
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਿਹਤ ਅਧਿਕਾਰੀਆਂ ਵੱਲੋਂ ਸਾਂਝੇ ਕੀਤੇ ਗਏ ਆਂਕੜਿਆਂ ਮੁਤਾਬਿਕ ਰਾਜ ਅੰਦਰ ਅੱਜ 29ਵੇਂ ਦਿਨ ਵੀ ਕਰੋਨਾ ਮਾਮਲਿਆਂ ਦਾ ਆਂਕੜਾ ਜ਼ੀਰੋ-ਜ਼ੀਰੋ ਹੀ ਹੈ ਅਤੇ ਜੋ ਅਖੀਰਲਾ ਮਾਮਲਾ ਜ਼ੇਰੇ ਇਲਾਜ ਸੀ, ਨੂੰ ਵੀ ਠੀਕ ਹੋਣ ਪਿੱਛੋਂ ਹਸਪਤਾਲ ਅੰਦਰੋਂ ਬੀਤੇ ਸੋਮਵਾਰ ਹੀ ਡਿਸਚਾਰਜ ਕਰ ਦਿੱਤਾ ਗਿਆ ਸੀ। ਕੁਈਨਜ਼ਲੈਂਡ ਨੇ ਵਿਕਟੋਰੀਆ ਨਾਲ ਆਪਣੇ ਬਾਰਡਰ ਖੋਲ੍ਹਣ ਦਾ ਐਲਾਨ ਆਉਣ ਵਾਲੀ ਦਿਸੰਬਰ ਦੀ 1 ਤਾਰੀਖ ਲਈ ਕਰ ਦਿੱਤਾ ਹੈ ਪਰੰਤੂ ਪੱਛਮੀ ਆਸਟ੍ਰੇਲੀਆ ਰਾਜ ਦੇ ਪ੍ਰੀਮੀਅਰ ਮਾਰਕ ਮੈਕਗੋਵਨ ਦਾ ਕਹਿਣਾ ਹੈ ਕਿ ਹਾਲੇ ਅਸੀਂ ਇੱਕ ਹਫਤਾ ਹੋਰ ਇੰਤਜ਼ਾਰ ਕਰਾਂਗੇ ਅਤੇ ਉਮੀਦ ਕਰਦੇ ਹਾਂ ਕਿ ਫੈਸਲੇ ਜਨਹਿਤ ਵਿੱਚ ਹੀ ਲਏ ਜਾਣਗੇ। ਕੁਈਨਜ਼ਲੈਂਡ, ਗ੍ਰੇਟਰ ਸਿਡਨੀ ਨੂੰ ਤਾਂ 1 ਦਿਸੰਬਰ ਤੋਂ ਹੀ ਆਉਣ ਜਾਣ ਦੀ ਇਜਾਜ਼ਤ ਦੇ ਰਿਹਾ ਹੈ ਪਰੰਤੂ ਐਡੀਲੇਡ ਨੂੰ ਹਾਲੇ ਵੀ ਉਨ੍ਹਾਂ ਨੇ ਹਾਟਸਪਾਟ ਦੀ ਕੈਟਗਰੀ ਵਿੱਚ ਰੱਖਿਆ ਹੋਇਆ ਹੈ। ਉਧਰ ਤਸਮਾਨੀਆ ਨੇ ਵਿਕਟੋਰੀਆ ਨਾਲ ਆਪਣੇ ਬਾਰਡਰ ਬੀਤੇ ਕੱਲ੍ਹ ਸ਼ੂਕਰਵਾਰ ਨੂੰ ਖੋਲ੍ਹ ਦਿੱਤੇ ਹਨ। ਨਿਊ ਸਾਊਥ ਵੇਲਜ਼ ਵਿੱਚ ਵੀ ਲਗਾਤਾਰ ਤਿੰਨ ਹਫ਼ਤਿਆਂ ਤੋਂ ਕਰੋਨਾ ਦਾ ਕੋਈ ਨਵਾਂ ਮਾਮਲਾ ਦਰਜ ਨਹੀਂ ਹੋਇਆ।