
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਅੱਜ ਬੁੱਧਵਾਰ ਨੂੰ ਵਿਕਟੋਰੀਆ ਰਾਜ ਅੰਦਰ ਕੋਈ ਵੀ ਕਰੋਨਾ ਦਾ ਨਵਾਂ ਮਾਮਲਾ ਦਰਜ ਨਾ ਹੋਣ ਕਾਰਨ ਹੁਣ ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਵੱਲੋਂ ਅੱਜ ਰਾਤ ਤੋਂ ਲਾਕਡਾਊਨ ਖ਼ਤਮ ਕਰ ਦੇਣ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਪ੍ਰੀਮੀਅਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਜੋ ਜ਼ੀਰੋ-ਜ਼ੀਰੋ ਵਾਲੇ ਨਤੀਜੇ ਆਏ ਹਨ ਇਹ 40,000 ਕਰੋਨਾ ਟੈਸਟ ਕਰਨ ਤੋਂ ਬਾਅਦ ਆਏ ਹਨ ਅਤੇ ਇਹ ਇੱਕ ਬਹੁਤ ਮਹੱਤਵਪੂਰਨ ਗੱਲ ਹੈ। ਅੱਜ ਰਾਤ ਤੋਂ ਹੁਣ -ਮਹਿਜ਼ ਚਾਰ ਜ਼ਰੂਰੀ ਕਾਰਨਾਂ ਕਾਰਨ ਘਰਾਂ ਵਿੱਚੋਂ ਨਿਕਲਣ ਵਾਲਾ ਨਿਯਮ ਖ਼ਤਮ ਹੋ ਜਾਵੇਗਾ; 5 ਕਿਲੋ ਮੀਟਰ ਵਾਲੇ ਦਾਇਰੇ ਵਾਲਾ ਨਿਯਮ ਵੀ ਖ਼ਤਮ; ਰਿਟੇਲ ਅਤੇ ਹਾਸਪਿਟੈਲਿਟੀ ਵਾਲੇ ਅਦਾਰੇ ਆਪਣੀ ਸਮਰੱਥਾ ਮੁਤਾਬਿਕ ਮੁੜ ਤੋਂ ਚਾਲੂ; ਲੋਕ ਹੁਣ 50% ਵਾਲੇ ਨਿਯਮ ਨਾਲ ਆਪਣੇ ਕੰਮਾਂ ਕਾਰਾਂ ਉਪਰ ਪਰਤ ਸਕਦੇ ਹਨ; ਧਾਰਮਿਕ ਸਮਾਰੋਹਾਂ, ਖੇਡਾਂ, ਮਨੋਰੰਜਨ ਦੀਆਂ ਥਾਵਾਂ, ਕਲੱਬਾਂ, ਵਿਆਹ ਸ਼ਾਦੀਆਂ ਆਦਿ ਲਈ ਥਾਂ ਦੀ ਸਮਰੱਥਾ ਮੁਤਾਬਿਕ ਇਕੱਠ ਨੂੰ ਇਜਾਜ਼ਤ; ਅੰਤਿਮ ਸੰਸਕਾਰਾਂ ਦੀਆਂ ਰਸਮਾਂ ਲਈ ਸੀਮਾ ਖ਼ਤਮ; ਜਨਤਕ ਅਤੇ ਮਨੋਰੰਜਕ ਗਤੀਵਿਧੀਆਂ ਉਪਰ ਪਾਬੰਧੀ ਖ਼ਤਮ; ਅਤੇ ਸਕੂਲਾਂ ਨੂੰ ਮੁੜ ਤੋਂ ਚਾਲੂ ਕੀਤਾ ਜਾ ਰਿਹਾ ਹੈ। ਫਰਵਰੀ ਦੀ 27 ਤਾਰੀਖ ਤੱਕ ਜਿਹੜੀਆਂ ਪਾਬੰਧੀਆਂ ਲਾਗੂ ਰਹਿਣਗੀਆਂ ਉਹ ਇਸ ਪ੍ਰਕਾਰ ਹਨ -ਭੀੜ ਵਾਲੀਆਂ ਬਾਹਰਵਾਰ ਥਾਵਾਂ ਉਪਰ ਜਾਣ ਤੇ ਮਾਸਕ ਪਾਉਣਾ ਜ਼ਰੂਰੀ, ਜਨਤਕ ਇਕੱਠਾਂ ਦੀ ਗਿਣਤੀ 30 ਤੋਂ 20 ਕੀਤੀ ਗਈ ਹੈ; ਘਰਾਂ ਅੰਦਰ 5 ਮਹਿਮਾਨ ਹੀ ਵਾਜਿਬ ਹਨ। ਪ੍ਰੀਮੀਅਰ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਰਾਜ ਸਰਕਾਰ ਵੱਲੋਂ ਲਏ ਗਏ ਅਚਨਚੇਤੀ ਫੈਸਲੇ ਵਿੱਚ ਲੋਕਾਂ ਨੇ ਪੂਰੀ ਸਹਿਮਤੀ ਪ੍ਰਗਟਾਈ ਹੈ ਅਤੇ ਰਾਜ ਸਰਕਾਰ ਅਤੇ ਸਿਹਤ ਅਧਿਕਾਰੀਆਂ ਨੂੰ ਪੂਰਨ ਸਹਿਯੋਗ ਨਾਲ ਹਰ ਇੱਕ ਨੇ ਆਪਣਾ ਪੂਰਾ ਯੋਗਦਾਨ ਦਿੱਤਾ ਹੈ ਅਤੇ ਇਸ ਵਾਸਤੇ ਰਾਜ ਦੀ ਜਨਤਾ ਧੰਨਵਾਦ ਦੀ ਪਾਤਰ ਹੈ।