ਅੰਤਰ-ਰਾਸ਼ਟਰੀ ਹਵਾਈ ਸੇਵਾਵਾਂ ਦੇ ਕਰੂ ਮੈਂਬਰਾਂ ਨੂੰ ਕੀਤਾ ਜਾਵੇ ਫੌਰਨ ਕੁਆਰਨਟੀਨ -ਲੀਜ਼ਾ ਨੇਵਿਲ

(ਦ ਏਜ ਮੁਤਾਬਿਕ) ਵਿਕਟੋਰੀਆਈ ਆਪਾਤਕਾਲੀਨ ਸੇਵਾਵਾਂ ਦੇ ਮੰਤਰੀ ਲੀਜ਼ਾ ਨੇਵਿਲ ਨੇ ਆਸਟ੍ਰੇਲੀਆਈ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਅੰਤਰ-ਰਾਸ਼ਟਰੀ ਫਲਾਈਟਾਂ ਉਪਰ ਸੇਵਾਵਾਂ ਨਿਭਾ ਰਹੇ ਕਰੂ ਮੈਂਬਰਾਂ ਨੂੰ ਦੇਸ਼ ਅੰਦਰ ਆਉਣ ਤੇ ਤੁਰੰਤ ਕੁਆਰਨਟੀਨ ਕਰਨਾ ਸ਼ੁਰੂ ਕੀਤਾ ਜਾਵੇ। ਉਨ੍ਹਾਂ ਬੀਤੇ ਦਿਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਬੀਤੇ 2 ਹਫ਼ਤਿਆਂ ਅੰਦਰ ਹੀ ਅਜਿਹੇ 8 ਮਾਮਲੇ ਕਰੋਨਾ ਦੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚ ਕਿ ਅੰਤਰ-ਰਾਸ਼ਟਰੀ ਫਲਾਈਟਾਂ ਦੇ ਪਾਇਲਟ ਅਤੇ ਹੋਰ ਜਹਾਜ਼ੀ ਅਮਲੇ ਦੇ ਮੈਂਬਰਾਨ ਕਰੋਨਾ ਤੋਂ ਪੀੜਿਤ ਪਾਏ ਗਏ ਹਨ। ਜਦੋਂ ਦੇ ਨਿਊ ਸਾਊਥ ਵੇਲਜ਼ ਅੰਦਰ ਕਰੋਨਾ ਦੇ ਨਵੇਂ ਕਲਸਟਰ ਉਠਣੇ ਸ਼ੁਰੂ ਹੋਏ ਹਨ ਤਾਂ ਉਦੋਂ ਤੋਂ ਹੀ, ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਵਿੱਚ ਤਾਂ ਅਜਿਹਾ ਕੰਮ ਸ਼ੁਰੂ ਕਰ ਵੀ ਦਿੱਤਾ ਗਿਆ ਹੈ ਅਤੇ ਅੰਤਰ-ਰਾਸ਼ਟਰੀ ਫਲਾਈਟਾਂ ਦੇ ਮੈਂਬਰਾਂ ਨੂੰ ਕੁਆਰਨਟੀਨ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਜਹਾਜ਼ੀ ਅਮਲੇ ਨੂੰ ਕੁਆਰਨਟੀਨ ਤੋਂ ਛੋਟ ਦਿੱਤੀ ਹੋਈ ਸੀ ਅਤੇ ਉਨ੍ਹਾਂ ਨੂੰ ਕਿਸੇ ਸੂਰਤ ਦੇ ਮੱਦੇਨਜ਼ਰ ਘਰਾਂ ਅੰਦਰ ਹੀ ਆਈਸੋਲੇਟ ਵੀ ਕਰ ਦਿੱਤਾ ਜਾਂਦਾ ਸੀ। ਅਜਿਹਾ ਚਲਨ ਕਈ ਰਾਜਾਂ ਅੰਦਰ ਹੁਣ ਵੀ ਚੱਲ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਜਹਾਜ਼ੀ ਅਮਲੇ ਦੇ 1000 ਮੈਂਬਰਾਂ ਦੇ ਕਰੋਨਾ ਟੈਸਟ ਕੀਤੇ ਗਏ ਸਨ ਅਤੇ ਉਨ੍ਹਾਂ ਵਿੱਚੋਂ 8 ਕਰੋਨਾ ਪਾਜ਼ਿਟਿਵ ਪਾਏ ਗਏ ਹਨ। ਇਸ ਲਈ ਉ੿ਨ੍ਹਾਂ ਸਕਾਟ ਮੋਰੀਸਨ ਸਰਕਾਰ ਕੋਲੋਂ ਅਪੀਲ ਕੀਤੀ ਹੈ ਕਿ ਅੰਤਰ-ਰਾਸ਼ਟਰੀ ਜਹਾਜ਼ਾਂ ਦੇ ਅਮਲਿਆਂ ਨੂੰ ਫੌਰੀ ਤੌਰ ਤੇ ਕੁਆਰਨਟੀਨ ਕਰਨ ਦਾ ਸਿਲਸਿਲਾ ਫੌਰਨ ਸ਼ੁਰੂ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮਿਆਂ ਅੰਦਰ ਕਿਸੇ ਅਜਿਹੀ ਚੁਣੌਤੀ ਦਾ ਸਾਹਮਣਾ ਨਾ ਕਰਨਾ ਪਵੇ ਜਿਸ ਰਾਹੀਂ ਕਿ ਸਮੁੱਚੇ ਦੇਸ਼ ਨੂੰ ਹੀ ਨੁਕਸਾਨ ਦਾ ਖਦਸ਼ਾ ਹੋਵੇ। ਉਨ੍ਹਾਂ ਜਾਣਕਾਰੀ ਦਿੰਦਿਆਂ ਇਹ ਵੀ ਕਿਹਾ ਕਿ ਹੋਟਲ ਕੁਆਰਨਟੀਨ ਵਾਲੇ ਸਟਾਫ ਦਾ ਵੀ ਲਗਾਤਾਰ ਕਰੋਨਾ ਟੈਸਟ ਚੱਲ ਰਿਹਾ ਹੈ ਅਤੇ ਇਹ ਗਿਣਤੀ ਹੁਣ 30,000 ਤੱਕ ਪਹੁੰਚ ਗਈ ਹੈ ਅਤੇ ਹਾਲੇ ਤੱਕ ਇੱਕ ਵੀ ਕਰੋਨਾ ਦਾ ਪਾਜ਼ਿਟਿਵ ਮਾਮਲਾ ਦਰਜ ਨਹੀਂ ਹੋਇਆ ਹੈ।

Install Punjabi Akhbar App

Install
×