ਜੇਕਰ ਟੈਨਿਸ ਦੇ ਖਿਡਾਰੀਆਂ ਅਤੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਲਿਆਇਆ ਜਾ ਸਕਦਾ ਹੈ ਤਾਂ ਫੇਰ ਖੇਤੀ ਮਜ਼ਦੂਰਾਂ ਨੂੰ ਕਿਉਂ ਨਹੀਂ……? -ਐਮਾ ਜਰਮੈਨੋ

(ਦ ਏਜ ਮੁਤਾਬਿਕ) ਵਿਕਟੋਰੀਆਈ ਕਿਸਾਨਾਂ ਦੀ ਫੈਡਰੇਸ਼ਨ ਦੀ ਪ੍ਰਧਾਨ ਐਮਾ ਜਰਮੈਨੋ ਨੇ ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਫੈਲਰਲ ਸਰਕਾਰ ਟੈਨਿਸ ਦੇ ਖਿਡਾਰੀਆਂ ਅਤੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਦੇਸ਼ ਅੰਦਰ ਆਉਣ ਦੀ ਇਜਾਜ਼ਤ ਦੇ ਸਕਦੀ ਹੈ ਤਾਂ ਫੇਰ ਖੇਤੀ ਮਜ਼ਦੂਰਾਂ ਨੂੰ ਇੱਥੇ ਲਿਆਉਣ ਵਿੱਚ ਕੀ ਦਿੱਕਤ ਹੈ…? ਜਦੋਂ ਕਿ ਦੇਸ਼ ਅੰਦਰ ਖੇਤੀ ਮਜ਼ਦੂਰਾਂ ਦੀ ਬਹੁਤ ਭਾਰੀ ਕਮੀ ਪਾਈ ਜਾ ਰਹੀ ਹੈ ਅਤੇ ਕਿਸਾਨ ਬੀਤੇ 6 ਮਹੀਨਿਆਂ ਤੋਂ ਸਰਕਾਰਾਂ ਅੱਗੇ ਇਸ ਦੀ ਗੁਹਾਰ ਲਗਾਤਾਰ ਲਗਾ ਰਹੇ ਹਨ। ਲੇਬਰ ਪਾਰਟੀ ਨੇ ਤਾਂ ਫੈਡਰਲ ਸਰਕਾਰ ਨੂੰ ਸਿੱਧੇ ਤੌਰ ਤੇ ਹੀ ਕਿਹਾ ਕਿ ਆਹ ਰਾਜਨੀਤੀ ਖੇਡਣੀ ਬੰਦ ਕਰੋ ਅਤੇ ਦੇਸ਼ ਦੀਆਂ ਅਸਲ ਸਮੱਸਿਆਵਾਂ ਵੱਲ ਧਿਆਨ ਦੇਵੋ ਅਤੇ ਇਨ੍ਹਾਂ ਦੇ ਹੱਲ ਲਈ ਵਿਚਾਰਾਂ ਕਰੋ। ਪ੍ਰਧਾਨ ਐਮਾ ਜਰਮੈਨੋ ਨੇ ਕਿਹਾ ਕਿ ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਤਾਂ ਕਿਸਾਨਾਂ ਨਾਲ ਵਾਅਦੇ ਵੀ ਕੀਤੇ ਸਨ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਛੇਤੀ ਹੀ ਖਤਮ ਕਰ ਲਿਆ ਜਾਵੇਗਾ ਪਰੰਤੂ ਹਾਲੇ ਤਾਂ ਸਾਰੀਆਂ ਗੱਲਾਂ ਹਵਾ ਵਿੱਚ ਹੀ ਉਡਦੀਆਂ ਦਿਖਾਈ ਦੇ ਰਹੀਆਂ ਹਨ ਅਤੇ ਧਰਾਤਲ ਉਪਰ ਇਨ੍ਹਾਂ ਦਾ ਕੋਈ ਵੀ ਹੱਲ, ਹਾਲ ਦੀ ਘੜੀ ਤਾਂ ਦੇਖਣ ਨੂੰ ਨਹੀਂ ਮਿਲ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵੈਸੇ ਤਾਂ ਸਮੁੱਚਾ ਦੇਸ਼ ਹੀ ਕਿਸਾਨੀ ਨਾਲ ਸਬੰਧਤ ਸਮੱਸਿਆਵਾਂ ਨੂੰ ਝੇਲ ਰਿਹਾ ਹੈ ਪਰੰਤੂ ਵਿਕਟੋਰੀਆ ਰਾਜ ਅੰਦਰ ਇਨ੍ਹਾਂ ਨੂੰ ਕੁੱਝ ਜ਼ਿਆਦਾ ਹੀ ਅਣਗੌਲਿਆ ਕੀਤਾ ਜਾ ਰਿਹਾ ਹੈ ਅਤੇ ਪ੍ਰੀਮੀਅਰ ਡੈਨ. ਐਂਡ੍ਰਿਊਜ਼ ਵੀ ਟੈਨਿਸ ਖਿਡਾਰੀਆਂ ਦੀ ਹੀ ਆਉ-ਭਗਤ ਵਿੱਚ ਖੁਸ਼ ਦਿਖਾਈ ਦੇ ਰਹੇ ਹਨ ਜਦੋਂ ਕਿ ਉਨ੍ਹਾਂ ਨੂੰ ਇਸ ਤੋਂ ਪਹਿਲਾਂ ਰਾਜ ਅੰਦਰ ਕਿਸਾਨਾਂ ਨੂੰ ਪੇਸ਼ ਆ ਰਹੀ ਮਜ਼ਦੂਰਾਂ ਦੀ ਥੋੜ੍ਹ ਉਪਰ ਚਿੰਤਾ ਕਰਨੀ ਚਾਹੀਦੀ ਹੈ।

Install Punjabi Akhbar App

Install
×