ਵਿਕਟੋਰੀਆ ਵਿੱਚ ਕਰੋਨਾ ਦਾ 1 ਨਵਾਂ ਮਾਮਲਾ ਦਰਜ -ਰਾਜ ਅੰਦਰ ਤੀਜੀ ਵਾਰੀ 5 ਦਿਨਾਂ ਦਾ ਲਾਕਡਾਊਨ ਸ਼ੁਰੂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵਿਕਟੋਰੀਆ ਵਿੱਚ ਕਰੋਨਾ ਦੇ ਨਵੇਂ ਵੇਰੀਏਂਟ (ਯੂ.ਕੇ. ਸਟ੍ਰੇਨ) ਤੋਂ ਪੈਦਾ ਹੋਏ ਡਰ ਕਾਰਨ ਤੀਸਰੀ ਵਾਰੀ ਲਾਕਡਾਊਨ ਲਗਾਇਆ ਗਿਆ ਹੈ ਅਤੇ ਇਸ ਵਾਰੀ ਇਹ ਲਾਕਡਾਊਨ 5 ਦਿਨਾਂ ਦਾ ਹੈ ਅਤੇ ਕਰੋਨਾ ਦੀ ਲੜੀ ਨੂੰ ਤੋੜਨ ਦੀ ਵਜਾਹ ਕਾਰਨ ਲਗਾਇਆ ਗਿਆ ਹੈ। ਸਕੂਲਾਂ ਅਤੇ ਗੈਰ-ਜ਼ਰੂਰੀ ਦੁਕਾਨਾਂ ਆਦਿ ਨੂੰ ਬੰਦ ਕੀਤਾ ਗਿਆ ਹੈ ਅਤੇ ਮੈਲਬੋਰਨ ਅੰਦਰ ਬੀਤੇ ਸਾਲ ਅਗਸਤ ਦੇ ਮਹੀਨੇ ਦੀ ਤਰਜ਼ ਤੇ ਹੀ ਲਾਕਡਾਊਨ ਜਾਰੀ ਰਹੇਗਾ। ਮਹਿਜ਼ ਚਾਰ ਕਾਰਨਾਂ ਕਰਕੇ ਹੀ ਘਰਾਂ ਵਿੱਚੋਂ ਬਾਹਰ ਨਿਕਲਿਆ ਜਾ ਸਕਦਾ ਹੈ: ਜ਼ਰੂਰੀ ਸਾਮਾਨ ਦੀ ਖਰੀਦਦਾਰੀ, ਦੇਖਭਾਲ ਆਦਿ ਦੇ ਕੰਮਾਂ ਲਈ, ਇੱਕ ਦਿਨ ਵਿੱਚ ਦੋ ਘੰਟੇ ਦੀ ਕਸਰਤ ਅਤੇ ਜਾਂ ਫੇਰ ਅਜਿਹੇ ਕੰਮ ਜਾਂ ਪੜ੍ਹਾਈ-ਲਿਖਾਈ ਜਿਹੜੇ ਕਿ ਘਰਾਂ ਅੰਦਰ ਬੈਠ ਕੇ ਨਹੀਂ ਕੀਤੇ ਜਾ ਸਕਦੇ। ਘਰਾਂ ਤੋਂ 5 ਕਿਲੋ ਮੀਟਰ ਦੇ ਘੇਰੇ ਵਾਲਾ ਨਿਯਮ ਵੀ ਲਾਗੂ ਹੈ ਜਿਸ ਦੇ ਤਹਿਤ ਲੋਕ ਆਪਣੇ ਘਰਾਂ ਤੋਂ 5 ਕਿਲੋ ਮੀਟਰ ਦੇ ਦਾਇਰੇ ਤੋਂ ਦੂਰ ਨਹੀਂ ਜਾ ਸਕਦੇ ਪਰੰਤੂ ਕੁੱਝ ਜ਼ਰੂਰੀ ਕੰਮਾਂ ਲਈ ਇਸ ਦੀ ਛੋਟ ਵੀ ਹੈ। ਕਰੋਨਾ ਦਾ 1 ਨਵਾਂ ਮਾਮਲਾ ਦਰਜ ਹੋਣ ਕਾਰਨ, ਰਾਜ ਅੰਦਰ ਹੁਣ ਕੁੱਲ ਚਲੰਤ ਮਾਮਲਿਆਂ ਦੀ ਗਿਣਤੀ 20 ਹੋ ਗਈ ਹੈ। ਧਾਰਮਿਕ ਜਾਂ ਵਿਆਹ ਸ਼ਾਦੀਆਂ ਉਪਰ ਇਕੱਠਾਂ ਉਪਰ ਪੂਰਨ ਪਾਬੰਧੀ ਹੈ ਪਰੰਤੂ ਅੰਤਿਮ ਸੰਸਕਾਰ ਲਈ 10 ਵਿਅਕਤੀਆਂ ਦੇ ਇਕੱਠ ਨੂੰ ਇਜਾਜ਼ਤ ਦਿੱਤੀ ਗਈ ਹੈ। ਦੱਖਣੀ ਆਸਟ੍ਰੇਲੀਆ, ਕੁਈਨਜ਼ਲੈਂਡ, ਪੱਛਮੀ ਆਸਟ੍ਰੇਲੀਆ ਨੇ ਸੀਮਾਵਾਂ ਵਾਲੀਆਂ ਬੰਦਿਸ਼ਾਂ ਲਾਗੂ ਕਰ ਦਿੱਤੀਆਂ ਹਨ ਅਤੇ ਇਹ ਪਾਬੰਧੀਆਂ ਲਾਕਡਾਊਨ ਤੋਂ ਬਾਅਦ ਵੀ ਕੁੱਝ ਦਿਨ ਜਾਰੀ ਰਹਿਣ ਦੀਆਂ ਸੰਭਾਵਨਾਵਾਂ ਜ਼ਾਹਿਰ ਕੀਤੀਆਂ ਜਾ ਰਹੀਆਂ ਹਨ।

Install Punjabi Akhbar App

Install
×