
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਅੱਜ ਦੀ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਕਿਹਾ ਕਿ ਉਤਰੀ ਮੈਲਬੋਰਨ ਵਿੱਚ ਆ ਰਹੇ ਨਵੇਂ ਕੋਵਿਡ-19 ਦੇ ਮਾਮਲਿਆਂ ਕਾਰਨ ਅੱਜ ਐਲਾਨੀਆਂ ਜਾਣ ਵਾਲੀਆਂ ਰਿਆਇਤਾਂ ਨੂੰ ਹਾਲ ਦੀ ਘੜੀ ਟਾਲ਼ ਦਿੱਤਾ ਗਿਆ ਹੈ ਅਤੇ ਇਨ੍ਹਾਂ ਵਾਸਤੇ ਹੁਣ ਸਾਨੂੰ ਕੁੱਝ ਹੋਰ ਸਮਾਂ ਇੰਤਜ਼ਾਰ ਕਰਕੇ ਸਥਿਤੀਆਂ ਨੂੰ ਵਾਚਣਾ ਪਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜਨਤਕ ਪੱਧਰ ਉਪਰ ਸਾਰਿਆਂ ਵਾਸਤੇ ਹੀ ਇਹ ਫੈਸਲਾ ਲਾਹੇਵੰਦ ਹੈ ਕਿਉਂਕਿ ਸਾਰਿਆਂ ਦਾ ਸਿਹਤ ਦਾ ਸਵਾਲ ਹੈ। ਐਲਾਨ ਕਰਦਿਆਂ ਉਨ੍ਹਾਂ ਮੌਜੂਦਾ ਸਥਿਤੀਆਂ ਦਾ ਵਰਣਨ ਕਰਦਿਆਂ ਕਿਹਾ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ, ਕੋਵਿਡ-19 ਦੇ 7 ਨਵੇਂ ਮਾਮਲੇ ਦਰਜ ਹੋਏ ਹਨ ਪਰੰਤੂ ਕੋਈ ਮੌਤ ਨਹੀਂ ਹੋਈ। ਉਨ੍ਹਾਂ ਇਹ ਵੀ ਕਿਹਾ ਕਿ ਕੋਈ ਸ਼ੱਕ ਨਹੀਂ ਕਿ ਮੈਲਬੋਰਨ ਅਤੇ ਬਾਕੀ ਰਾਜ ਦੋਹਾਂ ਦੀ ਹੀ 14 ਦਿਨਾਂ ਦੇ ਚੱਕਰ ਵਾਲੀ ਸਥਿਤੀ ਦੀ ਦਰ ਵੀ 5 ਤੋਂ ਘੱਟ ਹੈ ਪਰੰਤੂ ਆਹ ਨਵੇਂ ਮਾਮਲਿਆਂ ਅਤੇ ਕਲਸਟਰ ਕਾਰਨ ਸਾਨੂੰ ਹਾਲੇ ਇੰਤਜ਼ਾਰ ਕਰਨ ਵਿੱਚ ਹੀ ਸਭ ਦੀ ਭਲਾਈ ਹੈ। ਨਵੇਂ ਕਲਸਟਰ ਤੋਂ ਭਾਵ ਮੈਲਬੋਰਨ ਦੇ ਉਤਰੀ ਸਬਅਰਬਾਂ ਦੇ ਦੋ ਸਕੂਲਾਂ ਦਾ ਜ਼ਿਕਰ ਹੈ ਜਿੱਥੇ ਕਿ ਘੱਟੋ ਘੱਟ 800 ਲੋਕਾਂ ਨੂੰ ਸੈਲਫ ਆਈਸੋਲੇਟ ਕੀਤਾ ਗਿਆ ਹੈ ਅਤੇ ਹੋਰ ਹਜ਼ਾਰਾਂ ਨੂੰ ਇਸ ਬਾਬਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਜ਼ਿਆਦਾਤਰ ਟੈਕਸੀ ਡ੍ਰਾਈਵਰ ਸ਼ਾਮਿਲ ਹਨ।