ਵਿਕਟੋਰੀਆ ਨੇ ਆਪਣੇ ਦਵਾਰ ਸਿਡਨੀ ਲਈ ਮੁੜ ਤੋਂ ਖੋਲ੍ਹੇ -ਬੀਤੇ 12 ਦਿਨਾਂ ਤੋਂ ਰਾਜ ਅੰਦਰ ਕੋਈ ਵੀ ਕਰੋਨਾ ਦਾ ਸਥਾਨਕ ਨਵਾਂ ਮਾਮਲਾ ਦਰਜ ਨਹੀਂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਅੰਦਰ ਬੀਤੇ 12 ਦਿਨਾਂ ਤੋਂ ਕਰੋਨਾ ਦਾ ਕੋਈ ਵੀ ਸਥਾਨਕ ਮਾਮਲਾ ਦਰਜ ਨਹੀਂ ਹੋਇਆ ਅਤੇ ਇਸ ਵਾਸਤੇ ਸਿਡਨੀ ਦੇ 35 ਖੇਤਰਾਂ ਵਿੱਚੋਂ 25 ਲਈ ਰਾਜ ਦੇ ਦਵਾਰ ਮੁੜ ਤੋਂ ਅੱਜ ਸ਼ਾਮ ਦੇ 6 ਵਜੇ ਤੋਂ ਖੋਲ੍ਹੇ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਲੂ ਮਾਊਂਟੇਨਜ਼ ਅਤੇ ਵੂਲੂਨਗੌਂਗ ਵਰਗੇ ਖੇਤਰਾਂ ਨੂੰ ਵੀ ਹੁਣ ਰੈਡ ਜ਼ੋਨ ਵਿੱਚੋਂ ਘਟਾ ਕੇ ਓਰੇਂਜ ਜ਼ੋਨ ਕਰ ਦਿੱਤਾ ਜਾਵੇਗਾ ਜਦੋਂ ਕਿ ਹੋਰ 16 ਖੇਤਰ ਜਿਹੜੇ ਕਿ ਸੀਮਾਵਾਂ ਦੇ ਨਾਲ ਹੀ ਲੱਗਦੇ ਹਨ, ਨੂੰ ਗ੍ਰੀਨ ਜ਼ੋਨ ਘੋਸ਼ਿਤ ਕਰ ਦਿੱਤਾ ਜਾਵੇਗਾ। ਓਰੇਂਜ ਜ਼ੋਨ ਤੋਂ ਆਉਣ ਵਾਲੇ ਲੋਕਾਂ ਨੂੰ ਹਦਾਇਤ ਹੈ ਕਿ ਉਹ ਵਾਜਿਬ ਆਨਲਾਈਨ ਪਰਮਿਟ ਲੈ ਲੈਣ ਅਤੇ ਇੱਥੇ ਪਹੁੰਚਣ ਦੇ 72 ਘੰਟਿਆਂ ਦੇ ਅੰਦਰ ਅੰਦਰ ਆਪਣਾ ਕਰੋਨਾ ਟੈਸਟ ਕਰਵਾਉਣ। ਉਨ੍ਹਾਂ ਇਹ ਵੀ ਕਿਹਾ ਕਿ ਬਲੈਕਟਾਊਨ, ਬਰਵੁੱਡ, ਕੈਨੇਡਾ ਬੇਅ, ਕੈਂਟਰਬਰੀ-ਬੈਂਕਸਟਾਊਨ, ਕੰਬਰਲੈਂਡ, ਫੇਅਰਫੀਲਡ, ਇਨਰ-ਵੈਸਟ, ਲਿਵਰਪੂਲ, ਪੈਰਾਮਾਟਾ ਅਤੇ ਸਟਾਰਥਫੀਲਡ ਆਦਿ ਇਲਾਕੇ ਹਾਲੇ ਰੈਡ ਜ਼ੋਨ ਵਿੱਚ ਹੀ ਰੱਖੇ ਜਾ ਰਹੇ ਹਨ। ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ 14,000 ਟੈਸਟ ਵੀ ਕੀਤੇ ਗਏ ਹਨ। ਰਾਜ ਅੰਦਰ ਇੱਕ ਟੈਨਿਸ ਖਿਡਾਰੀ ਅਤੇ ਤਿੰਨ ਸਟਾਫ ਮੈਂਬਰ (ਆਸਟ੍ਰੇਲੀਆਈ ਓਪਨ ਟੈਨਿਸ ਦੇ ਬਾਹਰੋਂ ਆਏ ਲੋਕ) ਦੇ ਕਰੋਨਾ ਪਾਜ਼ਿਟਿਵ ਆਉਣ ਕਾਰਨ ਇਹ ਲੋਕ ਹੋਟਲ ਕੁਆਰਨਟੀਨ ਵਿੱਚ ਹਨ ਅਤੇ ਰਾਜ ਅੰਦਰ ਮੌਜੂਦਾ ਸਮੇਂ ਵਿੱਚ ਕਰੋਨਾ ਦੇ ਕੁਲ ਚਲੰਤ ਮਾਮਲੇ 33 ਹਨ।

Install Punjabi Akhbar App

Install
×