
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵਿਕਟੋਰਆ ਰਾਜ ਦੇ ਮੁੱਖ ਸਿਹਤ ਅਧਿਕਾਰੀ ਬਰੈਟ ਸਟਨ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ, ਮੈਲਬੋਰਨ ਦੇ ਇੱਕ ਹੋਟਲ ਕੁਆਰਨਟੀਨ ਅੰਦਰੋਂ ਵੀ ਇੱਕ ਵਿਅਕਤੀ ਨੇ ਕੁਆਰਨਟੀਨ ਦੇ ਨਿਯਮਾਂ ਦੀ ਉਲੰਘਣਾ ਕਰਦਿਆਂ, ਭੱਜਣ ਦੀ ਨਾਕਾਮ ਕੋਸ਼ਿਸ਼ ਕੀਤੀ ਅਤੇ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਉਸਨੂੰ ਮੁੜ ਤੋਂ ਕੁਆਰਨਟੀਨ ਕਰ ਦਿੱਤਾ ਗਿਆ ਹੈ। ਉਕਤ ਵਿਅਕਤੀ ਬੀਤੀ 21 ਦਿਸੰਬਰ ਨੂੰ ਸਿਡਨੀ ਤੋਂ ਪਰਤਿਆ ਸੀ ਅਤੇ ਇੱਥੇ ਉਸਨੂੰ 14 ਦਿਨਾਂ ਦੇ ਕੁਆਰਨਟੀਨ ਵਿੱਚ ਰੱਖਿਆ ਗਿਆ ਸੀ। ਬਾਕਸਿੰਗ ਦਿਹਾੜੇ ਤੇ ਉਕਤ 24 ਸਾਲਾ ਵਿਅਕਤੀ ਤੁਲਾਮੈਰੀਨ ਵਿੱਚਲੇ ਹੋਟਲ ਕੁਆਰਨਟੀਨ ਵਿੱਚੋਂ ਬਾਅਦ ਦੁਪਿਹਰ 2:45 ਤੇ ਬਿਨ੍ਹਾਂ ਇਜਾਜ਼ਤ ਭੱਜ ਗਿਆ ਅਤੇ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਉਪਰੰਤ ਵਾਪਿਸ ਕੁਆਰਨਟੀਨ ਵਿੱਚ ਭੇਜ ਦਿੱਤਾ ਗਿਆ। ਪੁਲਿਸ ਨੇ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਕੋਈ ਸਟਾਫ ਮੈਂਬਰ ਅਜਿਹੇ ਮਾਮਲਿਆਂ ਵਿੱਚ ਲੁਪਤ ਪਾਇਆ ਗਿਆ ਤਾਂ ਅਜਿਹੇ ਵਿਅਕਤੀਆਂ ਨੂੰ 19,000 ਜਾਂ ਇਸ ਤੋਂ ਵੀ ਵੱਧ ਡਾਲਰਾਂ ਦਾ ਜੁਰਮਾਨਾ ਹੋ ਸਕਦਾ ਹੈ। ਸਿਹਤ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਰਾਜ ਅੰਦਰ ਇਸ ਸਮੇਂ ਕਰੋਲਾ ਦੇ 10 ਚਲੰਤ ਮਾਮਲੇ ਹਨ ਅਤੇ ਇਨ੍ਹਾਂ ਵਿੱਚੋਂ 9 ਹੋਟਲ ਕੁਆਰਨਟੀਨ ਵਿੱਚ ਹਨ ਅਤੇ ਇੱਕ ਨੌਜਵਾਨ ਬੱਚੀ ਹੈ ਜਿਸ ਨੂੰ ਕਿ ਉਸਦੇ ਘਰ ਅੰਦਰ ਹੀ ਆਈਸੋਲੇਟ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕ ਜਾਗਰੂਕਤਾ ਦਿਖਾ ਰਹੇ ਹਨ ਅਤੇ ਬੀਤੇ ਦਿਨ੍ਹਾਂ ਦੀਆਂ ਰਿਪੋਰਟਾਂ ਮੁਤਾਬਿਕ ਜੋ ਆਂਕੜੇ ਮਿੱਥੇ ਗਏ ਸਨ, ਉਸ ਤੋਂ ਕਿਤੇ ਜ਼ਿਆਦਾ ਲੋਕ ਆਪਣੇ ਘਰਾਂ ਤੋਂ ਬਾਹਰ ਆ ਕੇ ਆਪਣਾ ਕਰੋਨਾ ਟੈਸਟ ਕਰਵਾ ਰਹੇ ਹਨ।