ਵਿਕਟੋਰੀਆ ਅੰਦਰ ਲਗਾਤਾਰ ਤੀਸਰੇ ਦਿਨ ਵੀ ਕਰੋਨਾ ਕਾ ਕੋਈ ਸਥਾਨਕ ਮਾਮਲਾ ਦਰਜ ਨਹੀਂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਿਹਤ ਮੰਤਰੀ ਮਾਰਟਿਨ ਫੌਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਅੰਦਰ ਲਗਾਤਾਰ ਤੀਸਰੇ ਦਿਨ ਵੀ ਕੋਵਿਡ-19 ਦਾ ਕੋਈ ਸਥਾਨਕ ਮਾਮਲਾ ਦਰਜ ਨਹੀਂ ਹੋਇਆ ਹੈ ਅਤੇ ਇਹ ਆਂਕੜੇ ਭਵਿੱਖ ਵਿੱਚ ਵੀ ਜਾਰੀ ਰਹਿਣ ਦੀ ਉਮੀਦ ਵੀ ਉਨ੍ਹਾਂ ਵੱਲੋਂ ਜਤਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਸ਼ੁਕਰਵਾਰ ਤੱਕ 17,700 ਤੋਂ ਵੀ ਵੱਧ ਕਰੋਨਾ ਦੇ ਟੈਸਟ ਕੀਤੇ ਗਏ ਹਨ ਅਤੇ ਇਸ ਸਮੇਂ ਰਾਜ ਅੰਦਰ ਕਰੋਨਾ ਦੇ ਚਲੰਤ ਮਾਮਲਿਆਂ ਦੀ ਗਿਣਤੀ 25 ਹੈ। ਇੱਕ ਪਰਵਾਰ ਦੇ ਤਿੰਨ ਮੈਂਬਰਾਂ ਵਾਲੇ ਮਾਮਲੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਕਤ ਪਰਵਾਰ ਦੇ ਦੋ ਮੈਂਬਰ ਮੈਲਬੋਰਨ ਏਅਰਪੋਰਟ ਦੇ ਹੋਟਲ ਹੋਲੀਡੇਅ ਇਨ ਵਿੱਚ ਰਹੇ ਸਨ ਜੋ ਕਿ ਬਾਹਰਲੇ ਦੇਸ਼ ਤੋਂ ਆਏ ਸਨ ਅਤੇ ਉਨ੍ਹਾਂ ਨੇ 7 ਫਰਵਰੀ ਤੋਂ ਹੀ ਆਪਣੇ ਆਪ ਨੂੰ ਆਪਣੇ ਘਰਾਂ ਅੰਦਰ ਆਈਸੋਲੇਟ ਕੀਤਾ ਹੋਇਆ ਹੈ ਕਿਉਂਕਿ ਜਦੋਂ ਉਨ੍ਹਾਂ ਨੂੰ ਇਹ ਖ਼ਬਰ ਮਿਲੀ ਸੀ ਕਿ ਕੁਆਰਨਟੀਨ ਵਾਲੇ ਹੋਟਲ ਦਾ ਇੱਕ ਸਟਾਫ ਮੈਂਬਰ ਕਰੋਨਾ ਪਾਜ਼ਿਟਿਵ ਆਇਆ ਹੈ ਤਾਂ ਉਨ੍ਹਾਂ ਨੇ ਉਦੋਂ ਹੀ ਆਪਣੇ ਆਪ ਨੂੰ ਵੀ ਆਈਸੋਲੇਟ ਕਰ ਲਿਆ ਸੀ। ਜ਼ਿਕਰਯੋਗ ਹੈ ਕਿ ਇਸੇ ਹੋਟਲ ਦੇ ਆਊਟਬ੍ਰੇਕ ਤੋਂ ਬਾਅਦ ਹੀ 5 ਦਿਨਾਂ ਦਾ ਲਾਕਡਾਊਨ ਲਗਾਇਆ ਗਿਆ ਸੀ ਅਤੇ ਹੁਣ ਇਸ ਲਾਕਡਾਊਨ ਨੂੰ ਪੂਰੀ ਤਰ੍ਹਾਂ ਕਾਮਯਾਬ ਵੀ ਮੰਨਿਆ ਜਾ ਰਿਹਾ ਹੈ। ਰਾਜ ਅੰਦਰ ਕੋਵਿਡ ਵੈਕਸੀਨ ਦਾ ਵਿਤਰਣ ਵੀ ਆਉਣ ਵਾਲੇ ਸੋਮਵਾਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਕਈ ਪੜਾਵਾਂ ਰਾਹੀਂ ਇਹ ਦਵਾਈ ਜਨਤਕ ਤੌਰ ਤੇ ਦਿੱਤੀ ਜਾਵੇਗੀ ਜਿਨ੍ਹਾਂ ਵਿੱਚ ਕਿ ਪਹਿਲੇ ਹਫ਼ਤੇ 12,000 ਖੁਰਾਕਾਂ ਅਤੇ ਇਸ ਤੋਂ ਬਾਅਦ ਦੇ ਤਿੰਨ ਹਫਤਿਆਂ ਦੌਰਾਨ 47,000 ਖੁਰਾਕਾਂ ਦਿੱਤੀਆਂ ਜਾਣਗੀਆਂ ਅਤੇ ਕੁੱਲ ਚਾਰ ਹਫ਼ਤਿਆਂ ਅੰਦਰ 59,000 ਖੁਰਾਕਾਂ ਦਾ ਟੀਚਾ ਮਿਥਿਆ ਗਿਆ ਹੈ ਅਤੇ ਇਸ ਦਵਾਈ ਦੇ ਵਿਤਰਣ ਵਾਸਤੇ ਰਾਜ ਦੇ ਐਲਬਰੀ ਵੋਡੌਂਗਾ ਹੈਲਥ, ਬੈਲਾਰਾਟ ਹੈਲਥ, ਬਾਰਵਨ ਹੈਲਥ, ਬੈਂਡਿਗੋ ਹੈਲਥ, ਗੌਲਬਰਨ ਵੈਲੀ ਹੈਲਥ ਅਤੇ ਲੈਟਰੋਬ ਹੈਲਥ ਵਰਗੇ 6 ਸਥਾਨਾਂ ਨੂੰ ਮੁੱਖ ਕੇਂਦਰ ਬਣਾਇਆ ਗਿਆ ਹੈ।

Install Punjabi Akhbar App

Install
×