ਵਿਕਟੋਰੀਆ ਦੇ ਹੋਟਲ ਕੁਆਰਨਟੀਨ ਵਿੱਚੋਂ ਭੱਜੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ -19000 ਡਾਲਰਾਂ ਦਾ ਕੀਤਾ ਜੁਰਮਾਨਾ

(ਦ ਏਜ ਮੁਤਾਬਿਕ) ਵਿਕਟੋਰੀਆਈ ਸਿਹਤ ਮੰਤਰੀ ਮਾਰਟਿਨ ਫੌਲੇ ਅਨੁਸਾਰ, ਮੈਲਬੋਰਨ ਦੇ ਹੋਟਲ ਕੁਆਰਨਟੀਨ ਵਿੱਚੋਂ ਭੱਜੇ ਇੱਕ 24 ਸਾਲਾਂ ਦੇ ਵਿਅਕਤੀ ਨੂੰ ਪੁਲਿਸ ਨੇ ਹੋਲੀਡੇਅ ਇਨ ਹੋਟਲ ਦੇ ਬਾਹਰੋਂ ਹੀ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਉਪਰ 19,000 ਡਾਲਰਾਂ ਦਾ ਜੁਰਮਾਨਾ ਲਗਾ ਕੇ ਉਸਨੂੰ ਮੁੜ ਤੋਂ ਹੋਟਲ ਕੁਆਰਨਟੀਨ ਵਿੱਚ ਭੇਜ ਦਿੱਤਾ ਗਿਆ ਹੈ। ਜੋਹਨ ਲੀ ਬ੍ਰਿਜ ਨਾਮ ਦੇ ਉਕਤ ਵਿਅਕਤੀ ਨੇ ਪੁਲਿਸ ਨੂੰ ਦੱਸਿਆ ਕਿ ਬੇਸ਼ੱਕ ਬੀਤੇ 9 ਮਹੀਨਿਆਂ ਤੱਕ ਨਿਊ ਸਾਊਥ ਵੇਲਜ਼ ਅੰਦਰ ਰਿਹਾ ਹੈ ਪਰੰਤੂ ਉਹ ਵਿਕਟੋਰੀਆ ਦਾ ਨਿਵਾਸੀ ਹੀ ਹੈ ਅਤੇ ਉਸ ਕੋਲ ਇੱਥੋਂ ਦਾ ਡ੍ਰਾਇਵਿੰਗ ਲਾਇਸੰਸ ਵੀ ਹੈ। ਉਸਨੇ ਇਹ ਵੀ ਦੱਸਿਆ ਕਿ ਉਹ ਹੋਟਲ ਕੁਆਰਨਟੀਨ ਅੰਦਰ ਬੀਤੇ 6 ਦਿਨਾਂ ਤੋਂ ਰਹਿ ਰਿਹਾ ਸੀ ਪਰੰਤੂ ਹੋਟਲ ਦੇ ਸਟਾਫ ਆਦਿ ਦੇ ਗਲਤ ਵਿਵਹਾਰ ਕਾਰਨ ਉਹ ਬੁਰੀ ਤਰ੍ਹਾਂ ਨਾਲ ਸ਼ਰਮ ਮਹਿਸੂਸ ਕਰ ਰਿਹਾ ਸੀ ਅਤੇ ਇਸੇ ਕਾਰਨ ਉਹ ਹੋਟਲ ਕੁਆਰਨਟੀਨ ਤੋਂ ਬਾਹਰ ਭੱਜਿਆ। ਮੰਤਰੀ ਸ੍ਰੀ ਫੌਲੇ ਨੇ ਕਿਹਾ ਕਿ ਉਨ੍ਹਾਂ ਨੇ ਉਕਤ ਸੱਚਾਈਆਂ ਦਾ ਪਤਾ ਲਗਾਇਆ ਹੈ ਅਤੇ ਇਸ ਬਾਬਤ ਹਰ ਸੰਭਵ ਕੋਸ਼ਿਸ਼ ਕੀਤੀ ਵੀ ਜਾਵੇਗੀ। ਅੰਤਰ-ਰਾਸ਼ਟਰੀ ਯਾਤਰੀਆਂ ਦੇ ਆਉਣ ਉਪਰ ਗਿਣਤੀਆਂ ਦੀ ਸੀਮਾ ਬਾਰੇ ਉਨ੍ਹਾਂ ਕੁੱਝ ਨਹੀਂ ਕਿਹਾ ਅਤੇ ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਅੰਦਰ ਰਾਜ ਅੰਦਰ 160 ਬਾਹਰੀ ਯਾਤਰੀਆਂ (1100 ਪ੍ਰਤੀ ਹਫ਼ਤਾ) ਨੂੰ ਆਉਣ ਦੀ ਇਜਾਜ਼ਤ ਹੈ ਜਦੋਂ ਕਿ ਨਿਊ ਸਾਊਥ ਵੇਲਜ਼ ਅੰਦਰ ਇਹ ਦਰ 3000 ਯਾਤਰੀ ਪ੍ਰਤੀ ਹਫ਼ਤਾ ਹੈ। ਪਰਥ ਅੰਦਰ ਇਹ ਗਿਣਤੀ 1025, ਬ੍ਰਿਸਬੇਨ ਵਿੱਚ 1000, ਐਡੀਲੇਡ ਵਿੱਚ 600 ਅਤੇ ਐਨ.ਟੀ. ਹੋਵਾਰਡ ਸਪ੍ਰਿੰਗਜ਼ ਵਿਖੇ 500 ਅੰਤਰ ਰਾਸ਼ਟਰੀ ਯਾਤਰੀਆਂ ਦੇ ਆਉਣ ਦੀ ਆਗਿਆ ਹੈ।

Install Punjabi Akhbar App

Install
×