
(ਦ ਏਜ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਕੈਨਬਰਾ ਵਿਖੇ ਅਗਲੇ ਹਫ਼ਤੇ ਹੋਣ ਵਾਲੇ ਪਾਰਲੀਮੈਂਟ ਸੈਸ਼ਨ ਦੇ ਮੱਦੇਨਜ਼ਰ ਅਜਿਹੇ ਐਮ.ਪੀ. ਜਿਹੜੇ ਕਿ ਮੌਜੂਦਾ ਸਮੇਂ ਵਿੱਚ ਵਿਕਟੋਰੀਆ ਅੰਦਰ ਮੌਜੂਦ ਹਨ, ਨੂੰ ਤੁਰੰਤ ਆਪਣੀਆਂ ਯਾਤਰਾਵਾਂ ਸਬੰਧੀ ਪਲਾਨ ਬਦਲ ਕੇ ਉਥੋਂ ਨਿਕਲਣ ਅਤੇ ਕੈਨਬਰਾ ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਕਿਉਂਕਿ ਹੋਟਲ ਹੋਲੀਡੇਅ ਇਨ ਵਾਲੇ ਕਰੋਨਾ ਕਲਸਟਰ ਦੇ ਮੱਦੇਨਜ਼ਰ, ਵਿਕਰਟੋਰੀਆਈ ਸਰਕਾਰ ਅੱਜ ਰਾਤ ਤੋਂ ਮੈਲਬੋਰਨ ਵਿੱਚ ਮੁੜ ਤੋਂ ਲਾਕਡਾਊਨ ਲਗਾਉਣ ਜਾ ਰਹੀ ਹੈ।
ਇਸੇ ਕਾਰਨ ਅੱਜ, ਸਥਾਨਕ ਐਮ.ਪੀ. ਜਿਹੜੇ ਕਿ ਮੈਲਬੋਰਨ ਦੇ ਨਿਵਾਸੀ ਹਨ, ਨੂੰ ਅੱਜ ਸਵੇਰ ਤੋਂ ਹੀ ਕਮਰਸ਼ਿਅਲ ਫਲਾਈਟਾਂ ਦੀਆਂ ਟਿਕਟਾਂ ਦੀ ਬੁਕਿੰਗ ਕਰਦਿਆਂ ਆਮ ਹੀ ਦੇਖਿਆ ਜਾ ਸਕਦਾ ਹੈ ਅਤੇ ਹਰ ਕੋਈ ਇਹੋ ਚਾਹੁੰਦਾ ਹੈ ਕਿ ਉਹ ਫੈਡਰਲ ਪਾਰਲੀਮੈਂਟ ਦੇ ਆਉਣ ਵਾਲੇ ਸੈਸ਼ਨ ਵਿੱਚ ਜ਼ਰੂਰ ਉਥੇ ਜਾ ਕੇ ਆਪਣੀ ਹਾਜ਼ਰੀ ਭਰੇ।
ਇਸ ਬਾਬਤ ਸਾਰਿਆਂ ਨੂੰ ਹੀ ਅੱਜ (ਫਰਵਰੀ 12, ਸ਼ੁੱਕਰਵਾਰ) ਅੱਧੀ ਰਾਤ ਤੋਂ ਪਹਿਲਾਂ ਹੀ ਕੈਨਬਰਾ ਪਹੁੰਚਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਜ਼ਿਕਰ ਇਹ ਵੀ ਕੀਤਾ ਗਿਆ ਹੈ ਕਿ ਅੱਜ ਅੱਧੀ ਰਾਤ ਤੱਕ ਏ.ਸੀ.ਟੀ. ਅਤੇ ਵਿਕਟੋਰੀਆ ਦਰਮਿਆਨ ਕੋਈ ਵੀ ਸੀਮਾਵਾਂ ਦੀ ਪਾਬੰਧੀ ਨਹੀਂ ਹੈ ਅਤੇ ਇਸ ਵਾਸਤੇ ਸਾਰਿਆਂ ਨੂੰ ਅੱਧੀ ਰਾਤ ਤੋਂ ਪਹਿਲਾਂ ਹੀ ਕੈਨਬਰਾ ਵਿਖੇ ਪਹੁੰਚਣ ਦੀ ਹਦਾਇਤ ਕੀਤੀ ਗਈ ਹੈ।