2026 ਦੌਰਾਨ ਕਾਮਨਵੈਲਥ ਖੇਡਾਂ ਹੋਣਗੀਆਂ ਵਿਕਟੌਰੀਆ ਵਿੱਚ -ਡੇਨੀਅਲ ਐਂਡ੍ਰਿਊਜ਼

ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਐਲਾਨ ਕਰਦਿਆਂ ਕਿਹਾ ਹੈ ਕਿ ਸਾਲ 2026 ਦੌਰਾਨ ਹੋਣ ਵਾਲੀਆਂ ਕਾਮਨਵੈਲਥ ਖੇਡਾਂ, ਵਿਕਟੌਰੀਆ ਵਿੱਚ ਚਾਰ ਥਾਂਵਾਂ ਤੇ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਵਾਸਤੇ ਸੀ.ਜੀ.ਐਫ਼. (ਕਾਮਨਵੈਲਥ ਗੇਮਜ਼ ਫੈਡਰੇਸ਼ਨ); ਸੀ.ਜੀ.ਏ. (ਕਾਮਨਵੈਲਥ ਗੇਮਜ਼ ਆਸਟ੍ਰੇਲੀਆ); ਅਤੇ ਵਿਕਟੌਰੀਆ ਸਰਕਾਰ ਦਰਮਿਆਨ ਸਹਿਮਤੀ ਬਣ ਗਈ ਹੈ।
ਇਨ੍ਹਾਂ ਖੇਡਾਂ ਦੀ ਸ਼ੁਰੂਆਤ ਮੈਲਬੋਰਨ ਦੇ ਕ੍ਰਿਕਟ ਗ੍ਰਾਊਂਡ ਤੋਂ ਕੀਤੀ ਜਾਵੇਗੀ।
2026 ਵਿੱਚ ਹੋਣ ਵਾਲੀਆਂ ਕੌਮੀ ਪੱਧਰ ਦੀਆਂ ਖੇਡਾਂ ਮਾਰਚ ਦੇ ਮਹੀਨੇ ਦੌਰਾਨ -ਜੀਲੌਂਗ, ਬੈਂਡਿਗੋ, ਬੈਲਾਰਾਟ ਅਤੇ ਜਿਪਸਲੈਂਡ ਵਿਖੇ ਵੱਖੋ ਵੱਖ ਪੜਾਵਾਂ ਦੌਰਾਨ ਹੋਣਗੀਆਂ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅਸੀਂ ਸਾਲ 2026 ਦੌਰਾਨ ਕਾਮਨਵੈਲਥ ਖੇਡਾਂ ਦੀ ਮੇਜ਼ਬਾਨੀ ਕਰਨ ਜਾ ਰਹੇ ਹਾਂ ਅਤੇ ਉਸ ਪਲ਼ ਦੀ ਅਸੀਂ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ।
ਇਸ ਨਾਲ ਰਾਜ ਵਿੱਚ ਜਿੱਥੇ ਖਿਡਾਰੀਆਂ ਦੇ ਪ੍ਰੋਤਸਾਹਤ ਦਾ ਮੌਕਾ ਮਿਲੇਗਾ ਉਥੇ ਹੀ ਰਾਜ ਵਿੱਚ ਸੈਰ-ਸਪਾਟਾ ਉਦਿਯੋਗ ਦੇ ਨਾਲ ਨਾਲ ਕਲ਼ਾ, ਅਤੇ ਸਭਿਆਚਾਰਕ ਗਤੀਵਿਧੀਆਂ ਆਦਿ ਨੂੰ ਵੀ ਨਵੀਆਂ ਦਿਸ਼ਾਵਾਂ ਅਤੇ ਸ਼ਕਤੀਆਂ ਪ੍ਰਦਾਨ ਹੋਣਗੀਆਂ ਅਤੇ ਕਰੋਨਾ ਕਾਲ ਦੇ ਨੁਕਸਾਨ ਵਿਚੋਂ ਉਭਰਨ ਵਿੱਚ ਮਦਦ ਮਿਲੇਗੀ।
ਸੀ.ਜੀ.ਐਫ਼. ਦੇ ਪ੍ਰਧਾਨ ਡੇਮ ਲੂਇਸ ਨੇ ਇਸ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਵਿਕਟੌਰੀਆਈ ਸਰਕਾਰ ਇਸ ਮੌਕੇ ਨੂੰ ਉਚ ਪੱਧਰੀ ਮਹੱਤਤਾ ਦੇਵੇਗੀ ਅਤੇ ਇਹ ਈਵੈਂਟ ਇੱਕ ਸ਼ਾਨਦਾਰ ਈਵੈਂਟ ਹੋ ਨਿਭੜੇਗਾ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿੱਚ ਸਭ ਤੋਂ ਪਹਿਲਾਂ ਕਾਮਨਵੈਲਥ ਖੇਡਾਂ ਸਿਡਨੀ ਵਿਖੇ 1938 ਵਿੱਚ ਹੋਈਆਂ ਸਨ। ਫੇਰ ਸਾਲ 1962 ਦੌਰਾਨ ਪਰਥ ਵਿੱਚ, 1982 ਦੌਰਾਨ ਬ੍ਰਿਸਬੇਨ ਵਿੱਚ ਅਤੇ ਸਾਲ 2018 ਦੀਆਂ ਖੇਡਾਂ ਗੋਲਡ ਕੋਸਟ ਵਿਖੇ ਹੋਈਆਂ ਸਨ।

Install Punjabi Akhbar App

Install
×