
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵਿਕਟੋਰੀਆ ਵਿਚਲੇ ਹੋਲੀਡੇਅ ਇਨ ਵਾਲਾ ਕਲਸਟਰ ਵਿੱਚ 3 ਦਾ ਇਜ਼ਾਫ਼ਾ ਹੋਣ ਨਾਲ ਸਾਫ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਰਾਜ ਅੰਦਰ ਕਰੋਨਾ ਵਾਲਾ ਸੱਪ ਇੱਕ ਵਾਰੀ ਫੇਰ ਤੋਂ ਆਪਣਾ ਫਨ ਫੈਲਾਈ ਬੈਠਾ ਹੈ ਅਤੇ ਇਸ ਦੇ ਨਾਲ ਹੀ ਉਕਤ ਕਲਸਟਰ ਵਾਲੇ ਮਾਮਲਿਆਂ ਦੀ ਕੁੱਲ ਗਿਣਤੀ ਹੁਣ 22 ਹੋ ਗਈ ਹੈ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ (ਸਥਾਨਕ ਟ੍ਰਾਂਸਮਿਸ਼ਨ ਨਾਲ ਇਨਫੈਕਟਿਡ) 3 ਵਿਅਕਤੀ ਘਰਾਂ ਅੰਦਰ ਹੀ ਪਹਿਲਾਂ ਤੋਂ ਹੀ ਕੁਆਰਨਟੀਨ ਵਿੱਚ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਇਨਫੈਕਸ਼ਨ ਦਾ ਪਹਿਲਾਂ ਹੀ ਪਤਾ ਲੱਗ ਗਿਆ ਸੀ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਆਪਣੇ ਘਰਾਂ ਅੰਦਰ ਹੀ ਕੁਆਰਨਟੀਨ ਕਰ ਲਿਆ ਸੀ। ਇਹ ਤਿੰਨੋ ਵਿਅਕਤੀ ਇੱਕ ਪਰਵਾਰ ਦੇ ਹੀ ਮੈਂਬਰ ਹਨ ਅਤੇ ਜਦੋਂ ਇਨ੍ਹਾਂ ਨੂੰ ਇਨਫੈਕਸ਼ਨ ਹੋਇਆ ਤਾਂ ਉਦੋਂ ਇਹ ਲੋਕ ਮੈਲਬੋਰਨ ਏਅਰਪੋਰਟ ਦੇ ਹੋਟਲ ਹੋਲੀਡੇਅ ਇਨ ਵਿਚ ਤੀਸਰੀ ਮੰਜ਼ਿਲ ਉਪਰ ਠਹਿਰੇ ਸਨ।
ਰਾਜ ਅੰਦਰ ਹੁਣ ਤੱਕ ਬੀ-117 (ਕਰੋਨਾ ਦਾ ਨਵਾਂ ਵੇਰੀਐਂਟ) ਦੇ ਹੁਣ ਤੱਕ 15 ਮਾਮਲੇ ਦਰਜ ਹੋ ਚੁਕੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋਲੀਡੇਅ ਇਨ ਵਾਲੇ ਕਲਸਟਰ ਨਾਲ ਸਬੰਧਤ 3,400 ਦੇ ਕਰੀਬ ਲੋਕਾਂ ਨੂੰ ਆਈਸੋਲੇਟ ਕੀਤਾ ਗਿਆ ਹੈ ਅਤੇ ਹਰ ਸਥਿਤੀ ਨੂੰ ਬੜੀ ਗੌਰ ਨਾਲ ਵਾਚਿਆ ਜਾ ਰਿਹਾ ਹੈ। ਰਾਜ ਅੰਦਰ ਇਸ ਸਮੇਂ ਜਿਹੜੇ ਲੋਕ ਕਰੋਨਾ ਨਾਲ ਲੜਾਈ ਲੜ ਰਹੇ ਹਨ ਉਨ੍ਹਾਂ ਦੀ ਗਿਣਤੀ 27 ਹੋ ਗਈ ਹੈ। ਬੀਤੇ ਕੱਲ੍ਹ (ਵੀਰਵਾਰ) ਨੂੰ 21,292 ਲੋਕਾਂ ਦੇ ਕਰੋਨਾ ਟੈਸਟ ਵੀ ਕੀਤੇ ਗਏ ਹਨ।