
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵਿਕਟੋਰੀਆ ਅੰਦਰ ਬੀਤੇ ਇੱਕ ਹਫ਼ਤੇ ਦੌਰਾਨ ਕੋਈ ਵੀ ਨਵਾਂ ਕਰੋਨਾ ਦਾ ਮਾਮਲਾ ਦਰਜ ਨਹੀਂ ਹੋਇਆ ਪਰੰਤੂ ਸਿਹਤ ਅਧਿਕਾਰੀ ਹਜ਼ਾਰਾਂ ਲੋਕਾਂ ਨੂੰ ਜੋ ਕਿ ਬਾਕਸਿੰਗ ਦਿਹਾੜੇ ਤੇ ਆਸਟ੍ਰੇਲੀਆ-ਭਾਰਤ ਕ੍ਰਿਕਟ ਮੈਚ ਨੂੰ ਦੇਖਣ ਵਾਸਤੇ ਗਏ ਸਨ, ਨੂੰ ਆਪਣੇ ਕਰੋਨਾ ਟੈਸਟ ਕਰਵਾਉਣ ਦੀ ਅਪੀਲ ਦੁਹਰਾਈ ਹੈ। ਸਿਹਤ ਅਧਿਕਾਰੀਆਂ ਦੀ ਟੀਮ ਹਾਲੇ ਵੀ ਇਸ ਪੜਤਾਲ ਵਿੱਚ ਲੱਗੀ ਹੈ ਕਿ ਜਿਹੜਾ ਕਰੋਨਾ ਦਾ ਇੱਕ ਮਾਮਲਾ ਇਸ ਦੌਰਾਨ ਦਰਜ ਹੋਇਆ ਹੈ ਅਸਲ ਵਿੱਚ ਉਸਦਾ ਪਿਛੋਕੜ ਕੀ ਹੈ ਅਤੇ ਉਸਦੀ ਕੜੀ ਕਿੱਥੇ ਜਾ ਕੇ ਜੁੜਦੀ ਹੈ। ਰਾਜ ਅੰਦਰ ਕੁੱਲ ਕਰੋਨਾ ਦੇ 41 ਮਾਮਲੇ ਸਨ ਅਤੇ ਇਨ੍ਹਾਂ ਵਿੱਚੋਂ 3 ਹੁਣ ਠੀਕ ਹੋ ਕੇ ਜਾ ਚੁਕੇ ਹਨ ਅਤੇ ਚਲੰਤ ਮਾਮਲਿਆਂ ਦੀ ਗਿਣਤੀ ਘੱਟ ਕੇ 38 ਰਹਿ ਗਈ ਹੈ। ਇਨ੍ਹਾਂ ਚਲੰਤ ਮਾਮਲਿਆਂ ਵਿੱਚ ਉਕਤ 30ਵਿਆਂ ਸਾਲਾਂ ਦਾ ਵਿਅਕਤੀ ਵੀ ਹੈ ਜਿਸਦੇ ਕਿ ਕਰੋਨਾ ਇਨਫੈਕਸ਼ਨ ਦੀ ਪੜਤਾਲ ਚੱਲ ਰਹੀ ਹੈ। ਬੀਤੇ ਕੱਲ੍ਹ, ਬੁੱਧਵਾਰ ਨੂੰ 32,767 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ ਅਤੇ ਬੀਤੇ 3 ਦਿਨਾਂ ਵਿੱਚ ਅਜਿਹੀ ਜਾਂਚ ਦਾ ਆਂਕੜਾ ਇੱਕ ਲੱਖ ਨੂੰ ਪਾਰ ਕਰ ਗਿਆ ਹੈ।