ਵਿਕਟੋਰੀਆ ਅੰਦਰ ਲਗਾਤਾਰ 36 ਦਿਨ -ਕਰੋਨਾ ਦਾ ਕੋਈ ਵੀ ਨਵਾਂ ਮਾਮਲਾ ਦਰਜ ਨਹੀਂ

ਵਿਕਟੋਰੀਆ ਰਾਜ ਅੰਦਰ ਅੱਜ 36ਵਾਂ ਦਿਨ ਹੈ ਕਿ ਕਰੋਨਾ ਦਾ ਕੋਈ ਵੀ ਨਵਾਂ ਮਾਮਲਾ ਅਤੇ ਜਾਂ ਫੇਰ ਇਸ ਭਿਆਨਕ ਬਿਮਾਰੀ ਨਾਲ ਕੋਈ ਵੀ ਕੀਮਤੀ ਜਾਨ ਗੁਆਉਣੀ ਨਹੀਂ ਪਈ ਹੈ। ਆਉਣ ਵਾਲੇ ਐਤਵਾਰ (ਕੱਲ੍ਹ) ਨੂੰ ਫੇਸ ਮਾਸਕ ਆਦਿ ਵਰਗੇ ਨਿਯਮਾਂ ਵਿੱਚ ਬਦਲਾਅ ਦੀਆਂ ਘੋਸ਼ਣਾਵਾਂ ਕੀਤੀਆਂ ਜਾ ਸਕਦੀਆਂ ਹਨ। ਬੀਤੇ 24 ਘੰਟਿਆਂ ਦੋਰਾਨ 7570 ਟੈਸਟ ਵੀ ਕੀਤੇ ਗਏ ਹਨ। ਰਾਜ ਦੀ ਪਾਰਲੀਮਾਨੀ ਕਮਿਟੀ ਨੂੰ ਮੁੱਖ ਸਿਹਤ ਅਧਿਕਾਰੀ ਬਰੈਟ ਸਟਨ ਨੇ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਅਤੇ ਰਾਜ ਦੀ ਸਮੁੱਚੀ ਟੀਮ ਨੇ ਦਿਨ ਰਾਤ ਅਣਥੱਕ ਮੁਸ਼ੱਕਤ ਕਰਦਿਆਂ ਆਹ ਦਿਨ ਹਾਸਿਲ ਕੀਤਾ ਹੈ ਅਤੇ ਹੁਣ ਅਸੀਂ ਅਜਿਹੇ ਪੜਾਅ ਉਪਰ ਆਣ ਖਲੋਤੇ ਹਾਂ ਕਿ ਫੇਸ ਮਾਸਕ ਦਾ ਇਸਤੇਮਾਲ ਸੀਮਿਤ ਖੇਤਰਾਂ ਅੰਦਰ ਹੀ ਕੀਤਾ ਜਾ ਸਕਦਾ ਹੈ ਪਰੰਤੂ ਉਨ੍ਹਾਂ ਇਹ ਵੀ ਕਿਹਾ ਕਿ ਐਤਵਾਰ (ਕੱਲ੍ਹ) ਨੂੰ ਐਲਾਨੇ ਜਾਣ ਵਾਲੇ ਐਜੰਡੇ ਨੂੰ ਨਿਯਤ ਕੀਤਾ ਜਾਣਾ ਹਾਲੇ ਬਾਕੀ ਹੈ। ਰਾਜ ਅੰਦਰ ਇਸ ਵੇਲੇ ਵਿਆਹ ਸ਼ਾਦੀਆਂ ਜਾਂ ਅੰਤਿਮ ਰਸਮਾਂ ਜਿਹੇ ਪ੍ਰੋਗਰਾਮਾਂ ਵਿੱਚ 150 ਵਿਅਕਤੀ ਸ਼ਿਰਕਤ ਕਰ ਸਕਦੇ ਹਨ ਜਾਂ ਨਿਜੀ ਰਿਹਾਇਸ਼ਾਂ ਵਿੱਚ 15 ਲੋਕ ਇਕੱਠੇ ਹੋ ਸਕਦੇ ਹਨ। ਖਾਣ-ਪੀਣ ਆਦਿ ਵਰਗੇ ਰੈਸਟੌਰੈਂਟਾਂ ਵਿੱਚ ਥਾਂ ਦੇ ਮੁਤਾਬਿਕ ਅੰਦਰਵਾਰ ਨੂੰ 150 ਵਿਅਕਤੀ ਅਤੇ ਬਾਹਰਵਾਰ ਵਿੱਚ 300 ਤੱਕ ਲੋਕ ਬੈਠ ਕੇ ਖਾ ਪੀ ਸਕਦੇ ਹਨ ਅਤੇ ਉਕਤ ਥਾਂ ਦੀ ਵਰਗ ਮੀਟਰ ਵਾਲੀ ਸਮਰੱਥਾ ਦਾ ਨਿਯਮ ਕਾਇਮ ਹੈ। ਦਫ਼ਤਰਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਸੀਮਿਤ ਗਿਣਤੀ ਵਿੱਚ ਆਪਣੇ ਕੰਮਾਂ ਉਪਰ ਪਰਤਣ ਦੀ ਆਗਿਆ ਤਾਂ ਬੀਤੇ ਸੋਮਵਾਰ ਤੋਂ ਹੀ ਦਿੱਤੀ ਗਈ ਹੈ ਅਤੇ ਉਮੀਦ ਹੈ ਕਿ ਨਵੇਂ ਸਾਲ ਦੀ ਆਮਦ ਉਪਰ ਜ਼ਿਆਦਾ ਵਰਕਰ ਆਪਣੇ ਆਪਣੇ ਕੰਮਾਂ ਉਪਰ ਪਰਤ ਆਉਣਗੇ।

Install Punjabi Akhbar App

Install
×