ਵਿਕਟੌਰੀਆ ਵਿੱਚ ਕਰੋਨਾ ਦੇ 2297 ਨਵੇਂ ਮਾਮਲੇ ਦਰਜ, 11 ਮੌਤਾਂ

ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗੲੈ ਆਂਕੜਿਆਂ ਮੁਤਾਬਿਕ, ਵਿਕਟੌਰੀਆ ਰਾਜ ਵਿੱਚ ਲੋਕਾਂ ਨੂੰ ਕਰੋਨਾ ਦੇ ਮਾਮਲਿਆਂ ਨਾਲ ਇੱਕ ਹੋਰ ਝਟਕਾ ਲੱਗਿਆ ਹੈ ਅਤੇ ਰਾਜ ਭਰ ਵਿੱਚ ਬੀਤੇ 24 ਘੰਟਿਆਂ ਦੌਰਾਨ ਰਿਕਾਰਡ 2297 ਕਰੋਨਾ ਦੇ ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 11 ਲੋਕਾਂ ਦੇ ਮਾਰੇ ਜਾਣ ਦੀਆਂ ਵੀ ਸੂਚਨਾਵਾਂ ਜਾਰੀ ਕੀਤੀਆਂ ਗਈਆਂ ਹਨ। ਰਾਜ ਵਿੱਚ ਇਸ ਸਮੇਂ ਕਰੋਨਾ ਦੇ 20505 ਮਾਮਲੇ ਦਰਜ ਹਨ ਅਤੇ ਬੀਤੇ 24 ਘੰਟਿਆਂ ਦੌਰਾਨ ਰਾਜ ਭਰ ਵਿੱਚ 82762 ਟੈਸਟ ਵੀ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਬਰਨੈਟ ਅਦਾਰੇ ਵੱਲੋਂ ਜਾਰੀ ਕੀਤੀ ਗਈ ਘੋਸ਼ਣਾ ਵਿੱਚ ਕਿਹਾ ਗਿਆ ਸੀ ਕਿ ਅਕਤੂਬਰ ਮਹੀਨੇ ਦੇ ਮੱਧ ਤੋਂ ਅਖੀਰ ਤੱਕ ਦੇ ਦਿਨਾਂ ਵਿੱਚ ਕਰੋਨਾ ਦੇ 1400 ਤੋਂ 2900 ਮਾਮਲਿਆਂ ਦਾ ਆਂਕੜਾ ਸਾਹਮਣੇ ਆ ਸਕਦਾ ਹੈ ਅਤੇ ਇਸੇ ਤਰ੍ਹਾਂ ਹੀ ਦਿਸੰਬਰ ਦੇ ਮਹੀਨੇ ਵਿੱਚ ਵੀ ਅਜਿਹਾ ਹੀ ਝਟਕਾ ਮੁੜ ਤੋਂ ਲਗ ਸਕਦਾ ਹੈ।
ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਕਿਹਾ ਕਿ ਰਾਜ ਵਿੱਚ ਕਰੋਨਾ ਤੋਂ ਬਚਾਉ ਲਈ ਲਗਾਏ ਜਾ ਰਹੇ ਟੀਕਿਆਂ ਦੀ ਦਰ ਜਦੋਂ 70% ਹੋ ਜਾਵੇਗੀ ਤਾਂ ਫੇਰ ਕਰੋਨਾ ਦੇ ਮਾਮਲਿਆਂ ਵਿੱਚ ਇੱਕਦਮ ਕਮੀ ਆਵੇਗੀ ਅਤੇ ਮੌਜੂਦਾ ਸਮਿਆਂ ਵਿੱਚ ਰਾਜ ਵਿੱਚ 86.7% ਲੋਕਾਂ ਨੂੰ ਕਰੋਨਾ ਵੈਕਸੀਨ ਦੀ ਘੱਟੋ ਘੱਟ ਇੱਕ ਡੋਜ਼ ਲਗ ਚੁਕੀ ਹੈ ਅਤੇ 61.5% ਲੋਕਾਂ ਨੂੰ ਦੋਨੋਂ ਡੋਜ਼ਾਂ ਲਗਾਈਆਂ ਜਾ ਚੁਕੀਆਂ ਹਨ।

Install Punjabi Akhbar App

Install
×