‘ਹਾਏ ਮਮ’ ਟੈਕਸਟ ਮੈਸਜ ਸਕੈਮ, ਇੱਕ ਵਿਕਟੌਰੀਆਈ ਠੱਗ ਗ੍ਰਿਫ਼ਤਾਰ

ਲੋਕਾਂ ਨੇ ਠੱਗੀ ਮਾਰਨ ਦੇ ਨਵੇਂ ਤੋਂ ਨਵੇਂ ਅਤੇ ਆਧੁਨਿਕ ਢੰਗ ਅਪਣਾਏ ਹੋਏ ਹਨ। ਅੱਜ ਕੱਲ ਮੋਬਾਇਲ ਫੋਨਾਂ ਰਾਹੀਂ ਠੱਗੀ ਮਾਰ ਕੇ ਲੋਕਾਂ ਦੇ ਮਿਹਨਤ ਦੀ ਕਮਾਈ ਨੂੰ ਹੜੱਪ ਜਾਣਾ ਆਮ ਹੀ ਦੇਖਣ ਨੂੰ ਮਿਲ ਜਾਂਦਾ ਹੈ। ਅਜਿਹੀਆਂ ਠੱਗੀਆਂ ਮਾਰ ਕੇ ਲੁੱਟ-ਖੋਹ ਕਰਨ ਵਾਲੇ ਠੱਗ ਆਮ ਤੌਰ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਕਾਬੂ ਕਰਕੇ ਉਨ੍ਹਾਂ ਨਾਲ ਖੇਡ ਜਾਂਦੇ ਹਨ ਪਰੰਤੂ ਕਈ ਵਾਰੀ ਪੁਲਿਸ ਦੇ ਹੱਥੇ ਵੀ ਚੜ੍ਹ ਜਾਂਦੇ ਹਨ।
ਆਸਟ੍ਰੇਲੀਆ ਅੰਦਰ ਵੀ ਅਜਿਹਾ ਹੀ ਹੋਇਆ ਜਦੋਂ ਵਿਕਟੌਰੀਆ ਰਾਜ ਵਿੱਚ ਇੱਕ ਠੱਗ ਨੇ ‘ਹਾਏ ਮਮ’ ਟੈਕਸਟ ਮੈਸਜ ਰਾਹੀਂ ਇੱਕ ਮਾਂ ਦਾ ਨਕਲੀ ਪੁੱਤ ਬਣ ਕੇ ਹਜ਼ਾਰਾਂ ਡਾਲਰਾਂ ਦੀ ਰਕਮ ਹੜੱਪ ਲਈ ਪਰੰਤੂ ਜਲਦੀ ਹੀ ਉਹ ਠੱਗ ਪੁਲਿਸ ਦੇ ਹੱਥੇ ਚੜ੍ਹ ਗਿਆ।
ਅਜਿਹੇ ਅਪਰਾਧੀਆਂ ਕੋਲੋਂ ਆਮ ਜਨਤਾ ਨੂੰ ਬੱਚ ਕੇ ਰਹਿਣਾ ਚਾਹੀਦਾ ਹੈ। ਇਹ ਅਕਸਰ ਕਿਸੇ ਨੂੰ ਅਣਜਾਣ ਨੰਬਰਾਂ ਦੇ ਮੋਬਾਇਨ ਫੋਨਾਂ ਰਾਹੀਂ ਮੈਸਜ ਭੇਜਦੇ ਕਿ ਉਹ ਉਨ੍ਹਾਂ ਦਾ ਮੁੰਡਾ ਜਾਂ ਕੁੜੀ ਹੈ ਅਤੇ ਕਿਸੇ ਮੁਸੀਬਤ ਵਿੱਚ ਫੱਸ ਗਿਆ ਹੈ। ਤੁਰੰਤ ਉਸਨੂੰ ਡਾਲਰਾਂ ਦੀ ਜ਼ਰੂਰਤ ਹੈ। ਕਈ ਲੋਕ ਭਾਵਨਾਵਾਂ ਵਿੱਚ ਆ ਕੇ ਅਜਿਹੇ ਲੋਕਾਂ ਦੇ ਦੱਸੇ ਨੰਬਰਾਂ ਉਪਰ ਡਾਲਰਾਂ ਦੀ ਤਬਦੀਲੀ ਆਪਣੇ ਬੈਂਕਾਂ ਰਾਹੀਂ ਮੋਬਾਇਲ ਉਪਰ ਹੀ ਕਰ ਦਿੰਦੇ ਹਨ ਅਤੇ ਬਾਅਦ ਵਿੱਚ ਪਛਤਾਉਂਦੇ ਰਹਿੰਦੇ ਹਨ।
ਵਿਕਟੌਰੀਆਈ ਪੁਲਿਸ ਨੇ ਇਸ ਅਪਰਾਧ ਦੇ ਤਹਿਤ ਹੀ ਇੱਕ 21 ਸਾਲਾਂ ਦੇ ਨੌਜਵਾਨ ਨੂੰ ਫੜ੍ਹਿਆ ਹੈ ਅਤੇ ਉਸ ਉਪਰ ਧੌਖਾਧੜੀ ਨਾਲ ਡਾਲਰ ਹੜੱਪਣ ਦੇ ਇਲਜ਼ਾਮਾਂ ਤਹਿਤ ਮੁਕੱਦਮੇ ਦਰਜ ਕੀਤੇ ਹਨ।
ਇਸ ਠੱਗ ਨੇ ਬੀਤੇ ਮਹੀਨੇ 3 ਤੋਂ 7 ਦਿਸੰਬਰ ਤੱਕ ਰਿੰਗਵੁੱਡ, ਨਾਰੇ ਵਾਰੇਨ, ਮਿਲ ਪਾਰਕ, ਮਿਸ਼ੈਮ ਅਤੇ ਡੋਨਕਾਸਟਰ (ਈਸਟ) ਵਿੱਚ ਅਜਿਹੀਆਂ ਹੀ ਠੱਗੀਆਂ ਮਾਰੀਆਂ ਹਨ।
ਪੁਲਿਸ ਅਤੇ ਸਾਈਬਰ ਕ੍ਰਾਈਮ ਮਾਹਿਰਾਂ ਦਾ ਮੰਨਣਾ ਹੈ ਕਿ ਬੀਤੇ ਸਾਲ ਅਗਸਤ ਦੇ ਮਹੀਨੇ ਦੌਰਾਨ 2 ਮਿਲੀਅਨ ਡਾਲਰਾਂ ਤੱਕ ਦੀਆਂ ਅਜਿਹੀਆਂ ਠੱਗੀਆਂ -ਜੋ ਕਿ ਮੋਬਾਇਲ ਮੈਸਜਾਂ ਰਾਹੀਂ ਕੀਤੀਆਂ ਗਈਆਂ ਸਨ, ਹੋਈਆਂ ਹਨ ਅਤੇ ਇਹ ਸਭ ‘ਹਾਏ ਮਮ’ ਟੈਕਸਟ ਮੈਸਜ ਸਕੈਮ ਦੇ ਤਹਿਤ ਹੀ ਆਉਂਦੇ ਹਨ।
ਹਾਲਾਂਕਿ ਪੁਲਿਸ ਅਤੇ ਹੋਰ ਪ੍ਰਸ਼ਾਸਨਿਕ ਅਦਾਰੇ ਵੀ ਅਜਿਹੀਆਂ ਠੱਗੀਆਂ ਤੋਂ ਲੋਕਾ ਨੂੰ ਸਾਵਧਾਨ ਰਹਿਣ ਦੀਆਂ ਲਗਾਤਾਰ ਅਪੀਲਾਂ ਕਰਦੇ ਹੀ ਰਹਿੰਦੇ ਹਨ, ਪਰੰਤੂ ਭਾਵਨਾਵਾਂ ਵਿੱਚ ਆ ਕੇ ਲੋਕ ਫੇਰ ਵੀ ਧੋਖਾ ਖਾ ਹੀ ਜਾਂਦੇ ਹਨ।