ਵਿਕਟੋਰੀਆ ਅੰਦਰ ਕਰੋਨਾ ਟੈਸਟਾਂ ਦੀ ਗਿਣਤੀ ਹੋਈ ਦੁੱਗਣੀ -ਦੱਖਣੀ ਆਸਟ੍ਰੇਲੀਆ ਤੋਂ ਆਉਣ ਵਾਲਿਆਂ ਦੀ ਖਾਸ ਚੈਕਿੰਗ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੈਸ਼ੱਕ ਬੀਤੇ 18 ਦਿਨਾਂ ਅੰਦਰ ਵਿਕਟੋਰੀਆ ਰਾਜ ਅੰਦਰ ਕੋਈ ਵੀ ਕਰੋਨਾ ਦਾ ਨਵਾਂ ਮਾਮਲਾ ਜਾਂ ਮੌਤ ਦਾ ਆਂਕੜਾ ਦਰਜ ਨਹੀਂ ਹੋਇਆ ਪਰੰਤੂ ਸਰਕਾਰ ਅਤੇ ਸਿਹਤ ਅਧਿਕਾਰੀ ਲਗਾਤਾਰ ਇਸ ਗੱਲ ਵੱਲ ਧਿਆਨ ਦੇ ਰਹੇ ਹਨ ਕਿ ਕਿਤੇ ਵੀ ਕੋਈ ਕੋਤਾਹੀ ਵਰਤੀ ਨਾ ਜਾਵੇ। ਬੀਤੇ ਕੱਲ੍ਹ ਸੋਮਵਾਰ ਨੂੰ ਪ੍ਰਾਪਤ ਆਂਕੜਿਆਂ ਵਿੱਚ ਦਰਸਾਇਆ ਗਿਆ ਸੀ ਕਿ ਰਾਜ ਅੰਦਰ 6695 ਕਰੋਨਾ ਟੈਸਟ ਬੀਤੇ 24 ਘੰਟਿਆਂ ਦੌਰਾਨ ਕੀਤੇ ਗਏ ਸਨ ਪਰੰਤੂ ਅੱਜ ਦੇ ਆਂਕੜਿਆਂ ਵਿੱਚ ਬੀਤੇ 24 ਘੰਟਿਆਂ ਦੌਰਾਨ ਕੀਤੀ ਗਈ ਟੈਸਟਾਂ ਦੀ ਗਿਣਤੀ 17,412 ਹੋ ਗਈ ਹੈ ਅਤੇ ਅਧਿਕਾਰੀਆਂ ਵੱਲੋਂ ਇਸ ਨੂੰ ਬਹੁਤ ਵਧੀਆ ਮੰਨਿਆ ਜਾ ਰਿਹਾ ਹੈ ਕਿ ਲੋਕ ਹੁਣ ਆਪ ਹੀ ਆਪਣੇ ਘਰਾਂ ਤੋਂ ਬਾਹਰ ਆ ਕੇ ਆਪਣੇ ਕਰੋਨਾ ਦੇ ਟੈਸਟ ਕਰਵਾ ਰਹੇ ਹਨ। ਮੈਲਬੋਰਨ ਏਅਰਪੋਰਟ ਉਪਰ ਖਾਸ ਕਰਕੇ ਦੱਖਣੀ ਆਸਟ੍ਰੇਲੀਆ ਤੋਂ ਆਉਣ ਵਾਲੇ ਯਾਤਰੀਆਂ ਦੀ ਖਾਸ ਤੌਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਹੁਣੇ ਹੁਣੇ ਦੱਖਣੀ ਆਸਟ੍ਰੇਲੀਆ ਵਿੱਚ ਕੁੱਝ ਮਾਮਲੇ ਕਰੋਨਾ ਦੇ ਸਾਹਮਣੇ ਆਏ ਹਨ ਅਤੇ ਅਹਿਤਿਆਦਨ ਇਹ ਕਦਮ ਜ਼ਰੂਰੀ ਬਣਾ ਲਿਆ ਗਿਆ ਹੈ -ਹਾਲਾਂਕਿ ਦੱਖਣੀ ਆਸਟ੍ਰੇਲੀਆ ਸਰਕਾਰ ਨੇ 1 ਦਿਸੰਬਰ ਤੋਂ ਆਪਣੇ ਬਾਰਡਰ ਖੋਲ੍ਹਣ ਦਾ ਐਲਾਨ ਵੀ ਕੀਤਾ ਹੋਇਆ ਹੈ। ਵਧੀਕ ਮੁੱਖ ਸਿਹਤ ਅਧਿਕਾਰੀ ਐਲਨ ਚੈਂਗ ਅਨੁਸਾਰ ਦੱਖਣੀ ਆਸਟ੍ਰੇਲੀਆ ਤੋਂ ਆਉਣ ਵਾਲੇ ਯਾਤਰੀਆਂ ਤੋਂ ਖਾਸ ਤੌਰ ਤੇ ਉਨ੍ਹਾਂ ਦੀ ਯਾਤਰਾ ਸਬੰਧੀ ਹਿਸਟਰੀ ਪੁੱਛੀ ਜਾਂਦੀ ਹੈ ਅਤੇ ਰਿਕਾਰਡ ਕੀਤਾ ਜਾਂਦਾ ਹੈ ਕਿ ਇਸ ਯਾਤਰਾ ਤੋਂ ਪਹਿਲਾਂ ਉਹ ਕਿੱਥੇ ਕਿੱਥੇ ਗਏ ਸਨ ਅਤੇ ਜੇਕਰ ਕੋਈ ਸ਼ੱਕੀ ਵਿਅਕਤੀ ਦਿਖਾਈ ਦਿੰਦਾ ਹੈ ਤਾਂ ਉਸਨੂੰ ਤੁਰੰਤ 14 ਦਿਨਾਂ ਦੇ ਕੁਆਰਨਟੀਨ ਲਈ ਹਿਕਾ ਜਾਂਦਾ ਹੈ। ਹੁਣ ਜਦੋਂ ਕਿ ਦੱਖਣੀ ਆਸਟ੍ਰੇਲੀਆ ਅੰਦਰ ਕਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਤਾਂ ਵਿਕਟੋਰੀਆਈ ਪ੍ਰੀਮੀਅਰ ਦਾ ਇਹ ਵੀ ਮੰਨਣਾ ਹੈ ਕਿ ਲੋੜ ਪੈਣ ਤੇ ਦੱਖਣੀ ਆਸਟ੍ਰੇਲੀਆ ਨਾਲ ਬਾਰਡਰਾਂ ਉਪਰ ਪਾਬੰਧੀ ਮੁੜ ਤੋਂ ਲਾਗੂ ਕੀਤੀ ਜਾ ਸਕਦੀ ਹੈ।

Install Punjabi Akhbar App

Install
×