋਣਾਂ ਨਜਦੀਕ ਆ ਜਾਣ ਤੇ ਕਾਂਗਰਸ ਹਾਈਕਮਾਂਡ ਨੇ ਡਿੱਗ ਚੁੱਕੀ ਸ਼ਾਖ ਨੂੰ ਮੁੜ ਖੜਾ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਪਾਸੇ ਕਰਦਿਆਂ ਸ੍ਰੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਥਾਪ ਦਿੱਤਾ ਤੇ ਸ੍ਰੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾ ਦਿੱਤਾ। ਉਹਨਾਂ ਨੂੰ ਸਮਾਂ ਏਨਾ ਥੋੜਾ ਮਿਲਿਆ ਕਿ ਉਹ ਬਹੁਤੇ ਕੰਮ ਕਰਨ ਤੋਂ ਅਸਮਰੱਥ ਹਨ। ਆਪਣੀ ਅਸਮਰੱਥਤਾ ਨੂੰ ਜੱਗ ਜਾਹਰ ਹੋਣ ਤੋਂ ਬਚਾਉਣ ਲਈ ਉਹ ਲਗਾਤਾਰ ਐਲਾਨਾਂ ਤੇ ਐਲਾਨ ਕਰੀ ਜਾ ਰਹੇ ਹਨ, ਪਰ ਅਮਲ ਵਿੱਚ ਓਨਾ ਕੁੱਝ ਨਹੀਂ ਹੋ ਰਿਹਾ। ਪੰਜਾਬ ਦੀ ਨੌਜਵਾਨੀ ਦੀ ਤਬਾਹੀ ਕਰਨ ਵਾਲੇ ਨਸ਼ਿਆਂ ਦੇ ਤਸਕਰਾਂ ਤੇ ਸਖ਼ਤੀ ਕਰਦਿਆਂ ਸ੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਤੇ ਬਾਦਲ ਪਰਿਵਾਰ ਦੇ ਰਿਸਤੇਦਾਰ ਸ੍ਰੀ ਬਿਰਕਮ ਸਿੰਘ ਮਜੀਠੀਆ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ, ਇਸ ਕਾਰਵਾਈ ਤੇ ਪੰਜਾਬ ਦੇ ਲੋਕ ਕੁੱਝ ਤਸੱਲੀ ਤਾਂ ਪ੍ਰਗਟ ਕਰ ਰਹੇ ਹਨ, ਪਰ ਨਾਲ ਇਹ ਵੀ ਕਹਿ ਰਹੇ ਹਨ ਕਿ ਇਹ ਸਿਰਫ ਵੋਟਾਂ ਹਾਸਲ ਕਰਨ ਲਈ ਕੀਤੀ ਕਾਰਵਾਈ ਹੈ, ਗਿਰਫਤਾਰੀ ਹੋਣ ਦੀ ਤਾਂ ਕੋਈ ਉਮੀਦ ਨਹੀਂ ਹੈ। ਕੁੱਲ ਮਿਲਾ ਕੇ ਜੇਕਰ ਲੋਕਾਂ ਨੂੰ ਗੁੱਸਾ ਹੈ ਤਾਂ ਉਹ ਕੈਪਟਨ ਬਾਦਲ ਦੀ ਮਿਲੀਭੁਗਤ ਵਾਲਾ ਹੀ ਹੈ, ਪਰ ਚੰਨੀ ਸਰਕਾਰ ਤੋਂ ਨਿਰਾਸਤਾ ਹੈ।
ਚੌਥੀ ਧਿਰ ਹੈ ਆਮ ਆਦਮੀ ਪਾਰਟੀ। ਇਸ ਪਾਰਟੀ ਨੇ ਪੰਜਾਬ ਦੀ ਸਤ੍ਹਾ ਹਥਿਆਉਣ ਲਈ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਹੈ। ਇਸ ਪਾਰਟੀ ਨਾਲ ਲੋਕਾਂ ਦੀ ਹਮਦਰਦੀ ਸੀ ਅਤੇ ਹੈ, ਨੌਜਵਾਨੀ ਵਿੱਚ ਇਸਦਾ ਰੁਝਾਨ ਵਧੇਰੇ ਦਿਖਾਈ ਦਿੰਦਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਵੀ ਮਾਲਵਾ ਖੇਤਰ ਨੇ ਇਸ ਪਾਰਟੀ ਦਾ ਡਟ ਕੇ ਸਾਥ ਦਿੱਤਾ ਸੀ। ਪਰ ਜੋ ਵੋਟਰਾਂ ਨੂੰ ਇਸ ਪਾਰਟੀ ਤੇ ਉਮੀਦਾਂ ਸਨ, ਉਸਤੇ ਪੂਰੀ ਉਤਰਣ ਵਿੱਚ ਕਾਮਯਾਬ ਨਹੀਂ ਹੋ ਸਕੀ। ਇਸੇ ਕਰਕੇ ਇਸਦੇ ਕੁੱਝ ਵਿਧਾਇਕਾਂ ਨੇ ਪਹਿਲਾਂ ਆਪਣੀ ਵੱਖਰੀ ਪਾਰਟੀ ਬਣਾ ਲਈ ਸੀ, ਹੁਣ ਕਈ ਵਿਧਾਇਕ ਕਾਂਗਰਸ ਵਿੱਚ ਸ਼ਾਮਲ ਹੋ ਗਏ। ਹੁਣ ਸ੍ਰੀ ਅਰਵਿੰਦਰ ਕੇਜਰੀਵਾਲ ਵੱਲੋਂ ਰਾਜ ਦੇ ਮੁੱਖ ਮੰਤਰੀ ਦਾ ਚਿਹਰਾ ਪਰਤੱਖ ਕਰਨ ਤੋਂ ਟਾਲ ਮਟੋਲ ਕਰਨ ਸਦਕਾ ਵੀ ਲੋਕ ਗੁੱਸੇ ਵਿੱਚ ਹਨ, ਕਿਉਂਕਿ ਉਹ ਸਮਝਦੇ ਹਨ ਕਿ ਚੋਣਾਂ ਤੋਂ ਬਾਅਦ ਜੋ ਲੋਕ ਚਾਹੁੰਦੇ ਹਨ ਉਹ ਨਹੀਂ ਹੋਵੇਗਾ। ਕੇਜਰੀਵਾਲ ਦਿੱਲੀ ਮਾਡਲ ਦੇ ਸਬਜਬਾਗ ਵਿਖਾ ਕੇ ਵੋਟਾਂ ਹਥਿਆਉਣੀਆਂ ਚਾਹੁੰਦੇ ਹਨ, ਪਰ ਦਿੱਲੀ ਤੇ ਪੰਜਾਬ ਦੇ ਹਾਲਾਤਾਂ ਅਤੇ ਸਥਿਤੀ ਦਾ ਜ਼ਮੀਨ ਅਸਮਾਨ ਦਾ ਫ਼ਰਕ ਹੈ। ਇਸ ਕਰਕੇ ਪੰਜਾਬ ਦੇ ਲੋਕ ਕੇਜਰੀਵਾਲ ਤੇ ਵਿਸਵਾਸ ਨਹੀਂ ਕਰ ਰਹੇ।
ਲੋਕਾਂ ਦੇ ਗੁੱਸੇ ਤੇ ਨਿਰਾਸ਼ਾਂ ਨੂੰ ਵੇਖਦਿਆਂ ਸਾਰੀਆਂ ਹੀ ਪਾਰਟੀਆਂ ਵੱਲੋਂ ਪੰਜਾਬ ਦੇ ਵੋਟਰਾਂ ਨੂੰ ਗੁੰਮਰਾਹ ਕਰਕੇ ਉਹਨਾਂ ਦੇ ਅਸਲ ਮੁੱਦਿਆਂ ਤੋਂ ਭਰਮਾਉਣ ਲਈ ਇੱਕੋ ਜਿਹੀ ਪਾਲਿਸੀ ਬਣਾਈ ਹੋਈ ਹੈ। ਸਾਲ 2015 ਤੋਂ ਬੇਅਦਬੀਆਂ ਤੇ ਨਸ਼ਿਆਂ ਦਾ ਮੁੱਦਾ ਚੱਲਿਆ ਆ ਰਿਹਾ ਹੈ। ਸਾਰੀਆਂ ਹੀ ਪਾਰਟੀਆਂ ਇਹਨਾਂ ਮੁੱਦਿਆਂ ਤੇ ਸਿਆਸਤ ਕਰਦੀਆਂ ਰਹੀਆਂ ਹਨ, ਪਰ ਅਮਲ ਵਿੱਚ ਕਿਸੇ ਨੇ ਡੱਕਾ ਨਹੀਂ ਤੋੜਿਆ। ਹੁਣ ਵੀ ਜਦ ਚੰਨੀ ਸਰਕਾਰ ਨੇ ਜਾਣ ਲਿਆ ਕਿ ਇਸ ਸਬੰਧੀ ਉਹ ਕੁਛ ਕਰਨ ਤੋਂ ਅਸਮਰੱਥ ਹੈ ਤਾਂ ਲੋਕਾਂ ਧਿਆਨ ਇਸਤੋਂ ਲਾਂਭੇ ਕਰਨ ਲਈ ਸ੍ਰੀ ਬਿਕਰਮ ਸਿੰਘ ਮਜੀਠੀਆ ਤੇ ਨਸ਼ਿਆਂ ਸਬੰਧੀ ਕੇਸ ਦਰਜ ਕਰ ਲਿਆ ਹੈ। ਸਰਕਾਰ ਬੇਅਦਬੀ ਦੇ ਮਾਮਲੇ ਤੋਂ ਧਿਆਨ ਹਟਾਉਣ ਲਈ ਲੱਗ ਭੱਗ ਕਾਮਯਾਬ ਹੋਈ ਹੈ, ਅੱਜ ਸਭ ਤੋਂ ਭਖਦਾ ਮਸਲਾ ‘ਮਜੀਠੀਆ ਕੇਸ’ ਬਣ ਗਿਆ ਹੈ। ਸ੍ਰੋਮਣੀ ਅਕਾਲੀ ਦਲ ਭਾਵੇਂ ਇਸ ਸਬੰਧੀ ਵੱਡਾ ਵਿਰੋਧ ਕਰਨ ਦੇ ਐਲਾਨ ਕਰ ਰਿਹਾ ਹੈ, ਪਰ ਇਸ ਪੱਖ ਤੋਂ ਉਹ ਰਾਹਤ ਵੀ ਸਮਝਦਾ ਹੈ ਕਿ ਬੇਅਦਬੀ ਮਾਮਲਾ ਤਾਂ ਪਿੱਛੇ ਰਹਿ ਜਾਵੇਗਾ। ਕਾਂਗਰਸ ਨਸ਼ਾ ਤਸਕਰਾਂ ਨੂੰ ਹੱਥ ਪਾਉਣ ਦੇ ਨਾਂ ਤੇ ਲੋਕਾਂ ਦੀ ਸਹਿਮਤੀ ਹਾਸਲ ਕਰਨ ਦਾ ਯਤਨ ਕਰੇਗੀ ਤੇ ਅਕਾਲੀ ਦਲ ਝੂਠਾ ਕੇਸ ਦੱਸ ਕਿ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ। ਕੈਪਟਨ ਅਮਰਿੰਦਰ ਸਿੰਘ ਤਾਂ ਮਜੀਠੀਆ ਦੇ ਹੱਕ ਵਿੱਚ ਭੁਗਤ ਹੀ ਰਹੇ ਹਨ। ਕੈਪਟਨ ਸਿੰਘ ਦੇ ਬਾਦਲਾਂ ਨਾਲ ਰਲੇ ਹੋਣ ਦੇ ਕਥਿਤ ਦੋਸ਼ਾਂ ਦਾ ਖਮਿਆਜ਼ਾ ਹੀ ਉਹਨਾਂ ਨੂੰ ਅੱਜ ਭੁਗਤਣਾ ਪੈ ਰਿਹਾ ਹੈ, ਉਹਨਾਂ ਦੇ ਮੁੱਛ ਦਾ ਵਾਲ ਜਾਂ ਸੱਜੀ ਖੱਬੀ ਬਾਂਹ ਸਮਝੇ ਜਾਂਦੇ ਉਹਨਾਂ ਦੇ ਅਤੀ ਨਜਦੀਕੀ ਸਾਥੀ ਉਹਨਾਂ ਨੂੰ ਛੱਡ ਕੇ ਸਿੱਧੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਉਹ ਵਿਚਕਾਰਲੀ ਕੜੀ ਖਤਮ ਕਰ ਰਹੇ ਹਨ, ਇਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦਾ ਤਾਂ ਸਿਆਸੀ ਨੁਕਸਾਨ ਹੋ ਹੀ ਰਿਹਾ ਹੈ। ਮਜੀਠੀਆ ਕੇਸ ਬਾਰੇ ਆਮ ਆਦਮੀ ਪਾਰਟੀ ਦੀ ਗੱਲ ਸਮਝੋਂ ਬਾਹਰ ਦੀ ਹੀ ਲਗਦੀ ਹੈ। ਲੰਬੇ ਸਮੇਂ ਤੋਂ ਇਸ ਪਾਰਟੀ ਦੇ ਆਗੂ ਮਜੀਠੀਆ ਨੂੰ ਗਿਰਫਤਾਰ ਕਰਨ ਦੀ ਮੰਗ ਕਰਦੇ ਰਹੇ ਹਨ, ਪਰ ਹੁਣ ਜੇ ਮੁਕੱਦਮਾ ਦਰਜ ਹੋ ਗਿਐ ਤਾਂ ਉਹਨਾਂ ਕਹਿਣਾ ਸੁਰੂ ਕਰ ਦਿੱਤੈ ਕਿ ਇਹ ਚੋਣ ਸਟੰਟ ਹੈ।
ਪੰਜਾਬ ਦੇ ਅੱਜ ਦੇ ਸਿਆਸੀ ਹਾਲਾਤਾਂ ਵੱਲ ਵੇਖੀਏ ਤਾਂ ਇਉਂ ਲਗਦੈ ਕਿ ਕਿਸੇ ਵੀ ਪਾਰਟੀ ਦੀ ਪੁਜ਼ੀਸਨ ਏਨੀ ਵਧੀਆਂ ਨਹੀਂ ਕਿ ਉਹ ਵੱਡੀ ਬਹੁਮੱਤ ਹਾਸਲ ਕਰ ਸਕੇ। ਕਿਸਾਨ ਅੰਦੋਲਨ ਨੇ ਵੀ ਪੰਜਾਬ ਵਾਸੀਆਂ ਨੂੰ ਬਹੁਤ ਜਾਗਰੂਕ ਕਰ ਦਿੱਤਾ ਹੈ, ਉਹ ਸਿਆਸੀ ਹਾਲਾਤਾਂ ਨੂੰ ਸਮਝਣ ਦੇ ਸਮਰੱਥ ਹੋ ਗਏ ਹਨ ਅਤੇ ਜਿੱਥੇ ਵੀ ਚਾਰ ਵਿਅਕਤੀ ਇਕੱਠੇ ਹੁੰਦੇ ਹਨ, ਸਿਆਸਤ ਤੇ ਚਰਚਾ ਛਿੜਦੀ ਹੈ। ਆਉਣ ਵਾਲੀਆਂ ਚੋਣਾਂ ਵਿੱਚ ਪੰਜਾਬ ਦੇ ਲੋਕ ਪਾਰਟੀ ਨਾਲੋਂ ਉਮੀਦਵਾਰ ਦੀ ਸਖ਼ਸੀਅਤ ਨੂੰ ਵੱਧ ਤਰਜੀਹ ਦੇ ਸਕਦੇ ਹਨ। ਆਮ ਲੋਕ ਚਾਹੁੰਦੇ ਹਨ ਕਿ ਵਿਧਾਨ ਸਭਾ ਦੀ ਦਹਿਲੀਜ਼ ਲੰਘਣ ਵਾਲੇ ਸੂਝਵਾਨ, ਇਮਾਨਦਾਰ ਤੇ ਬੇਦਾਗ ਵਿਧਾਇਕ ਹੋਣ। ਬਾਕੀ ਨਤੀਜੇ ਬਾਅਦ ਹੀ ਪਤਾ ਲੱਗੇਗਾ, ”ਕਿਹੜਾ ਬੈਂਗਣੀ ਉੱਘੜਦਾ ਐ।”
ਮੋਬਾ: 098882 75913 ਬਠਿੰਡਾ

Install Punjabi Akhbar App

Install
×