ਵਿਕਟੌਰੀਆ ਦੇ ਲੋਕਾਂ ਵਾਸਤੇ ‘ਥੰਡਰਸਟੋਰਮ ਅਸਥਮੇ’ ਦੀਆਂ ਚਿਤਾਵਨੀਆਂ ਜਾਰੀ

ਭਾਰੀ ਤੂਫਾਨਾਂ ਅਤੇ ਬਾਰਿਸ਼ ਦੇ ਚਲਦਿਆਂ ਰਾਜ ਭਰ ਵਿੱਚ ਹੁਣ ਲੋਕਾਂ ਨੂੰ ”ਥੰਡਰਸਟੋਰਮ ਅਸਥਮਾ” ਹੋਣ ਦੀਆਂ ਚਿਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਜ਼ਮੀਨ ਤੇ ਘਾਹ ਅਤੇ ਫੁੱਲਾਂ ਦੇ ਪਰਾਗ ਕਣਾਂ ਦਾ ਮੌਸਮ ਹੁਣ ਬਸ ਅਗਲੇ ਕੁੱਝ ਹੀ ਹਫ਼ਤਿਆਂ ਵਿੱਚ ਆ ਰਿਹਾ ਹੈ।
ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਅਸਥਮੇ ਦੀ ਸ਼ਿਕਾਇਤ ਰਹਿੰਦੀ ਹੈ ਅਤੇ ਜਾਂ ਫੇਰ ਫੁੱਲਾਂ ਦੇ ਪਰਾਗ ਕਣਾਂ ਕਾਰਨ ਬੁਖਾਰ, ਗਲੇ ਵਿੱਚ ਦਰਦ, ਖਾਂਸੀ-ਜ਼ੁਕਾਮ ਆਦਿ ਦੀ ਸ਼ਿਕਾਇਤ ਹੈ ਤਾਂ ਤੁਰੰਤ ਆਪਣੇ ਜੀ.ਪੀ. ਨੂੰ ਮਿਲੋ ਅਤੇ ਉਸਦੀ ਸਲਾਹ ਉਪਰ ਪੂਰਾ ਅਮਲ ਕਰੋ।
ਆਉਣ ਵਾਲੇ ਅਗਲੇ ਮਹੀਨੇ -ਅਕਤੂਬਰ ਦੀ 1 ਤਾਰੀਖ ਤੋਂ ਹੀ ਰਾਜ ਸਰਕਾਰ ਦੀ ਆਪਾਤਕਾਲੀਨ ਐਪ (VicEmergency app) ਜਾਂ ਵੈਬਸਾਈਟ ਉਪਰ ਹਰ ਰੋਜ਼ ਦੇ ਆਂਕੜੇ ਜਾਰੀ ਕੀਤੇ ਜਾਣਗੇ ਅਤੇ ਲੋਕਾਂ ਨੂੰ ਅਹਿਤਿਆਦ ਵਰਤਣ ਦੀਆਂ ਸਲਾਹਾਂ ਵੀ ਦਿੱਤੀਆਂ ਜਾ ਰਹੀਆਂ ਹਨ।
ਅਜਿਹੇ ਵਿਅਕਤੀ ਜਿਨ੍ਹਾਂ ਨੂੰ ਪਹਿਲਾਂ ਹੀ ਉਪਰੋਕਤ ਤਕਲੀਫ਼ਾਂ ਰਹਿੰਦੀਆਂ ਹਨ, ਉਨ੍ਹਾਂ ਵਾਸਤੇ ਸਲਾਹ ਹੈ ਕਿ ਜਦੋਂ ਤੂਫ਼ਾਨ ਦੀ ਸਥਿਤੀ ਹੋਵੇ ਜਾਂ ਤੇਜ਼ ਹਵਾਵਾਂ ਚਲਦੀਆਂ ਹੋਣ, ਉਹ ਲੋਕ ਘਰਾਂ ਦੇ ਅੰਦਰ ਹੀ ਰਹਿਣ ਅਤੇ ਕੇਵਲ ਖਾਸ ਕੰਮਾਂ ਵਾਸਤੇ ਹੀ ਘਰਾਂ ਵਿੱਚੋਂ ਬਾਹਰ ਨਿਕਲਣ। ਆਪਣੇ ਆਪ ਨੂੰ ਬਚਾਉਣ ਵਾਸਤੇ ਅਸਥਮੇ ਦੌਰਾਨ ਲੈਣ ਵਾਲੀਆਂ ਦਵਾਈਆਂ ਜਾਂ ਆਪਣਾ ਰਿਲੀਵਰ ਨਾਲ ਲੈ ਕੇ ਹੀ ਚੱਲਣ।
ਥੰਡਰਸਟੋਰਮ ਅਸਥਮਾ ਕਈ ਸਥਿਤੀਆਂ ਵਿੱਚ ਕਾਫੀ ਭਿਆਨਕ ਰੂਪ ਲੈ ਸਕਦਾ ਹੈ। ਸਾਲ 2016 ਦੌਰਾਨ, ਮੈਲਬੋਰਨ ਵਿੱਚ ਥੰਡਰਸਟੋਰਮ ਅਸਥਮਾ ਕਾਰਨ 10 ਲੋਕਾਂ ਦੀ ਜਾਨ ਵੀ ਚਲੀ ਗਈ ਸੀ।

Install Punjabi Akhbar App

Install
×