ਵਿਕਟੋਰੀਆ ਵੱਲੋਂ ਯੂ.ਕੇ. ਤੋਂ ਆਉਣ ਵਾਲੇ ਕਰੋਨਾ ਦੇ ਨਵੇਂ ਸੰਸਕਰਣ ਕਾਰਨ ਬਾਰਡਰ ਸੀਲ ਕਰਨ ਦੀ ਅਪੀਲ

(ਦ ਏਜ ਮੁਤਾਬਿਕ) ਜਦੋਂ ਕਿ ਨਿਊ ਸਾਊਥ ਵੇਲਜ਼ ਦੇ ਮੁੱਖ ਸਿਹਤ ਅਧਿਕਾਰੀ ਡਾ. ਕੈਰੀ ਚੈਂਟ ਨੇ ਅੱਜ ਖੁਲਾਸਾ ਕੀਤਾ ਹੈ ਕਿ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਸਾਰੇ ਹੀ ਯਾਤਰੀਆਂ ਨੂੰ ਕੁਆਰਨਟੀਨ ਕੀਤਾ ਜਾ ਰਿਹਾ ਹੈ ਅਤੇ ਇਸ ਕਾਰਵਾਈ ਰਾਹੀਂ ਕੋਵਿਡ-19 ਦੇ ਨਵੇਂ ਸੰਸਕਰਣ ਉਪਰ ਵੀ ਨੱਥ ਪਾਉਣ ਦੀ ਕੋਸ਼ਿਸ਼ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਤਾਂ ਉਥੇ ਹੀ ਵਿਕਟੋਰੀਆ ਦੇ ਆਪਾਤਕਾਲੀਨ ਸੇਵਾਵਾਂ ਦੇ ਮੰਤਰੀ ਲਿਜ਼ਾ ਨੇਵਿਲ ਨੇ ਆਸਟ੍ਰੇਲੀਆਈ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿਉਂ ਨਾ ਯੂ.ਕੇ. ਦੇ ਯਾਤਰੀਆਂ ਵਾਸਤੇ ਪੂਰਨ ਤੌਰ ਤੇ ਹਾਲ ਦੀ ਘੜੀ ਪਾਬੰਧੀ ਹੀ ਲਗਾ ਦਿੱਤੀ ਜਾਵੇ ਅਤੇ ਦੇਸ਼ ਦੇ ਸਾਰੇ ਹੀ ਏਅਰਪੋਰਟਾਂ ਨੂੰ ਬ੍ਰਿਟੇਨ ਤੋਂ ਆਉਣ ਵਾਲੀਆਂ ਫਲਾਈਟਾਂ ਲਈ ਸੀਲ ਕਰ ਦਿੱਤਾ ਜਾਵੇ, ਤਾਂ ਜੋ ਕੋਵਿਡ-19 ਦੇ ਇਸ ਨਵੇਂ ਸੰਸਕਰਣ ਤੋਂ ਪੂਰੀ ਤਰ੍ਹਾਂ ਦੇਸ਼ ਅਤੇ ਸਮਾਜ ਦੇ ਲੋਕਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਵਿਕਟੋਰੀਆ ਦੇ ਵਧੀਕ ਮੁੱਖ ਸਿਹਤ ਅਧਿਕਾਰੀ ਪ੍ਰੋਫੈਸਰ ਐਲਨ ਚੈਂਗ, ਇਸ ਬਾਬਤ ਦੇਸ਼ ਦੇ ਹੈਲਥ ਪ੍ਰੋਟੈਕਸ਼ਨ ਪ੍ਰਿੰਸੀਪਲ ਕਮਿਟੀ ਨਾਲ ਰਾਬਤਾ ਕਾਇਮ ਕਰਨ ਜਾ ਰਹੇ ਹਨ ਤਾਂ ਇਸ ਗੱਲ ਬਾਰੇ ਕੋਈ ਠੋਸ ਫੈਸਲਾ ਲਿਆ ਜਾ ਸਕੇ।
ਇਸ ਤੋਂ ਇਲਾਵਾ ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਕਟੋਰੀਆ ਸਰਕਾਰ ਆਉਣ ਵਾਲੀ ਜਨਵਰੀ ਦੀ 11 ਤਾਰੀਖ ਤੋਂ ਸਮੁੱਚੇ ਰਾਜ ਅੰਦਰ ਹੀ ਜਨਤਕ ਸੇਵਾਵਾਂ ਵਾਲੇ ਖੇਤਰਾਂ ਦੇ ਦਫ਼ਤਰਾਂ ਅੰਦਰ 25% ਸਟਾਫ ਦੀ ਹਾਜ਼ਰੀ ਨੂੰ ਲਾਗੂ ਕਰਨ ਜਾ ਰਹੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਆਸਟ੍ਰੇਲੀਅਨ ਓਪਨ ਵਾਸਤੇ ਇੱਕ ਹੋਰ ਹੋਟਲ ਕੁਆਰਨਟੀਨ ਦੀ ਥਾਂ ਵੀ ਸੁਰੱਖਿਅਤ ਕਰ ਲਈ ਗਈ ਹੈ ਕਿਉਂਕਿ ਦ ਵੈਸਟਿਨ ਮੈਲਬੋਰਨ ਵਾਲੇ ਅਪਾਰਟਮੈਂਟ ਦੇ ਮਾਲਿਕਾਂ ਨੇ ਇਸ ਬਿਲਡਿੰਗ ਨੂੰ ਕੁਆਰਨਟੀਨ ਸੈਂਟਰ ਵਜੋਂ ਵਰਤਣ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਸੀ।

Install Punjabi Akhbar App

Install
×