
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਵਿਕਟੋਰੀਆ ਅੰਦਰ ਲਗਾਤਾਰ 12 ਦਿਨਾਂ ਤੋਂ ਕੋਈ ਵੀ ਕਰੋਨਾ ਦਾ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਇਸ ਦੌਰਾਨ, ਇਸ ਭਿਆਨਕ ਬਿਮਾਰੀ ਨਾਲ ਕੋਈ ਮੌਤ ਹੀ ਹੋਈ ਹੈ। ਹੁਣ ਰਾਜ ਅੰਦਰ ਮਹਿਜ਼ ਚਾਰ ਮਾਮਲੇ ਚਲੰਤ ਹਨ ਅਤੇ ਇੱਕ ਅਣਪਛਾਤਾ ਮਾਮਲਾ ਵੀ ਹੈ। ਬੀਤੇ 24 ਘੰਟਿਆਂ ਦੌਰਾਨ ਕੀਤੇ ਗਏ ਕੋਵਿਡ-19 ਦੇ ਟੈਸਟਾਂ ਦੀ ਗਿਣਤੀ 19,986 ਹੈ। ਪ੍ਰੀਮੀਅਰ ਨੇ ਜਾਣਕਾਰੀ ਦਿੰਦਿਆਂ ਇਹ ਵੀ ਕਿਹਾ ਕਿ 112 ਦਿਨਾਂ ਦੇ ਲਗਾਤਾਰ ਲਾਕਡਾਊਨ ਤੋਂ ਬਾਅਦ ਹੁਣ ਘਰੇਲੂ ਉਡਾਣਾਂ ਵਾਸਤੇ ਐਵਲਨ ਏਅਰਪੋਰਟ ਨੂੰ ਦਿਸੰਬਰ ਦੀ 18 ਤਾਰੀਖ ਤੋਂ ਮੁੜ ਤੋਂ ਚਾਲੂ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਉਤਰੀ ਗੀਲੌਂਗ ਵਿਖੇ, ਇਸ ਏਅਰਪੋਰਟ ਉਪਰ ਸਿਡਨੀ ਤੋਂ ਜੈਟਸਟਾਰ ਦੀਆਂ ਸੇਵਾਵਾਂ ਅਧੀਨ ਦੋ ਫਲਾਈਟਾਂ ਹਰ ਰੋਜ਼ ਆਉਣੀਆਂ ਸ਼ੁਰੂ ਹੋ ਜਾਣਗੀਆਂ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ ਸੋਮਵਾਰ ਤੋਂ ਹੀ ਮੈਲਬੋਰਨ ਵਿਖੇ ਨਿਊਜ਼ੀਲੈਂਡ ਤੋਂ ਵੀ ਫਲਾਈਟਾਂ ਆਉਣੀਆਂ ਸ਼ੁਰੂ ਹੋ ਚੁਕੀਆਂ ਹਨ। ਰਾਜ ਅੰਦਰ ਮੌਜੂਦਾ ਸਮੇਂ ਵਿੱਚ ਜਨਤਕ ਪੱਧਰ ਤੇ ਲੱਛਣਾਂ ਦੇ ਆਧਾਰ ਉਪਰ ਕੋਵਿਡ-19 ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਰਾਜ ਦੇ ਮੈਲਬੋਰਨ ਵਿਖੇ -ਹਿਊਮ ਅਤੇ ਵਿੰਧਮ ਇਲਾਕਿਆਂ ਵਿੱਚ ਕਰੋਨਾ ਦੀ ਸਭ ਤੋਂ ਜ਼ਿਆਦਾ ਮਾਰ ਝੱਲਣੀ ਪਈ ਹੈ ਅਤੇ ਜਦੋਂ ਤੋਂ ਇਹ ਬਿਮਾਰੀ ਸ਼ੁਰੂ ਹੋਈ ਹੈ, ਇੱਕ 6000 ਇਨਫੈਕਸ਼ਨ ਦਰਜ ਕੀਤੇ ਜਾ ਚੁਕੇ ਹਨ। ਰਾਜ ਅੰਦਰ ਇਸ ਬਿਮਾਰੀ ਤੋਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ 819 ਹੈ ਅਤੇ ਕੌਮੀ ਪੱਧਰ ਤੇ ਇਹੀ ਆਂਕੜਾ 907 ਦਾ ਹੈ।