ਵਿਕਟੌਰੀਆ ਵਿੱਚ ਲਗਾਤਾਰ ਕਰੋਨਾ ਦੇ ਮਾਮਲਿਆਂ ਵਿੱਚ ਵਾਧਾ, ਹੁਣ 847 ਨਵੇਂ ਰਿਕਾਰਡ ਮਾਮਲੇ ਦਰਜ, ਇੱਕ ਮੌਤ

ਜਦੋਂ ਦੀ ਜੂਨ ਮਹੀਨੇ ਤੋਂ ਕਰੋਨਾ ਦੀ ਇਹ ਮੌਜੂਦਾ ਹਨੇਰੀ ਪਈ ਹੈ, ਵਿਕਟੌਰੀਆ ਵਿੱਚ ਹਰ ਰੋਜ਼ ਹੀ ਕਰੋਨਾ ਦੇ ਮਾਮਲਿਆਂ ਦਾ ਆਂਕੜਾ ਪਹਿਲੇ ਦਿਨ ਨਾਲੋਂ ਵੱਧ ਹੀ ਹੋ ਰਿਹਾ ਹੈ। ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ ਰਾਜ ਵਿੱਚ ਕਰੋਨਾ ਦੇ 847 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ ਇੱਕ ਮੌਤ ਹੋ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਇਸ ਸਮੇਂ ਰਾਜ ਭਰ ਵਿੱਚ ਕਰੋਨਾ ਪੀੜਿਤਾਂ ਦੀ ਸੰਖਿਆ 7611 ਹੈ। ਬੀਤੇ 24 ਘੰਟਿਆਂ ਦੌਰਾਨ ਹੀ (ਬੀਤੇ ਕੱਲ੍ਹ, ਸ਼ੁਕਰਵਾਰ ਸ਼ਾਮ ਤੱਕ) ਕਰੋਨਾ ਤੋਂ ਬਚਾਉ ਦੀਆਂ 37220 ਵੈਕਸੀਨਾਂ ਲਗਾਈਆਂ ਗਈਆਂ ਹਨ ਅਤੇ 59000 ਤੋਂ ਵੀ ਜ਼ਿਆਦਾ ਲੋਕਾਂ ਦੇ ਕਰੋਨਾ ਟੈਸਟ ਕੀਤੇ ਗਏ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਰਾਜ ਭਰ ਵਿੱਚ ਲੋਕਾਂ ਨੂੰ ਕਰੋਨਾ ਤੋਂ ਬਚਾਉ ਲਈ ਜਨਤਕ ਤੌਰ ਤੇ ਲਗਾਏ ਜਾਣ ਵਾਲੀ ਵੈਕਸੀਨ ਦਾ 80% ਦਾ ਟੀਚਾ ਹੁਣ ਦੂਰ ਨਹੀਂ ਹੈ ਕਿਉਂਕਿ 76% ਤੋਂ ਉਪਰ ਦੀ ਆਬਾਦੀ ਨੂੰ ਉਕਤ ਟੀਕਾ ਲਗਾਇਆ ਜਾ ਚੁਕਾ ਹੈ।
ਇਸੇ ਦੌਰਾਨ ਮੈਲਬੋਰਨ ਦੇ ਅਜਿਹੇ ਨਿਵਾਸੀਆਂ ਨੂੰ, ਜਿਨ੍ਹਾਂ ਨੂੰ ਕਿ ਵੈਕਸੀਨ ਦੀ ਪੂਰੀ ਡੋਜ਼ ਲੱਗ ਚੁਕੀ ਹੈ, ਹੁਣ ਅਜਿਹੇ ਲੋਕ 15 ਕਿਲੋਮੀਟਰ ਦੇ ਦਾਇਰੇ ਵਿੱਚ ਆਵਾਗਮਨ ਕਰ ਸਕਦੇ ਹਨ।
ਨੋਰਥਕੋਟ ਪਲਾਜ਼ਾ ਅਤੇ ਹੋਰ ਵੀ ਕਈ ਥਾਂਵਾਂ ਉਪਰ, ਲਾਕਡਾਊਨ ਅਤੇ ਲਗਾਈਆਂ ਗਈਆਂ ਪਾਬੰਧੀਆਂ ਦੇ ਖ਼ਿਲਾਫ਼, ਕੁੱਝ ਲੋਕਾਂ ਦਾ ਪ੍ਰਦਰਸ਼ਨ ਵੀ ਜਾਰੀ ਹੈ ਅਤੇ ਪੁਲਿਸ ਅਤੇ ਦੰਗਾ ਰੋਕੂ ਫੋਰਸ ਵੱਲੋਂ ਅਜਿਹੇ ਹੀ 80 ਦੇ ਕਰੀਬ ਲੋਕਾਂ ਦੀ ਭੀੜ ਨੂੰ ਤਿਤਰ ਬਿਤਰ ਕੀਤਾ ਗਿਆ ਅਤੇ 31ਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਵੀ ਕੀਤਾ ਗਿਆ ਹੈ।

Install Punjabi Akhbar App

Install
×