ਪੰਜਾਬ ਨੂੰ ਨਸ਼ਿਆਂ ਦਾ ਗ੍ਰਹਿਣ ਚਿੰਬੜਿਆ: ਹਲੂਣਾ ਦੇਣ ਆਇਆ ਡਾ. ਕੁਮਾਰ ਵਿਸ਼ਵਾਸ਼ ਦਾ ਵੀਡੀਓ ਗੀਤ ‘ਇਕ ਨਸ਼ਾ’

NZ PIC 9 May-1ਬੜੇ ਚਿਰਾਂ ਤੋਂ ਇਹ ਗੱਲ ਪ੍ਰਤੱਖ ਰੂਪ ਵਿਚ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੀ ਜਵਾਨੀ ਨਸ਼ਿਆ ਨੇ ਖਾ ਲਈ ਹੈ। ਨੌਜਵਾਨ ਅਤੇ ਆਮ ਵਰਗ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹੈ ਅਤੇ ਸੋਨੇ ਦੀ ਚਿੜੀ ਕਿਹਾ ਜਾਂਦੇ ਪੰਜਾਬ ਦੇ ਵਿਕਾਸ ਦੇ ਤੋਤੇ ਉਡ ਗਏ ਹਨ। ਆਮ ਆਦਮੀ ਪਾਰਟੀ ਜੋ ਕਿ ਸੰਭਾਵਿਤ ਰੂਪ  ਵਿਚ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿਚ ਖਾਸ ਭੂਮਿਕਾ ਨਿਭਾਏਗੀ ਲਗਾਤਾਰ ਪੰਜਾਬੀਆਂ ਦੀ ਨਬਜ ਨੂੰ ਪਛਾਣਦਿਆਂ ਉਸੇ ਤਰ੍ਹਾਂ ਦਾ ਉਪਚਾਰ ਕਰਨ ਦੇ ਵਾਅਦੇ ਕਰਨ ਦਾ ਐਲਾਨ ਕਰ ਰਹੀ ਹੈ ਜਿਸ ਦੇ ਨਾਲ ਪੰਜਾਬ ਇਕ ਤੰਦਰੁਸਤ ਰਾਜ ਵਜੋਂ ਵਿਕਾਸ ਦੀ ਲੀਹੇ ਚੜ੍ਹੇ। ਆਮ ਆਦਮੀ ਪਾਰਟੀ ਦੇ ਨੇਤਾ ਡਾ. ਕੁਮਾਰ ਵਿਸ਼ਵਾਸ਼ ਨੇ ਇਸੇ ਸੰਦਰਭ ਦੇ ਵਿਚ ‘ਇਕ ਨਸ਼ਾ-ਨਸ਼ੇ ਕੇ ਖਿਲਾਫ’ ਸਿਰਲੇਖ ਹੇਠ ਵੀਡੀਓ ਐਲਬਮ ਬੀਤੀ ਰਾਤ ਸ੍ਰੀਫੋਰਟ ਆਡੀਟੋਰੀਅਮ ਦੇ ਵਿਚ ਰਿਲੀਜ ਕੀਤੀ। ਇਸ ਸਮਾਗ ਦੇ ਵਿਚ ਜਿੱਥੇ ਭਾਰੀ ਗਿਣਤੀ ਦੇ ਵਿਚ ਸਰੋਤੇ ਜਨ ਹਾਜ਼ਿਰ ਹੋਏ ਉਥੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਕੇਜਰੀਵਾਲ, ਦਿੱਲੀ ਦਾ ਮੰਤਰੀ ਮੰਡਲ, ਪੰਜਾਬ ਤੋਂ ਸਾਂਸਦ ਸ. ਸੁੱਚਾ ਸਿੰਘ ਛੋਟੇਪੁਰ, ਸ. ਐਚ. ਐਸ. ਫੂਲਕਾ ਸਮੇਤ ਹੋਰ ਬਹੁਤ ਸਾਰੇ ਉਚ ਅਹੁਦਿਆਂ ਵਾਲੇ ਲੋਕ ਸ਼ਾਮਿਲ ਹੋਏ। ਇਸ ਵੀਡੀਓ ਦੇ ਬੋਲ ਜਿੱਥੇ ਅੱਜ ਦੇ ਪੰਜਾਬ ਦੇ ਹਾਲਾਤ ਨੂੰ ਗੀਤਾਂ ਦੀਆਂ ਲਾਈਨਾਂ ਵਿਚ ਪੇਸ਼ ਕਰਦੇ ਹਨ ਉਥੇ ਇਸ ਦੇ ਪਿੱਛੇ ਕਾਰਨ ਬਣੇ ਨੇਤਾਵਾਂ ਵੱਲ ਹੀ ਅਸਿੱਧੇ ਤਰੀਕੇ ਨਾਲ ਇਛਾਰਾ ਕਰ ਦਿੱਤਾ ਗਿਆ ਹੈ। ਇਹ ਵੀਡੀਓ ਅੱਜ ਚਰਚਾ ਦਾ ਵਿਸ਼ਾ ਬਣ ਰਹੀ ਹੈ ਅਤੇ ਇਸਨੇ ਅਜੇ ਕਈ ਦਿਨ ਹੋਰ ਨਵੀਂਆਂ ਖਬਰਾਂ ਵੀ ਉਤਪੰਨ ਕਰਨੀਆਂ ਹਨ। ਗੀਤ ਦੇ ਵਿਚ ਬਾਦਲ, ਸੁਖਬੀਰ, ਪ੍ਰਕਾਸ਼ ਅਤੇ ਦੁਖਬੀਰ ਆਦਿ ਸ਼ਬਦ ਵਰਤੇ ਗਏ ਹਨ। ਇਸ ਵੀਡੀਓ ਤੋਂ ਪ੍ਰਾਪਤ ਹੋਣ ਵਾਲੀ ਸਾਰੀ ਰਾਸ਼ੀ ਗੁਰੂ ਨਾਨਕ ਦੇਵ ਜੀ ਦਿਲ ਰਿਸਚਰਚ ਪ੍ਰਾਜੈਕਟ ਨੂੰ ਦਾਨ ਦਿੱਤੀ ਜਾਵੇਗੀ।
ਇਸ ਸਮਾਗਮ ਦੇ ਵਿਚ ਨਿਊਜ਼ੀਲੈਂਡ ਵਿੰਗ ਵਲੰਟੀਅਰ ਤੋਂ ਸ. ਖੜਗ ਸਿੰਘ, ਸ੍ਰੀ ਰਾਜਵੀ ਬਾਜਵਾ ਅਤੇ ਜਸਮੀਤ ਸਿੰਘ ਬਾਜਵਾ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਣ ਨਵੀਂ ਦਿੱਲੀ ਪੁੱਜੇ। ਇਨ੍ਹਾਂ ਵਲੰਟੀਅਰਜ਼ ਨੂੰ ਐਡੀ ਦੂਰੋਂ ਆਏ ਵੇਖ ਕੇ ਸੇਰੇ ਨੇਤਾਵਾਂ ਨੇ ਖੁਸ਼ੀ ਮਨਾਈ। ਵੀਡੀਓ ਰਿਲੀਜ ਤੋਂ ਪਹਿਲਾਂ ਨਿਊਜ਼ੀਲੈਂਡ ਤੋਂ ਸ੍ਰੀਮਤੀ ਖੁਸ਼ਮੀਤ ਕੌਰ ਵੱਲੋਂ ਨਸ਼ਿਆਂ ਸਬੰਧੀ ਭੇਜਿਆ ਇਕ ਸੰਦੇਸ਼ ਵੀ ਵਿਖਾਇਆ ਗਿਆ। ਨਿਊਜ਼ੀਲੈਂਡ ਵਿੰਗ ਨੇ ਅੱਜ ਡਾ. ਕੁਮਾਰ ਵਿਸ਼ਵਾਸ਼ ਦੇ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਇਕ ਖਾਸ ਮੀਟਿੰਗ ਕੀਤੀ, ਇਸ ਮੀਟਿੰਗ ਦੇ ਵਿਚ ਕਈ ਅਹਿਮ ਮੁੱਦਿਆ ਉਤੇ ਗੱਲਬਾਤ ਹੋਈ ਅਤੇ ਕੁਝ ਪ੍ਰਾਜੈਕਟ ਵੀ ਉਲੀਕੇ ਗਏ।  ਉਪਰੰਤ ਸੈਕਟਰੀਏਟ ਦੇ ਵਿਚ ਨਵੀਂ ਦਿੱਲੀ ਸਰਕਾਰ ਦੇ ਕਾਨੂੰਨ, ਜਸਟਿਸ, ਟੂਰਿਜ਼ਮ, ਭਾਸ਼ਾ ਅਤੇ ਗੁਰਦੁਆਰਾ ਇਲੈਕਸ਼ਨ ਦੇ ਮੰਤਰੀ ਸ੍ਰੀ ਕਪਿਲ ਮਿਸ਼ਰਾ ਦੇ ਨਾਲ ਵੀ ਗੱਲਬਾਤ ਕੀਤੀ। ਅਮਰੀਕਾ ਤੋਂ ਸਬੱਬੀ ਪਹੁੰਚੇ ਉਥੇ ਸ. ਸੁਰਿੰਦਰ ਸਿੰਘ (ਆਈ. ਟੀ. ਖੇਤਰ ਦੇ ਮਾਹਿਰ ਤੇ ਸ. ਖੜਗ ਸਿੰਘ ਦੇ ਭਰਾਤਾ) ਹੋਰਾਂ ਸ੍ਰੀ ਆਦਰਸ਼ ਸ਼ਾਸ਼ਤਰੀ ਜੋ ਕਿ ਦਿੱਲੀ ਸਰਕਾਰ ਦੇ ਇਨਫਰਮੇਸ਼ਨ ਵਿਭਾਗ ਦੇ ਪਾਰਲੀਮਾਨੀ ਸਕੱਤਰ ਹਨ, ਨਾਲ ਵੀ ਗੱਲਬਾਤ ਹੋਈ। ਇਸ ਗੱਲਬਾਤ ਦੇ ਵਿਚ ਸ. ਸੁਰਿੰਦਰ ਸਿੰਘ ਹੋਰਾਂ ਭਾਰਤ ਦੇ ਵਿਚ ਅਧਾਰ ਕਾਰਡ, ਪੈਨਸ਼ਨ ਕਾਰਡ ਅਤੇ ਰਾਸ਼ਨ ਕਾਰਡ ਨੂੰ ਇਕ ਸੂਤਰ ਵਿਚ ਪ੍ਰੋਣ ਦੇ ਲਈ ਸੁਝਾਅ ਦਿੱਤਾ।
ਨਿਊਜ਼ੀਲੈਂਡ ਵਿੰਗ ਦੇ ਗਏ ਤਿੰਨਾਂ ਵਲੰਟੀਅਰਜ ਨੇ ਇਸ ਦੌਰੇ ਨੂੰ ਸਫਲ ਦੱਸਦਿਆਂ ਕਿਹਾ ਕਿ ਵਿਦੇਸ਼ ਦੇ ਵਿਚ ਬੈਠਿਆਂ ਬਹੁਤ ਸਾਰੀਆਂ ਗੱਲਾਂ ਸਹੀ ਅਰਥਾਂ ਦੇ ਵਿਚ ਪਤਾ ਨਹੀਂ ਲਗਦੀਆਂ ਪਰ ਹੁਣ ਉਨ੍ਹਾਂ ਖੁਦ ਵੇਖਿਆ ਹੈ ਕਿ ਆਮ ਆਦਮੀ ਪਾਰਟੀ ਕਿਵੇਂ ਛੋਟੇ ਤੋਂ ਛੋਟੇ ਪੱਧਰ ਉਤੇ ਸੋਚ-ਵਿਚਾਰ ਕੇ ਲੋਕਾਂ ਨੂੰ ਆਪਣੇ ਨਾਲ ਜੋੜ ਰਹੀ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿਚ ਜਿੱਤ ਕਰਕੇ ਇਕ ਨਵੇਂ ਪੰਜਾਬ ਦੀ ਸਿਰਜਣਾਂ ਕਰੇਗੀ।