ਵਿਕਟੌਰੀਆਈ ਸਰਕਾਰ ਅਪਰਾਧਿਕ ਮਾਮਲਿਆਂ ਵਿੱਚ ਬੱਚਿਆਂ ਦੀ ਉਮਰ ਸੀਮਾ 10 ਤੋਂ 12 ਸਾਲ ਕਰਨ ਲਈ ਤਿਆਰ ਪਰੰਤੂ ਇੰਡੀਜੀਨਸ ਸਮੂਹ ਇਸ ਤੇ ਰਜ਼ਾਮੰਦ ਨਹੀਂ

ਵਿਕਟੌਰੀਆ ਰਾਜ ਵਿੱਚ ਮੂਲ ਨਿਵਾਸੀਆਂ ਦੇ ਇੱਕ ਸਮੂਹ (ਦ ਫਸਟ ਪੀਪਲ ਅਸੈਂਬਲੀ ਆਫ ਵਿਕਟੌਰੀਆ) ਨੇ ਵਿਕਟੌਰੀਆਈ ਸਰਕਾਰ ਕੋਲ ਗੁਹਾਰ ਲਗਾਈ ਹੈ ਕਿ ਛੋਟੇ ਛੋਟੇ ਬੱਚਿਆਂ ਨੂੰ ਅਪਰਾਧਾਂ ਦੀ ਸਮਝ ਨਹੀਂ ਹੁੰਦੀ ਇਸ ਵਾਸਤੇ ਮਹਿਜ਼ 10 ਸਾਲਾਂ ਦੇ ਬੱਚੇ ਨੂੰ ਜੇਲ੍ਹਾਂ ਵਿੱਚ ਬੰਦ ਕਰਨਾ ਛੱਡੋ ਅਤੇ ਬੱਚਿਆਂ ਲਈ ਅਪਰਾਧਿਕ ਉਮਰ ਨੂੰ ਘੱਟੋ ਘੱਟ 14 ਸਾਲ ਤੱਕ ਕਰੋ ਤਾਂ ਕਿ ਛੋਟੇ ਬੱਚਿਆਂ ਦੇ ਜੇਲ੍ਹਾਂ ਵਿੱਚ ਬੰਦ ਹੋਣ ਕਾਰਨ ਉਨ੍ਹਾਂ ਦਾ ਪੂਰਾ ਜੀਵਨ ਬਰਬਾਦ ਹੋਣ ਤੋਂ ਰੋਕਿਆ ਜਾ ਸਕੇ।
ਸਮੂਹ ਦੀ ਚੇਅਰ ਪਰਸਨ ਆਂਟੀ ਗੈਰਲਡਲਾਈਨ ਐਟਕਿਨਸਨ ਨੇ ਕਿਹਾ ਕਿ ਸਮੁੱਚੇ ਦੇਸ਼ ਅੰਦਰ ਹੀ 10 ਸਾਲ ਤੱਕ ਦੇ ਬੱਚੇ ਨੂੰ ਅਪਰਾਧਿਕ ਮਾਮਲਿਆਂ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕਰਨ, ਪੁਲਿਸ ਰਿਮਾਂਡ ਲੈਣ, ਪ੍ਰਤਾੜਨਾ ਦੇਣ ਅਤੇ ਫੇਰ ਅਦਾਲਤਾਂ ਵੱਲੋਂ ਸਜ਼ਾਵਾਂ ਦੇਣ ਦੇ ਪ੍ਰਾਵਦਾਨ ਹਨ ਜੋ ਕਿ ਸਰਾਸਰ ਗਲਤ ਹਨ ਅਤੇ ਇਸ ਦੇ ਖ਼ਿਲਾਫ਼ ਸਮੁੱਚੇ ਸੰਸਾਰ ਵਿੱਚ ਵੀ ਆਵਾਜ਼ ਉਠਾਈ ਜਾ ਚੁਕੀ ਹੈ ਅਤੇ ਯੂ.ਐਨ.ਓ ਦੇ 30 ਨੁਮਾਇੰਦੇ ਦੇਸ਼ਾਂ ਨੇ ਵੀ ਇਸ ਬਾਰੇ ਵਿੱਚ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਅਤੇ ਫੈਡਰਲ ਸਰਕਾਰ 10 ਸਾਲ ਦੀ ਉਮਰ ਨੂੰ 12 ਸਾਲਾਂ ਤੱਕ ਵੱਧਾਉਣ ਲਈ ਆਪਣੀ ਰਾਇ ਪ੍ਰਗਟ ਕਰ ਚੁਕੀ ਹੈ। ਪਰੰਤੂ ਇੰਡੀਜੀਨਸ ਸਮੂਹਾਂ ਦਾ ਕਹਿਣਾ ਹੈ ਕਿ ਇਸ ਉਮਰ ਦੀ ਸੀਮਾ ਨੂੰ 14 ਸਾਲ ਤੱਕ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆਈ ਸਿਹਤ ਅਤੇ ਭਲਾਈ ਦੇ ਅਦਾਰੇ ਵੱਲੋਂ ਵੇਸ਼ ਕੀਤੇ ਗਏ ਸਾਲ 2018/19 ਦੇ ਆਂਕੜਿਆਂ ਮੁਤਾਬਿਕ, ਜੇਲ੍ਹਾਂ ਅੰਦਰ 600 ਦੇ ਕਰੀਬ (60% ਤੋਂ ਵੀ ਜ਼ਿਆਦਾ ਐਬੋਰਿਜਨਲ ਅਤੇ ਟੋਰਸ ਆਈਲੈਂਡ ਦੇ) ਬੱਚੇ ਜਿਨ੍ਹਾਂ ਦੀ ਉਮਰ ਮਹਿਜ਼ 10 ਤੋਂ 13 ਸਾਲ ਤੱਕ ਦੀ ਹੈ, ਅਪਰਾਧਿਕ ਮਾਮਲਿਆਂ ਵਿੱਚ ਸਜ਼ਾਵਾਂ ਭੁਗਤ ਰਹੇ ਹਨ।
ਦੇਸ਼ ਵਿੱਚ ਏ.ਸੀ.ਟੀ. ਰਾਜ ਬੱਚਿਆਂ ਦੀ ਉਮਰ ਸੀਮਾ ਨੂੰ 14 ਸਾਲ ਤੱਕ ਕਰਨ ਵਿੱਚ ਪਹਿਲਾ ਰਾਜ ਬਣਿਆ ਹੈ ਅਤੇ ਪੱਛਮੀ ਆਸਟ੍ਰੇਲੀਆ ਨੇ ਵੀ ਇਸ ਮੁਹਿੰਮ ਨੂੰ ਇਸੇ ਸਾਲ ਅਕਤੂਬਰ ਦੇ ਮਹੀਨੇ ਵਿੱਚ ਰਾਜ ਸਰਕਾਰ ਦੀ ਕੈਬਨਿਟ ਵਿੱਚ ਇਸਦਾ ਮਤਾ ਪਾਸ ਕਰ ਲਿਆ ਹੈ। ਪਰ, ਵਿਕਟੌਰੀਆ ਸਰਕਾਰ ਨੇ ਇਸ ਪ੍ਰਸਤਾਵ ਨੂੰ ਸਿਰੇ ਤੋਂ ਨਕਾਰਿਆ ਹੋਇਆ ਹੈ ਅਤੇ ਮਹਿਜ਼ ਰਾਜਨੀਤਿਕ ਮਸੌਦਿਆਂ ਨੂੰ ਭੁੰਨਾਉਣ ਖਾਤਰ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਹੈ।

Install Punjabi Akhbar App

Install
×