
(ਦ ਏਜ ਮੁਤਾਬਿਕ) ਰਾਜ ਅੰਦਰ ਕਰੋਨਾ ਕਾਰਨ ਲਗਾਈਆਂ ਗਈਆਂ ਪਾਬੰਧੀਆਂ ਵਿੱਚ ਛੋਟਾਂ ਦੇ ਨਾਲ ਨਾਲ ਸਰਕਾਰ ਵੱਲੋਂ ਜਨਤਕ ਤੌਰ ਤੇ ਐਲਾਨ ਵੀ ਕੀਤੇ ਗਏ ਹਨ ਕਿ ਜ਼ਿਆਦਾ ਜੋਖਮ ਵਾਲੇ ਖੇਤਰਾਂ ਜਿਵੇਂ ਕਿ ਸੁਪਰ-ਮਾਰਿਕਟਾਂ ਆਦਿ ਜਿੱਥੇ ਕਿ ਲੋਕਾਂ ਦੀ ਜ਼ਿਆਦਾ ਭੀੜ ਇਕੱਠੀ ਹੁੰਦੀ ਹੈ, ਉਪਰ ਫੇਸ ਮਾਸਕ ਪਹਿਨਣੇ ਜ਼ਰੂਰੀ ਹਨ -ਪਰੰਤੂ ਇਸ ਨਿਯਮ ਨੂੰ ਲਾਗੂ ਕਰਨ ਵਿੱਚ ਕੁੱਝ ਕੁ ਸਟੋਰ ਯਤਨ ਕਰ ਰਹੇ ਹਨ ਅਤੇ ਕੁੱਝ ਕੁ ਇਸ ਦੀ ਖੁੱਲ੍ਹ ਵੀ ਦੇ ਰਹੇ ਹਨ। ਜਿਵੇਂ ਕਿ ਕੋਲਜ਼, ਵੂਲਵਰਦਸ ਅਤੇ ਐਲਡੀ ਵਰਗੇ ਸਟੋਰ ਆਪਣੇ ਗ੍ਰਾਹਕਾਂ ਨੂੰ ਬਿਨ੍ਹਾਂ ਫੇਸ ਮਾਸਕ ਦੇ ਹੀ ਅੰਦਰ ਆ ਕੇ ਸਾਮਾਨ ਖਰੀਦਣ ਦੀ ਇਜਾਜ਼ਤ ਦੇ ਰਹੇ ਹਨ ਜਦੋਂ ਕਿ ਬਨਿੰਗਜ਼, ਆਫਿਸਵਰਕਸ, ਜੇ.ਬੀ. ਹਾਈ ਫਾਈ, ਮੈਕਾ ਅਤੇ ਕਮਾਰਟ, ਅਜਿਹੇ ਗ੍ਰਾਹਕਾਂ ਨੂੰ ਅੰਦਰ ਨਹੀਂ ਆਉਣ ਦੇ ਰਹੇ ਜਿਨ੍ਹਾਂ ਨੇ ਕਿ ਫੇਸ-ਮਾਸਕ ਨਹੀਂ ਪਹਿਨੇ ਹਨ। ਜ਼ਿਕਰਯੋਗ ਹੈ ਕਿ ਵਿਕਟੋਰੀਆ ਰਾਜ ਅੰਦਰ ਬੀਤੇ ਸਮੇਂ ਵਿੱਚ ਦਰਜ ਕੀਤੇ ਗਏ ਕਰੋਨਾ ਦੇ ਕਈ ਮਾਮਲੇ ਕੋਲਜ਼, ਵੂਲਵਰਦਸ, ਐਲਡੀ, ਆਈ.ਜੀ.ਏ., ਲਾਮਾਨਾ ਅਤੇ ਲਿਓਜ਼ ਫਾਈਨ ਫੂਡ ਐਂਡ ਵਾਈਨ ਵਰਗੀਆਂ ਥਾਵਾਂ ਨਾਲ ਸਬੰਧਤ ਹਨ -ਪਰੰਤੂ ਅਜਿਹੀਆਂ ਥਾਵਾਂ ਉਪਰ ਹੀ ਫੇਸ ਮਾਸਕ ਵੱਲੋਂ ਜੋ ਢਿੱਲ ਦਿੱਤੀ ਜਾ ਰਹੀ ਹੈ, ਉਸਦਾ ਕਾਰਨ ਸਮਝ ਤੋਂ ਬਾਹਰ ਹੈ। ਪੁਲਿਸ ਮੰਤਰੀ ਲਿਜ਼ਾ ਨੇਵਿਲੇ ਨੇ ਇਸ ਬਾਰੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਇਸ ਬਾਰੇ ਵਿੱਚ ਪੜਤਾਲ ਕਰ ਰਹੇ ਹਨ ਅਤੇ ਛੇਤੀ ਹੀ ਅਜਿਹੇ ਲੋਕਾਂ ਖ਼ਿਲਾਫ਼ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ।