
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਰਾਜ ਦੇ ਕਾਰਜਕਾਰੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਵਿਕਟੋਰੀਆ ਅੰਦਰ ਬੀਤੇ 24 ਘੰਟਿਆਂ ਦੌਰਾਨ ਦਰਜ ਕੀਤੇ ਗਏ ਕਰੋਨਾ ਦੇ 3 ਮਾਮਲਿਆਂ ਨਾਲ ਹੁਣ ਰਾਜ ਅੰਦਰ ਕੁੱਲ ਕਰੋਨਾ ਦੇ ਮਾਮਲਿਆਂ ਦੀ ਗਿਣਤੀ 36 ਹੋ ਗਈ ਹੈ ਅਤੇ ਇਨ੍ਹਾਂ ਵਿੱਚ 24 ਮਾਮਲੇ ਤਾਂ ਸਥਾਨਕ ਸਥਾਨਾਂਤਰਣ ਦੇ ਹਨ ਅਤੇ ਬਾਕੀ ਦੇ 14 ਮਾਮਲੇ ਹੋਟਲ ਕੁਆਰਨਟੀਨ ਨਾਲ ਸਬੰਧਤ ਹਨ। ਨਵੇਂ 3 ਮਾਮਲੇ ਬਲੈਕ ਰਾਕ ਕਲਸਟਰ ਨਾਲ ਸਬੰਧਤ ਪਾਏ ਗਏ ਹਨ। ਰਾਜ ਅੰਦਰ ਮੁੜ ਤੋਂ ਕਰੋਨਾ ਟੈਸਟਿੰਗ ਸੈਂਟਰਾਂ ਅੱਗੇ ਲੰਬੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਇਹ ਵਧੀਆ ਗੱਲ ਹੈ ਕਿ ਲੋਕ ਇਸ ਪ੍ਰਤੀ ਜਾਗਰੂਕ ਹਨ ਅਤੇ ਆਪਣੀ ਸਿਹਤ ਅਤੇ ਸਮਾਜਿਕ ਸਿਹਤ ਦੀ ਭਲਾਈ ਚਾਹੁੰਦੇ ਹਨ ਅਤੇ ਆਪਣੇ ਆਪਣੇ ਕਰੋਨਾ ਟੈਸਟ ਕਰਵਾਉਣ ਲਈ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਬਲੈਕ ਰਾਕ ਵਾਲੇ ਕਲਸਟਰ ਦਾ ਸਿੱਧਾ ਸਬੰਧ ਨਿਊ ਸਾਊਥ ਵੇਲਜ਼ ਦੇ ਉਤਰੀ ਬੀਚਾਂ ਨਾਲ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਇਹ ਵੀ ਹੈ ਕਿ ਜਦੋਂ ਦੇ ਬਾਰਡਰਾਂ ਉਪਰ ਨਵੀਆਂ ਪਾਬੰਧੀਆਂ ਦੇ ਐਲਾਨ ਹੋਏ ਹਨ ਤਾਂ 60,000 ਤੋਂ ਵੀ ਜ਼ਿਆਦਾ ਵਿਕਟੋਰੀਆਈ ਲੋਕ ਨਿਊ ਸਾਊਥ ਵੇਲਜ਼ ਦੇ ਹਾਟ ਸਪਾਟਾਂ ਤੋਂ ਪਰਤੇ ਹਨ ਅਤੇ ਸਾਰਿਆਂ ਦੀ ਹੀ ਪੜਤਾਲ ਕਰਕੇ -ਕਰੋਨਾ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਬੀਤੇ ਐਤਵਾਰ ਨੂੰ ਤਾਂ 190 ਟੈਸਟਿੰਗ ਕੇਂਦਰਾਂ ਅੰਦਰ ਕਰੋਨਾ ਟੈਸਟ ਕਰਵਾਉਣ ਵਾਲਿਆਂ ਦੀ ਗਿਣਤੀ ਵਿੱਚ ਕਾਫੀ ਇਜ਼ਾਫ਼ਾ ਹੋਇਆ ਹੈ ਅਤੇ ਇਹ ਇਜ਼ਾਫ਼ਾ ਅੱਜ, ਸੋਮਵਾਰ ਦੇ ਦਿਹਾੜੇ ਤੇ ਵੀ ਜਾਰੀ ਹੈ।