
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵਿਕਟੋਰੀਆ ਮੁੱਖ ਸਿਹਤ ਅਧਿਕਾਰੀ ਬਰੈਟ ਸਟਨ ਨੇ ਦੱਸਿਆ ਕਿ ਰਾਜ ਅੰਦਰ ਲਾਗਾਤਾਰ ਤੀਜਾ ਦਿਨ ਹੈ ਜਦੋਂ ਕੋਈ ਵੀ ਕਰੋਨਾ ਦਾ ਸਥਾਨਕ ਟ੍ਰਾਂਸਮਿਸ਼ਨ ਦਾ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਪਰੰਤੂ ਹੋਟਲ ਕੁਆਰਨਟੀਨ ਵਾਲੇ ਵਰਕਰ ਦੇ ਇਨਫੈਕਸ਼ਨ ਦੀ ਪੜਤਾਲ ਬਾਰੇ ਉਨ੍ਹਾਂ ਦੱਸਿਆ ਕਿ ਮਾਮਲਾ ਹਾਲੇ ਤੱਕ ਵੀ ਅਣਪਛਾਤਾ ਹੀ ਹੈ ਕਿਉਂਕਿ ਇੰਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਸਦੇ ਅਸਲ ਸ੍ਰੋਤ ਦਾ ਪਤਾ ਲਗਾਇਆ ਨਹੀਂ ਜਾ ਸਕਿਆ। ਉਨ੍ਹਾਂ ਇਹ ਵੀ ਕਿਹਾ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ 15,000 ਕਰੋਨਾ ਟੈਸਟ ਵੀ ਕੀਤੇ ਗਏ ਹਨ ਅਤੇ ਇਸ ਸਮੇਂ ਪੂਰੇ ਰਾਜ ਅੰਦਰ ਹੀ ਕੋਵਿਡ-19 ਦੇ 21 ਚਲੰਤ ਮਾਮਲੇ ਹਨ। ਆਪਾਤਕਾਲੀਨ ਸੇਵਾਵਾਂ ਦੇ ਮੰਤਰੀ ਲੀਜ਼ਾ ਨੇਵਿਲ ਨੇ ਹੋਟਲ ਕੁਆਰਨਟੀਨ ਨਾਲ ਸਬੰਧਤ ਵਰਕਰਾਂ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਿਹਤ ਅਧਿਕਾਰੀ ਸੀ.ਸੀ.ਟੀ.ਵੀ. ਕੈਮਰਿਆਂ ਦੀ ਸਲਾਹ ਦਿੰਦੇ ਹਨ ਤਾਂ ਫੌਰਨ ਇਸ ਉਪਰ ਕੰਮ ਕੀਤਾ ਜਾਵੇਗਾ ਅਤੇ ਕੁਆਰਨਟੀਨ ਵਾਲੇ ਹੋਟਲਾਂ ਦੇ ਹਰ ਇੱਕ ਮੰਜ਼ਿਲ ਉਪਰ ਕੈਮਰੇ ਲਗਾ ਦਿੱਤੇ ਜਾਣਗੇ। ਮੈਲਬੋਰਨ ਦੇ ਗ੍ਰੈ਼ਂਡ ਹਯਾਤ ਹੋਟਲ ਵਿਚਲੇ 26 ਸਾਲਾਂ ਦੇ ਯੂ.ਕੇ. ਵੇਰਿਐਂਟ ਨਾਲ ਪ੍ਰਭਾਵਿਤ ਵਿਅਕਤੀ ਬਾਰੇ ਉਨ੍ਹਾਂ ਕਿਹਾ ਕਿ ਸਿਹਤ ਅਧਿਕਾਰੀਆਂ ਦੀ ਪੁਰਜ਼ੋਰ ਕੋਸ਼ਿਸ਼ ਤੋਂ ਬਾਅਦ ਵੀ ਉਸ ਵੇਰਿਐਂਟ ਦੇ ਅਸਲ ਸ੍ਰੋਤ ਦਾ ਪਤਾ ਲਗਾਇਆ ਨਹੀਂ ਜਾ ਸਕਿਆ ਅਤੇ ਹੁਣ ਇਸ ਦਾ ਪਤਾ ਲਗਾਇਆ ਜਾਣਾ ਸ਼ਾਇਦ ਸੰਭਵ ਨਾ ਹੀ ਹੋ ਸਕੇ ਪਰੰਤੂ ਅਧਿਕਾਰੀ ਹਾਲੇ ਵੀ ਉਸਦੀ ਪੜਤਾਲ ਵਿੱਚ ਰੁੱਝੇ ਹਨ।