
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੇਸ਼ੱਕ ਵਿਕਟੋਰੀਆ ਰਾਜ ਅੰਦਰ ਲਗਾਤਾਰ ਦੂਸਰੇ ਦਿਨ ਤੱਕ ਵੀ ਕੋਈ ਕਰੋਨਾ ਦਾ ਨਵਾਂ ਮਾਮਲਾ ਦਰਜ ਨਹੀਂ ਹੋਇਆ ਪਰੰਤੂ ਕਰੋਨਾ ਟੈਸਟਿੰਗ ਪੈਥਾਲੋਜੀ ਲੈਬ ਵਿੱਚ ਤਕਨੀਕੀ ਕਾਰਨਾਂ ਕਾਰਨ ਹੋ ਰਹੀ ਦੇਰੀ ਦਾ ਸਿੱਟਾ ਇਹ ਹੈ ਕਿ 10,000 ਦੇ ਕਰੀਬ ਲੋਕ ਇਸ ਇੰਤਜ਼ਾਰ ਵਿੱਚ ਖੜ੍ਹੇ ਹਨ ਕਿ ਕਦੋਂ ਉਨ੍ਹਾਂ ਦਾ ਕਰੋਨਾ ਟੈਸਟ ਦਾ ਨਤੀਜਾ ਉਨ੍ਹਾਂ ਨੂੰ ਮਿਲੇਗਾ ਅਤੇ ਉਹ ਵੀ ਸੁੱਖ ਦਾ ਸਾਹ ਲੈਣਗੇ। ਵੈਸੇ ਰਾਜ ਅੰਦਰ ਇੱਕ ਨਵਾਂ ਮਾਮਲਾ ਦਰਜ ਹੋਇਆ ਵੀ ਹੈ ਪਰੰਤੂ ਉਹ ਹੋਟਲ ਕੁਆਰਨਟੀਨ ਨਾਲ ਸਬੰਧਤ ਹੈ ਅਤੇ ਹੁਣ ਕੁੱਲ ਚਲੰਤ ਮਾਮਲਿਆਂ ਦੀ ਗਿਣਤੀ 39 ਹੋ ਗਈ ਹੈ। ਸਿਹਤ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਪੈਥਾਲੋਜੀ ਲੈਬੋਰਟਰੀ ਦੀ ਤਕਨੀਕੀ ਖਾਮੀ ਦੂਰ ਕਰ ਦਿੱਤੀ ਗਈ ਹੈ ਅਤੇ ਨਤੀਜੇ ਕੱਲ੍ਹ ਦੇ ਆਂਕੜਿਆਂ ਵਿੱਚ ਦਰਸਾਏ ਜਾਣਗੇ। ਇੱਕ ਆਂਕੜਾ ਹੋਰ ਵੀ ਸਾਹਮਣੇ ਆਇਆ ਹੈ ਕਿ ਬੀਤੇ ਦਿਨ ਵੀਰਵਾਰ ਨੂੰ 23,108 ਨਮੂਨੇ ਹੀ ਜਾਂਚੇ ਗਏ ਹਨ ਜੋ ਕਿ ਬੀਤੇ ਚਾਰ ਦਿਨਾਂ ਦੇ 30,000 ਤੋਂ ਉਪਰ ਦੇ ਆਂਕੜਿਆਂ ਤੋਂ ਘੱਟ ਹੀ ਹਨ। ਜ਼ਿਕਰਯੋਗ ਹੈ ਕਿ ਬੀਤੇ ਹਫ਼ਤੇ ਦੌਰਾਨ ਬਲੈਕ ਰਾਕ ਕਲਸਟਰ ਨੂੰ ਕਾਬੂ ਕਰਨ ਵਾਸਤੇ ਰਾਜ ਅੰਦਰ ਤਕਰੀਬਨ 200,000 ਕਰੋਨਾ ਦੇ ਟੈਸਟ ਕੀਤੇ ਗਏ ਹਨ।