ਬ੍ਰਿਸਬੇਨ ਵਿਚਲੇ ਲਾਕਡਾਊਨ ਦੇ ਖ਼ਾਤਮੇ ਦੇ ਬਾਵਜੂਦ ਵੀ ਵਿਕਟੋਰੀਆਈ ਬਾਰਡਰਾਂ ਉਪਰ ਪਾਬੰਧੀਆਂ ਵਿੱਚ ਹਾਲ ਦੀ ਘੜੀ ਕੋਈ ਬਦਲ ਨਹੀਂ

(ਵਿਕਟੋਰੀਆਈ ਪੁਲਿਸ ਅਤੇ ਆਪਾਤਕਾਲੀਨ ਸੇਵਾਵਾਂ ਵਾਲੇ ਵਿਭਾਗਾਂ ਦੇ ਮੰਤਰੀ ਡੈਨੀ ਪੀਅਰਸਨ)

(ਦ ਏਜ ਮੁਤਾਬਿਕ) ਬੇਸ਼ੱਕ, ਬ੍ਰਿਸਬੇਨ ਵਿੱਚ ਅੱਜ ਦੁਪਹਿਰ 12 ਵਜੇ ਤੋਂ ਲਾਕਡਾਊਨ ਚੁਕਿਆ ਗਿਆ ਹੈ ਪਰੰਤੂ ਵਿਕਟੋਰੀਆਈ ਪੁਲਿਸ ਅਤੇ ਆਪਾਤਕਾਲੀਨ ਸੇਵਾਵਾਂ ਵਾਲੇ ਵਿਭਾਗਾਂ ਦੇ ਮੰਤਰੀ ਡੈਨੀ ਪੀਅਰਸਨ ਦਾ ਕਹਿਣਾ ਹੈ ਕਿ ਵਿਕਟੋਰੀਆ ਸਰਕਾਰ ਨੇ ਹਾਲੇ ਤੱਕ ਅਜਿਹਾ ਕੋਈ ਫੈਸਲਾ ਨਹੀਂ ਲਿਆ ਕਿ ਬਾਰਡਰਾਂ ਉਪਰੋਂ ਪਾਬੰਧੀਆਂ ਵੀ ਚੁੱਕ ਲਈਆਂ ਜਾਣ ਇਸ ਲਈ ਹਾਲ ਦੀ ਘੜੀ ਤਾਂ ਲਗਾਈਆਂ ਗਈਆਂ ਪਾਬੰਧੀਆਂ ਲਾਗੂ ਹੀ ਰਹਿਣਗੀਆਂ ਕਿਉਂਕਿ ਵਿਕਟੋਰੀਆਈ ਸਰਕਾਰ ਅਤੇ ਸਿਹਤ ਅਧਿਕਾਰੀ ਮੌਜੂਦਾ ਸਥਿਤੀਆਂ ਦਾ ਜਾਇਜ਼ਾ ਲੈ ਰਹੇ ਹਨ।
ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਵਿੱਚ ਵਿਕਟੋਰੀਆ ਨੇ ਬ੍ਰਿਸਬੇਨ ਨੂੰ ‘ਰੈਡ ਜ਼ੋਨ’ ਐਲਾਨਿਆ ਹੋਇਆ ਹੈ ਜਿਸ ਦਾ ਸਿੱਧਾ ਅਰਥ ਇਹ ਹੈ ਕਿ ਬ੍ਰਿਸਬੇਨ ਤੋਂ ਕੋਈ ਵੀ ਵਿਅਕਤੀ ਹਾਲ ਦੀ ਘੜੀ ਵਿਕਟੋਰੀਆ ਵਿੱਚ ਬਿਨ੍ਹਾਂ ਖਾਸ ਛੋਟ ਅਤੇ ਇਜਾਜ਼ਤ ਦੇ, ਦਾਖਲ ਨਹੀਂ ਹੋ ਸਕਦਾ। ਇਸਤੋਂ ਇਲਾਵਾ ਬ੍ਰਿਸਬੇਨ ਤੋਂ 500 ਕਿਲੋ ਮੀਟਰ ਦੀ ਦੂਰੀ ਉਪਰ ਸਥਿਤ ਬੇਅਰੋਨ (ਨਿਊ ਸਾਊਥ ਵੇਲਜ਼) ਨੂੰ ਵੀ ਵਿਕਟੋਰੀਆਈ ਸਿਹਤ ਅਧਿਕਾਰੀਆਂ ਵੱਲੋਂ ‘ਆਰੇਂਜ ਜ਼ੋਨ’ ਐਲਾਨਿਆ ਗਿਆ ਹੈ ਜਿਸ ਦਾ ਅਰਥ ਇਹ ਹੈ ਕਿ ਇੱਥੋਂ ਆਉਣ ਵਾਲੇ ਵਿਅਕਤੀਆਂ ਨੂੰ ਪਰਮਿਟ ਦੇ ਆਧਾਰ ਤੇ ਹੀ ਦਾਖਲਾ ਦਿੱਤਾ ਜਾਵੇਗਾ ਅਤੇ ਉਹ ਵਿਕਟੋਰੀਆ ਪਹੁੰਚ ਕੇ 72 ਘੰਟਿਆਂ ਦੇ ਅੰਦਰ ਅੰਦਰ ਆਪਣਾ ਕਰੋਨਾ ਟੈਸਟ ਕਰਵਾਉਣਗੇ।
ਇਸ ਤੋਂ ਇਲਾਵਾ ਮੈਲਬੋਰਨ ਦੇ ਪੱਛਮੀ ਸਬਅਰਬਾਂ ਵਿਖੇ ਵੇਸਟ ਵਾਟਰ ਵਿਚੋਂ ਕਰੋਨਾ ਵਾਇਰਲ ਫਰੈਗਮੈਂਟ ਮਿਲਣ ਦੀ ਪੁਸ਼ਟੀ ਤੋਂ ਬਾਅਦ ਹਾਪਰਜ਼ ਕਰਾਸਿੰਗ, ਟਾਰਨੇਟ, ਟਰੁਗੈਨਿਨਾ ਅਤੇ ਵੈਰੀਬੀ ਇਲਾਕਿਆਂ ਅੰਦਰ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਆਪਣੇ ਅੰਦਰ ਕਰੋਨਾ ਜਿਹੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਆਪਣੇ ਆਪ ਨੂੰ ਆਈਸੋਲੇਟ ਕਰੇ, ਆਪਣਾ ਕਰੋਨਾ ਟੈਸਟ ਕਰਵਾਏ ਅਤੇ ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਤੱਕ ਆਪਣੇ ਆਪ ਨੂੰ ਆਈਸੋਲੇਸ਼ਨ ਵਿੱਚ ਹੀ ਰੱਖੇ।
ਜ਼ਿਕਰਯੋਗ ਹੈ ਕਿ ਇਲਾਵਾ ਮੈਲਬੋਰਨ ਦੇ ਦੱਖਣੀ ਪੂਰਬੀ ਕੁੱਝ ਹਿੱਸੇ ਵੀ ਅਜਿਹੇ ਹੀ ਚਿਤਾਵਨੀਆਂ ਦੇ ਘੇਰੇ ਵਿੱਚ ਹਨ ਅਤੇ ਇਨ੍ਹਾਂ ਵਿੱਚ ਬੀਕਨਜ਼ਫੀਲਡ, ਬਰਵਿਕ, ਕਲਾਈਡ ਨਾਰਥ, ਪੂਰਬੀ ਕਰੈਨਬਰਨ, ਉਤਰੀ ਕਰੈਨਬਰਨ, ਗਏਜ਼ ਹਿਲ, ਹੈਲਮ, ਹੈਂਪਟਨ ਪਾਰਕ, ਹਾਰਕਾਵੇਅ, ਨਾਰੇ ਵਾਰੇਨ, ਨਾਰੇ ਵਾਰੇਨ ਉਤਰੀ ਅਤੇ ਦੱਖਣੀ, ਆਫਿਸਰ ਅਤੇ ਅਪਰ ਬੀਕਨਫੀਲਡ ਆਦਿ ਵਰਗੇ ਇਲਾਕੇ ਸ਼ਾਮਿਲ ਹਨ।

Install Punjabi Akhbar App

Install
×