ਵਿਕਟੋਰੀਆ ਵਿੱਚ ਵੀ ਕਰੋਨਾ ਦੇ ਨਵੇਂ 3 ਮਾਮਲੇ ਦਰਜ -ਟੈਸਟਿੰਗ ਦੀ ਗਿਣਤੀ ਵਧੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵਿਕਟੋਰੀਆ ਰਾਜ ਅੰਦਰ ਕੋਵਿਡ-19 ਦੇ ਸਥਾਨਕ ਟ੍ਰਾਂਸਮਿਸ਼ਨ ਦੇ ਮਾਮਲਿਆਂ ਦੀ ਗਿਣਤੀ ਵਿੱਚ 3 ਦਾ ਇਜ਼ਾਫਾ ਹੋਇਆ ਹੈ ਪਰੰਤੂ ਇਸ ਦੇ ਨਾਲ ਨਾਲ ਅਧਿਕਾਰੀਆਂ ਦਾ ਮੰਨਣਾ ਹੈ ਕਿ ਲੋਕ ਵਿੱਚ ਆਪਣੇ ਕਰੋਨਾ ਟੈਸਟ ਕਰਵਾਉਣ ਦੀ ਦਰ ਲਗਾਤਾਾਰ ਵੱਧਦੀ ਜਾ ਰਹੀ ਹੈ ਅਤੇ ਇਹ ਇੱਕ ਵਧੀਆ ਸੰਕੇਤ ਹੈ। ਉਪਰੋਕਤ 3 ਮਾਮਲਿਆਂ ਦੇ ਨਾਲ 1 ਹੋਰ ਕਰੋਨਾ ਦਾ ਮਾਮਲਾ ਵੀ ਦਰਜ ਹੋਇਆ ਹੈ ਜੋ ਕਿ ਹੋਟਲ ਕੁਆਰਨਟੀਨ ਨਾਲ ਸਬੰਧਤ ਹੈ। ਸੋਮਵਾਰ (ਬੀਤੇ ਕੱਲ੍ਹ) ਤੱਕ 32,544 ਟੈਸਟ ਕੀਤੇ ਗਏ ਜਿਨ੍ਹਾਂ ਵਿੱਚੋਂ ਉਪਰੋਕਤ 3 ਨਵੇਂ ਮਾਮਲੇ ਪਾਜ਼ਿਟਿਵ ਪਾਏ ਗਏ ਹਨ ਅਤੇ ਹੁਣ ਮੌਜੂਦਾ ਸਮੇਂ ਵਿੱਚ ਰਾਜ ਅੰਦਰ ਕੁੱਲ ਚਲੰਤ ਕਰੋਨਾ ਦੇ ਮਾਮਲਿਆਂ ਦੀ ਗਿਣਤੀ 38 ਹੈ। ਜ਼ਿਕਰਯੋਗ ਇਹ ਵੀ ਹੈ ਕਿ ਨਿਊ ਸਾਊਥ ਵੇਲਜ਼ ਦਾ ਬਾਰਡਰ ਪਾਰ ਕਰਕੇ ਆਉਣ ਵਾਲਿਆਂ ਦੀਆਂ ਅਰਜ਼ੀਆਂ ਵਿੱਚ ਵੀ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ ਅਤੇ ਇਹ ਗਿਣਤੀ ਵੀ ਹੁਣ 2,300 ਤੱਕ ਪਹੁੰਚ ਚੁਕੀ ਹੈ ਪਰੰਤੂ ਅਧਿਕਾਰੀਆਂ ਦਾ ਮੰਨਣਾ ਹੈ ਕਿ ਬੀਤੇ ਐਤਵਾਰ ਤੱਕ ਮਹਿਜ਼ 175 ਲੋਕਾਂ ਨੂੰ ਹੀ ਵਿਕਟੋਰੀਆ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਬਾਕੀ ਸਾਰੇ ਦੇ ਸਾਰੇ ਹੀ ਹਾਲ ਦੀ ਘੜੀ ਕਤਾਰ ਵਿੱਚ ਹਨ। ਟੈਸਟਿੰਗ ਕਮਾਂਡਰ ਜੋਰੀਅਨ ਵੇਮਰ ਦਾ ਕਹਿਣਾ ਹੈ ਕਿ ਇਨ੍ਹਾਂ ਅਰਜ਼ੀਆਂ ਦੀ ਪ੍ਰੋਸੈਸਿੰਗ ਵਾਸਤੇ 24 ਤੋਂ 48 ਘੰਟਿਆਂ ਦਾ ਸਮਾਂ ਲੱਗ ਰਿਹਾ ਹੈ ਅਤੇ ਇਸ ਵਿੱਚ ਮੈਡੀਕਲ ਛੋਟਾਂ ਵਾਲਿਆਂ ਨੂੰ ਜਲਦੀ ਭੇਜਿਆ ਜਾ ਰਿਹਾ ਹੈ। ਖ਼ਬਰਾਂ ਕੁੱਝ ਅਜਿਹੀਆਂ ਵੀ ਆ ਰਹੀਆਂ ਹਨ ਕਿ ਕੁੱਝ ਅਜਿਹੇ ਮਾਪੇ ਵੀ ਬਾਰਡਰਾਂ ਤੇ ਫਸੇ ਹਨ ਜਿਨ੍ਹਾਂ ਦੇ ਅਪਾਹਜ ਬੱਚੇ ਘਰਾਂ ਵਿੱਚ ਇਕੱਲੇ ਹਨ ਅਤੇ ਅਜਿਹੇ ਬੱਚਿਆਂ ਨੂੰ ਤੁਰੰਤ ਉਨ੍ਹਾਂ ਦੇ ਮਾਪਿਆਂ ਦੇ ਸਹਾਰੇ ਦੀ ਜ਼ਰੂਰਤ ਹੈ। ਦੂਸਰੇ ਪਾਸੇ, ਬੀਤੇ ਕੱਲ੍ਹ, ਸੋਮਵਾਰ ਨੂੰ 24 ਕਰੋਨਾ ਦੇ ਮਾਮਲਿਆਂ (ਬਫਲੋ ਸਮਾਈਲ ਥਾਈ ਰੈਸਟੋਰੈਂਟ) ਦਾ ਸਿੱਧਾ ਸੰਬੰਧ ਨਿਊ ਸਾਊਥ ਵੇਲਜ਼ ਵਿਚਲੇ ਕਲਸਟਰਾਂ ਨਾਲ ਜਾ ਜੁੜਿਆ ਹੈ। ਇਸ ਕਾਰਨ 1000 ਤੋਂ ਵੀ ਜ਼ਿਆਦਾ ਲੋਕਾਂ ਨੂੰ ਆਈਸੋਲੇਟ ਕੀਤਾ ਗਿਆ ਹੈ।

Install Punjabi Akhbar App

Install
×