ਵਿਕਟੋਰੀਆ ਅੰਦਰ ਕਰੋਨਾ ਦੀਆਂ ਸਥਿਤੀਆਂ ਸ਼ਾਂਤ ਪੂਰਣ -ਰਿਆਇਤਾਂ ਵਾਸਤੇ ਹੁਣ 22 ਨਵੰਬਰ ਦਾ ਇੰਤਜ਼ਾਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਵਿੱਚ ਸੰਤੁਸ਼ਟੀ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੇ ਸਭ ਅਧਿਕਾਰੀਆਂ, ਜਨਤਕ ਸੇਵਾਦਾਰਾਂ ਅਤੇ ਸਮੁੱਚੀ ਜਨਤਾ ਦੀ ਪੁਰਜ਼ੋਰ ਕੋਸ਼ਿਸ਼ ਦੇ ਸਦਕਾ ਅੱਜ ਅਸੀਂ ਇਸ ਮੁਕਾਮ ਉਪਰ ਪਹੁੰਚੇ ਹਾਂ ਕਿ ਬੀਤੇ 15 ਦਿਨਾਂ ਤੋਂ ਰਾਜ ਅੰਦਰ ਕੋਈ ਵੀ ਕਰੋਨਾ ਦਾ ਸਥਾਨਕ ਮਰੀਜ਼ ਨਹੀਂ ਆਇਆ ਅਤੇ ਨਾ ਹੀ ਇਸ ਭਿਆਨਕ ਬਿਮਾਰੀ ਕਾਰਨ ਕੋਈ ਮੌਤ ਹੀ ਹੋਈ ਹੈ। ਹੁਣ ਰਾਜ ਅੰਦਰ ਮਹਿਜ਼ ਤਿੰਨ ਹੀ ਕਰੋਨਾ ਦੇ ਚਲੰਤ ਮਾਮਲੇ ਹਨ ਜਿਨ੍ਹਾਂ ਵਿੱਚ ਦੋ ਗ੍ਰੇਟਰ ਡੈਂਡਨੌਂਗ ਵਿੱਚ ਹਨ ਅਤੇ ਇੱਕ ਕੈਸੇ ਵਿੱਚ। ਬੀਤੇ ਕੱਲ੍ਹ -ਸ਼ੁਕਰਵਾਰ ਨੁੰ 14,614 ਲੋਕਾਂ ਦੇ ਟੈਸਟ ਵੀ ਕੀਤੇ ਗਏ ਹਨ ਕਿਉਂਕਿ ਬੇਸ਼ੱਕ ਹੁਣ ਕਰੋਨਾ ਦੇ ਨਵੇਂ ਮਾਮਲੇ ਦਰਜ ਨਹੀਂ ਹੋ ਰਹੇ ਪਰੰਤੂ ਸਾਨੂੰ ਸਾਵਧਾਨੀ ਦਾ ਪੱਲਾ ਹਮੇਸ਼ਾ ਫੜ੍ਹ ਕੇ ਹੀ ਰੱਖਣਾ ਪਵੇਗਾ ਅਤੇ ਟੈਸਟਾਂ ਤੋਂ ਅਸੀਂ ਮੂੰਹ ਨਹੀਂ ਮੋੜ ਸਕਦੇ। ਉਨ੍ਹਾਂ ਇਹ ਵੀ ਕਿ ਸਰਕਾਰ ਅਤੇ ਜਨਤਕ ਪੱਧਰ ਤੇ ਸਾਰਿਆਂ ਨੂੰ ਹੀ ਹੁਣ 22 ਨਵੰਬਰ ਦਾ ਇੰਤਜ਼ਾਰ ਹੈ ਪਰੰਤੂ ਅਸੀਂ ਸਾਰਿਆਂ ਨੂੰ ਹੀ ਚੇਤੰਨ ਰੱਖਦਿਆਂ ਹੋਇਆਂ ਇਹ ਕਹਿਣਾ ਚਾਹੁੰਦੇ ਹਾਂ ਕਿ ਕੋਈ ਵੀ ਜਲਦਬਾਜ਼ੀ ਦਾ ਫੈਸਲਾ ਨਹੀਂ ਲਿਆ ਜਾਵੇਗਾ ਕਿਉਂਕਿ ਜ਼ੱਰਾ ਜਿੰਨੀ ਵੀ ਅਣਗਹਿਲੀ ਸਾਨੂੰ ਮੁੜ ਤੋਂ ਉਨ੍ਹਾਂ ਰਾਹਾਂ ਉਪਰ ਸੁੱਟ ਸੱਕਦੀ ਹੈ ਜਿੱਥੋਂ ਕਿ ਅਸੀਂ ਬੱਚਦੇ-ਬਚਾਉਂਦੇ ਇੱਥੇ ਆਏ ਹਾਂ। ਦੂਸਰਿਆਂ ਰਾਜਾਂ ਵਿੱਚ ਵਿਛੜੇ ਬੈਠੇ ਲੋਕਾਂ ਵਿੱਚ ਹੁਣ ਉਮੀਦ ਹੈ ਦੋਬਾਰਾ ਤੋਂ ਮਿਲਣ ਦੀ ਕਿਉਂਕਿ 1 ਦਿਸੰਬਰ ਨੂੰ ਬਾਰਡਰ ਖੋਲ੍ਹਣ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਅਤੇ ਐਲਾਨ ਪਹਿਲਾਂ ਹੀ ਕਰ ਦਿੱਤੇ ਗਏ ਹਨ ਅਤੇ ਸਥਿਤੀਆਂ ਦੇ ਨਾਰਮਲ ਰਹਿਣ ਦੀ ਸੂਰਤ ਅੰਦਰ, ਇਸ ਤੋਂ ਬਾਅਦ ਆਉਣ ਵਾਲਿਆਂ ਵਾਸਤੇ ਕੁਆਰਨਟੀਨ ਦੀ ਜ਼ਰੂਰਤ ਵੀ ਨਹੀਂ ਹੋਵੇਗੀ।

Install Punjabi Akhbar App

Install
×